ਨਵੀਂ ਦਿੱਲੀ : – ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਕੀਤੀ ਗਈ ਭ੍ਰਿਸ਼ਟਾਚਾਰ-ਵਿਰੋਧੀ ਮਹਾਸੰਗ੍ਰਾਮ ਰੈਲੀ ਵਿਚ ਜਿਸ ਤਰ੍ਹਾਂ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੇ ਮਹਿੰਗਾਈ ਤੇ ਭ੍ਰਿਸ਼ਟਾਚਾਰ ਦਾ ਵਿਰੋਧ ਕਰਨ ਦੇ ਨਾਂ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁੱਧ ਜ਼ਹਿਰ ਉਗਲਣ ਵਿਚ ਤਾਕਤ ਝੌਂਕੀ ਹੈ, ਉਸ ਤੋਂ ਉਨ੍ਹਾਂ ਦਾ ਸਿੱਖ-ਵਿਰੋਧੀ, ਫਿਰਕੂ ਚਿਹਰਾ ਨੰਗਾ ਹੋ ਕੇ ਸਭ ਦੇ ਸਾਮ੍ਹਣੇ ਆ ਗਿਆ ਹੈ। ਇਹ ਵਿਚਾਰ ਸ.ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿਚ ਪ੍ਰਗਟ ਕੀਤੇ।
ਸ. ਸਰਨਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਨਾ ਤਾਂ ਮਹਿੰਗਾਈ ਨਾਲ ਕੁਝ ਲੈਣਾ ਦੇਣਾ ਹੈ ਤੇ ਨਾ ਹੀ ਭ੍ਰਿਸਟਾਚਾਰ ਦੇ ਨਾਲ, ਕਿਉਂਕਿ ਉਨ੍ਹਾਂ ਦੇ ਆਪਣੇ ਚਿਹਰੇ ਇਨ੍ਹਾਂ ਦੀ ਕਾਲਖ ਨਾਲ ਰੰਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ. ਪੀ. ਸੀ. ਵਿਚ ਇਹ ਮਾਮਲਾ ਲਿਜਾਣ ਦਾ ਉਦੇਸ਼ ਵੀ ਇਸ ਨੂੰ ਲਟਕਾਈ ਰੱਖ ਕੇ ਡਾ.ਮਨਮੋਹਨ ਸਿੰਘ ਦੀ ਸਾਫ-ਸੁੱਥਰੀ ਛਬੀ ਨੂੰ ਖਰਾਬ ਕਰਨ ਲਈ, ਉਨ੍ਹਾਂ ਦੇ ਵਿਰੁੱਧ ਭੜਾਸ ਕੱਢਦਿਆਂ ਰਹਿਣਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਉਨ੍ਹਾਂ ਦਾ ਵਿਰੋਧ ਡਾ. ਮਨਮੋਹਨ ਸਿੰਘ ਦੇ ਨਾਲ ਇਸ ਕਰਕੇ ਹੈ, ਕਿਉਂਕਿ ਉਹ ਇਕ ਘੱਟ-ਗਿਣਤੀ ਤੇ ਉਹ ਵੀ ਸਿੱਖ-ਭਾਈਚਾਰੇ ਨਾਲ ਸਬੰਧਤ ਹਨ, ਜੋ ਕਿ ਭਾਜਪਾਈਆਂ ਲਈ ਅਸਹਿ ਹੈ।
ਸ. ਸਰਨਾ ਨੇ ਆਪਣੇ ਬਿਆਨ ਵਿਚ ਹੋਰ ਕਿਹਾ ਕਿ ਭਾਜਪਾਈਆਂ ਨੂੰ ਇਹ ਦੁੱਖ ਵੀ ਸਲ ਰਿਹਾ ਹੈ, ਕਿ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿਚ ਦੇਸ਼ ਦਿਨ-ਬ-ਦਿਨ ਮਹਾਸ਼ਕਤੀ ਕਿਉਂ ਬਣਦਾ ਜਾ ਰਿਹਾ ਹੈ ਅਤੇ ਅਮਰੀਕਾ, ਰੂਸ, ਬਰਤਾਨੀਆ ਆਦਿ ਸਮੇਤ ਦੁਨੀਆਂ ਦੀਆਂ ਮਹਾਨ ਸ਼ਕਤੀਆਂ, ਡਾ. ਮਨਮੋਹਨ ਸਿੰਘ ਦੇ ਸਾਮ੍ਹਣੇ ਨਤ-ਮਸਤਕ ਹੋ ਕੇ ਉਨ੍ਹਾਂ ਦੀ ਪ੍ਰਸ਼ੰਸਾ ਕਿਉਂ ਕਰ ਰਹੀਆਂ ਹਨ?
ਸ. ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਸਿੱਖ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਵਿਰੁੱਧ ਭਾਜਪਾਈਆਂ ਵਲੋਂ ‘ਮਹਾ ਰੈਲੀ’ ਦੇ ਨਾਂ ਤੇ ਰਚੇ ਗਏ ਅਡੰਬਰ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੀ ਆਪਣੀ ਭਾਈਵਾਲੀ ਦਰਸਾਉਣ ਲਈ ਅੱਗੇ ਆ ਖੜ੍ਹਾ ਹੋਇਆ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਰ ਇਸ ਗੱਲ ਦੀ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਅਡੰਬਰੀ ਮਹਾ ਰੈਲੀ, ਜਿਸ ਵਿਚ ਆਸ ਤੋਂ ਕਿਤੇ ਘੱਟ ਹਾਜ਼ਰੀ ਹੋਣ ਕਾਰਣ ਹੀ ਭਾਜਪਾਈਆਂ ਨੇ ਮੀਡੀਆ ਨੂੰ ਆਪਣੇ ਕੈਮਰਿਆਂ ਦਾ ਮੂੰਹ ਉਸ ਵੱਲ ਕਰਨ ਤੋਂ ਵਰਜੀ ਰੱਖਿਆ, ਵਿਚ ਸਿੱਖਾਂ ਨੇ ਆਪਣੀ ਸ਼ਮੂਲੀਅਤ ਨਾਂ-ਮਾਤਰ ਤੇ ਉਹ ਵੀ ਉਂਗਲੀਆਂ ਤੇ ਗਿਣੀ ਜਾ ਸਕਣ, ਤੱਕ ਸੀਮਤ ਦਰਜ ਕਰਵਾ ਕੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਦਾ ਨਾ ਤਾਂ ਭਾਜਪਾਈਆਂ ਤੇ ਨਾ ਹੀ ਬਾਦਲਕਿਆਂ ਦੇ ਨਾਲ ਕੋਈ ਲੈਣਾ ਦੇਣਾ ਹੈ।