ਨਵੀਂ ਦਿੱਲੀ – ਸਿੱਖ ਕੌਮ ਦੇ ਆਰਥਿਕ ਸਰਮਾਏ ਨੂੰ ਸਰਕਾਰ ਦੇ ਹਵਾਲੇ ਕਰਨ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵਿਵਾਦਿਤ ਵਿਚਾਰ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਕਮੇਟੀ ਕੌਮ ਦੇ ਬੌਧਿਕ ਸਰਮਾਏ ਵਿੱਚ ਗੁਰਮਤਿ ਵਿਰੋਧੀ ਮਿਲਾਵਟ ਕਰਨ ਦੇ ਇਲਜ਼ਾਮ ਵਿੱਚ ਘਿਰ ਗਈ ਹੈ। ਤਾਜ਼ਾ ਮਾਮਲਾ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 17 ਅਪ੍ਰੈਲ 2020 ਨੂੰ ਗੁਰੂ ਗ੍ਰੰਥ ਸਾਹਿਬ ਦੇ ਆਏ ਹੁਕਮਨਾਮੇ ਨੂੰ ਹਿੰਦੀ ਭਾਸ਼ਾ ਵਿੱਚ ਲਿਖਦੇ ਸਮੇਂ ਗ਼ਲਤ ਮਤਲਬ ਲਿਖਣ ਦਾ ਸਾਹਮਣੇ ਆਇਆ ਹੈ। ‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗੁਰਬਾਣੀ ਅਰਥਾਂ ਵਿੱਚ ਗੁਰਮਤ ਵਿਰੋਧੀ ਮਿਲਾਵਟ ਨੂੰ ਕੌਮ ਦਾ ਬੌਧਿਕ ਸਰਮਾਇਆ ਲੁੱਟਣ ਦੀ ਕੋਸ਼ਿਸ਼ ਕਰਾਰ ਦਿੰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਸਲੇ ਉੱਤੇ ਧਿਆਨ ਕਰਨ ਦੀ ਅਪੀਲ ਕੀਤੀ ਹੈ। ਜੀਕੇ ਨੇ ਇਸ ਦੇ ਨਾਲ ਹੀ ਕੌਮ ਦੇ ਬੌਧਿਕ ਸਰਮਾਏ ਨੂੰ ਗੁਰਮਤ ਵਿਰੋਧੀ ਵਿਚਾਰਾਂ ਨਾਲ ਪ੍ਰਦੂਸ਼ਿਤ ਕਰਨ ਨੂੰ ਖ਼ਾਸ ਰਣਨੀਤੀ ਤਹਿਤ ਅੰਜਾਮ ਦਿੱਤੇ ਜਾਉਣ ਦਾ ਖ਼ਦਸ਼ਾ ਜਤਾਉਂਦੇ ਹੋਏ ਸਿਰਸਾ ਨੂੰ ਇਸ ਮਸਲੇ ਉੱਤੇ ਬੋਲਣ ਦੀ ਨਸੀਹਤ ਦਿੱਤੀ ਹੈ।
ਆਪਣੇ ਫੇਸਬੁਕ ਪੇਜ ਉੱਤੇ ਇਸ ਸਬੰਧੀ ਲਾਈਵ ਹੋਏ ਜੀਕੇ ਨੇ ਦੱਸਿਆ ਕਿ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਿੰਦੀ ਦੇ ਹੁਕਮਨਾਮੇ ਬੋਰਡ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ 693 ਉੱਤੇ ਭਗਤ ਨਾਮਦੇਵ ਜੀ ਦੀ ਬਾਣੀ ਤੋਂ 17 ਅਪ੍ਰੈਲ 2020 ਨੂੰ ਆਏ ਹੁਕਮਨਾਮੇ ਦੇ ਲਿਖੇ ਗਏ ਮਤਲਬ ਸਿੱਖ ਸਿਧਾਂਤਾਂ ਅਤੇ ਵਿਚਾਰਧਾਰਾ ਦੇ ਉਲਟ ਸਨ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਵਕਤ ਬਾਣੀ ਦਰਜ ਕਰਦੇ ਹੋਏ, ਜਿਸ ਕਸੌਟੀ ਨੂੰ ਬਾਣੀ ਦਰਜ ਕਰਨ ਦਾ ਆਧਾਰ ਬਣਾਇਆ ਸੀ, ਉਸ ਤੋਂ ਵੀ ਇਹ ਮਤਲਬ ਮੇਲ ਨਹੀਂ ਖਾਂਦੇ। ਨਾਲ ਹੀ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਦੇ ਵੱਲੋਂ ਸਿੱਖ ਧਰਮ ਨੂੰ ਦਸ਼ਾ ਅਤੇ ਦਿਸ਼ਾ ਦੇਣ ਲਈ ਬਣਾਏ ਗਏ ਬੁਨਿਆਦੀ ਸਿਧਾਂਤ ਦਾ ਆਧਾਰ ਮੰਨੇ ਜਾਂਦੇ ‘ਮੂਲ ਮੰਤ੍ਰ’ ਦੀ ਸੋਚ ਅਨੁਸਾਰ ਵੀ ਇਹ ਮਤਲਬ ਠੀਕ ਨਹੀਂ ਹਨ। ਜੀਕੇ ਨੇ ਦਾਅਵਾ ਕੀਤਾ ਕਿ ਬਾਣੀ ਦੇ ਉਕਤ ਗ਼ਲਤ ਮਤਲਬ ਗੁਰੂ ਅਰਜਨ ਸਾਹਿਬ ਦੀ ਸੰਪਾਦਨਾ ਜੁਗਤੀ ਉੱਤੇ ਵੀ ਸਵਾਲੀਆਂ ਨਿਸ਼ਾਨ ਖਡ਼ਾ ਕਰਦੇ ਹਨ। ਗੁਰੂ ਨਾਨਕ ਸਾਹਿਬ ਵੱਲੋਂ ਪਰਮਾਤਮਾ ਰੂਪੀ ਇੱਕ ਓਂਕਾਰ ਦੇ ਅਕਾਲ ਪੁਰਖ ਹੋਣ ਅਤੇ ਜਨਮ-ਮਰਨ ਦੇ ਚੱਕਰ ਤੋਂ ਆਜ਼ਾਦ ਹੋਣ ਦੇ ਕੀਤੇ ਦਾਅਵੇ ਉੱਤੇ ਵੀ ਇਹ ਅਰਥ ਦੇ ਅਨਰਥ ਵਿਵਾਦ ਪੈਦਾ ਕਰਦੇ ਹਨ। ਜੀਕੇ ਨੇ ਜਥੇਦਾਰ ਨੂੰ ਕਮੇਟੀ ਪਾਸੋਂ ਇਹਨਾਂ ਵਿਵਾਦਿਤ ਅਰਥਾਂ ਦੇ ਸਰੋਤ ਦਾ ਪਤਾ ਕਰਨ ਦੀ ਅਪੀਲ ਕਰਦੇ ਹੋਏ ਇਸ ਸਬੰਧੀ ਗੁਰਬਾਣੀ ਦੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਵੱਲੋਂ ਗੁਰਮਤਿ ਅਨੁਸਾਰ ਉਕਤ ਸ਼ਬਦ ਦੇ ਕੀਤੇ ਗਏ ਅਰਥਾਂ ਦਾ ਵੀ ਹਵਾਲਾ ਦਿੱਤਾ। ਜੀਕੇ ਨੇ ਦਾਅਵਾ ਕੀਤਾ ਕਿ ਗੁਰੂ ਅਰਜਨ ਸਾਹਿਬ ਦੇ ਜੀਵਨ ਕਾਲ ਵਿੱਚ ਵੀ ਗੁਰਬਾਣੀ ਵਿੱਚ ਮਿਲਾਵਟ ਕਰਨ ਅਤੇ ਸਮਾਨੰਤਰ ਗੁਰਬਾਣੀ ਰਚਨਾ ਲਈ ਪ੍ਰਥੀਚੰਦ ਅਤੇ ਉਸ ਦੇ ਪੁੱਤ ਮਿਹਰਬਾਨ ਯਤਨਸ਼ੀਲ ਰਹੇ ਸਨ। ਪਰ ਹੁਣ ਟੀਮ ਸਿਰਸਾ ਪ੍ਰਥੀਚੰਦ ਦੀ ਰਾਹ ਤੇ ਕਿਉਂ ਚੱਲ ਰਹੀ ਹੈ, ਸਮਝ ਤੋਂ ਬਾਹਰ ਹੈ।