ਇਸਲਾਮਾਬਾਦ – ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਆਪਣੇ ਬਿਆਨ ਵਿੱਚ ਇਹ ਕਿਹਾ ਕਿ ਭਾਤ ਦੀਆਂ ਹੰਕਾਰ ਨਾਲ ਭਰੀਆਂ ਵਿਸਥਾਰਵਾਦੀ ਨੀਤੀਆਂ ਉਸ ਦੇ ਗਵਾਂਢੀਆਂ ਲਈ ਖ਼ਤਰਾ ਬਣ ਰਹੀਆਂ ਹਨ। ਖਾਨ ਨੇ ਕਿਹਾ ਕਿ ਭਾਰਤ ਸਰਕਾਰ ਨਾ ਕੇਵਲ ਘੱਟ ਗਿਣਤੀਆਂ ਦੇ ਲਈ ਬਲਿਕ ਪੂਰੇ ਖੇਤਰ ਦੇ ਲਈ ਵੀ ਖਤਰਾ ਹੈ। ਖਾਨ ਦੇ ਇਹ ਬਿਆਨ ਉਸ ਸਮੇਂ ਆਏ ਹਨ ਜਦੋਂ ਕਿ ਚੀਨ ਅਤੇ ਭਾਰਤ ਦਰਮਿਆਨ ਲਦਾਖ ਦੇ ਖੇਤਰ ਵਿੱਚ ਸਥਿਤੀ ਤਣਾਅਪੂਰਣ ਬਣੀ ਹੋਈ ਹੈ।
ਖਾਨ ਨੇ ਟਵੀਟ ਕਰਕੇ ਕਿਹਾ, ‘”ਨਾਜ਼ੀ ਵਿਚਾਰਧਾਰਾ ਦੀ ਤਰ੍ਹਾਂ ਭਾਰਤ ਸਰਕਾਰ ਦੀਆਂ ਹੰਕਾਰ ਨਾਲ ਭਰੀਆਂ ਵਿਸਥਾਰਵਾਦੀ ਨੀਤੀਆਂ ਭਾਰਤ ਦੇ ਗਵਾਂਢੀ ਦੇਸ਼ਾਂ ਲਈ ਖ਼ਤਰਾ ਬਣ ਰਹੀਆਂ ਹਨ। ਨਾਗਰਿਕਤਾ ਕਾਨੂੰਨ ਲਿਆ ਕੇ ਬੰਗਲਾ ਦੇਸ਼, ਸੀਮਾ ਵਿਵਾਦ ਦੁਆਰਾ ਨੇਪਾਲ ਅਤੇ ਚੀਨ ਦੇ ਖਿਲਾਫ਼ ਝੂਠੀ ਮੁਹਿੰਮ ਚਲਾ ਕੇ ਪਾਕਿਸਤਾਨ ਦੇ ਵਿਰੁੱਧ ਵੀ ਮੁਸ਼ਕਿਲਾਂ ਪੈਦਾ ਕੀਤੀਆਂ ਜਾ ਰਹੀਆਂ ਹਨ।” ਭਾਰਤ ਅਤੇ ਚੀਨ ਦੇ ਵਿੱਚਕਾਰ 3500 ਕਿਲੋਮੀਟਰ ਲੰਬੀ ਵਾਸਤਵਿਕ ਕੰਟਰੋਲ ਰੇਖਾ ਤੇ ਲਦਾਖ ਅਤੇ ਉਤਰੀ ਸਿਕਮ ਦੇ ਕੁਝ ਇਲਾਕਿਆਂ ਵਿੱਚ ਹਾਲਾਤ ਅਣਸੁਖਾਵੇਂ ਬਣੇ ਹੋਏ ਹਨ।
ਪਾਕਿਸਤਾਨੀ ਪ੍ਰਧਾਨਮੰਤਰੀ ਨੇ ਇਹ ਕਸ਼ਮੀਰ ਸਬੰਧੀ ਵੀ ਭਾਰਤ ਤੇ ਆਰੋਪ ਲਗਾਉਂਦੇ ਹੋਏ ਲਿਿਖਆ ਕਿ ਕਸ਼ਮੀਰ ਤੇ ਵੀ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ ਅਤੇ ਇਹ ਯੁੱਧ ਅਪਰਾਧ ਹੈ। ਵਿਦੇਸ਼ਮੰਤਰੀ ਕੁਰੈਸ਼ੀ ਨੇ ਵੀ ਕਿਹਾ ਹੈ, ‘ਆਪਣੇ ਗਵਾਂਢੀਆਂ ਦੇ ਨਾਲ ਭਾਰਤ ਦੀ ਹਮਲਾਵਰ ਨੀਤੀ ਨਾਲ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖ਼ਤਰਾ ਹੈ।’