ਕੁਦਰਤੀ ਆਫਤਾਂ ਦੇ ਨੁਕਸਾਨ ‘ਤੇ ਲਾਭ

ਕੀ ਕਿਸਾਨ ਅਤੇ ਉਨ੍ਹਾਂ ਦੇ ਸਪੁਤਰ ਪਰਵਾਸੀ ਮਜ਼ਦੂਰਾਂ ਵੱਲੋਂ ਵਾਪਸ ਜਾਣ ਤੋਂ ਬਾਅਦ ਵੀ ਆਪਣੇ ਹੱਥੀਂ ਕੰਮ ਕਰਨ ਤੋਂ ਕਿਨਾਰਾਕਸ਼ੀ ਕਰਨਗੇ ? ਜੇਕਰ ਅਜੇ ਵੀ ਨਾ ਸਮਝੇ ਤਾਂ ਉਨ੍ਹਾਂ ਨੂੰ ਕਰਜ਼ਿਆਂ ਤੋਂ ਮੁਕਤੀ ਨਹੀਂ ਮਿਲ ਸਕਦੀ। ਕਿਸਾਨਾ ਨੂੰ ਵਿਖਾਵੇ ਅਤੇ ਇਕ ਦੂਜੇ ਦੀ ਬਰਾਬਰੀ ਕਰਨ ਵਾਲੇ ਫ਼ਜ਼ੂਲ ਖ਼ਰਚੇ ਦੇ ਸ਼ੌਕਾਂ ਤੋਂ ਖਹਿੜਾ ਛੁਡਾਉਣਾ ਪਵੇਗਾ।  ਪੰਜਾਬ ਵਿਚ ਆਪਣੇ ਖੇਤਾਂ ਵਿਚ ਹੱਥੀਂ ਕੰਮ ਕਰਨ ਤੋਂ ਝਿਜਕਦੇ ਹਨ ਪ੍ਰੰਤੂ ਪਰਵਾਸ ਵਿਚ ਆ ਕੇ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ ਦਾ ਸੰਦੇਸ ਦਿੱਤਾ ਸੀ। ਇਸ ਲਈ ਪੰਜਾਬੀਆਂ ਨੂੰ ਗੁਰੂ ਦੇ ਦੱਸੇ ਮਾਰਗ ਤੇ ਚਲਕੇ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ। ਜਦੋਂ ਕੋਈ ਵੀ ਕੁਦਰਤੀ ਆਫਤ ਆਉਂਦੀ ਹੈ ਤਾਂ ਉਸ ਨਾਲ ਅਣਕਿਆਸਿਆ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਬਿਨਾ ਕਿਸੇ ਚੇਤਾਵਨੀ ਤੇ ਆਉਂਦੀ ਹੈ।

ਇਨਸਾਨ ਤੁਰੰਤ ਕੋਈ ਉਪਾਅ ਵੀ ਨਹੀਂ ਕਰ ਸਕਦਾ ਕਿਉਂਕਿ ਉਪਾਅ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਇਨ੍ਹਾਂ ਕੁਦਰਤੀ ਆਫਤਾਂ ਵਿਚ ਹੋਏ ਨੁਕਸਾਨ ਤੋਂ ਬਾਅਦ ਮਨੁਖਤਾ ਨੂੰ ਕਈ ਤਰ੍ਹਾਂ ਦੇ ਸਬਕ ਵੀ ਮਿਲਦੇ ਹਨ। ਇਹ ਭਵਿਖ ਲਈ ਆਗਾਹ ਵੀ ਕਰ ਦਿੰਦੀਆਂ ਹਨ ਕਿ ਇਨਸਾਨ ਨੇ ਉਨ੍ਹਾਂ ਆਫਤਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ। ਪੰਜਾਬ ਵਿਚ ਹਰੇ ਇਨਕਲਾਬ ਤੋਂ ਬਾਅਦ  ਕਿਸਾਨਾ ਅਤੇ ਮਜ਼ਦੂਰਾਂ ਦੀ ਆਰਥਿਕ ਹਾਲਤ ਮਜ਼ਬੂਤ ਹੋ ਗਈ ਕਿਉਂਕਿ ਰਸਾਇਣਕ ਖਾਦਾਂ ਅਤੇ ਹਾਈਬਰਿਡ ਬੀਜਾਂ ਕਰਕੇ ਫਸਲਾਂ ਦਾ ਝਾੜ ਵੱਧ ਗਿਆ। ਪੰਜਾਬ ਦੇਸ ਦਾ ਖ਼ੁਸ਼ਹਾਲ ਸੂਬਾ ਕਹਾਉਣ ਲੱਗ ਗਿਆ। ਹਰੇ ਇਨਕਲਾਬ ਦੇ ਆਉਣ ਨਾਲ ਨੁਕਸਾਨ ਜ਼ਿਆਦਾ ਹੋ ਗਿਆ ਕਿਉਂਕਿ ਕਿਸਾਨਾ ਦੀ ਵੱਧ ਉਪਜ ਨਾਲ ਵਧੇਰੇ ਪੈਸੇ ਕਮਾਉਣ ਦੀ ਲਾਲਸਾ ਵੱਧ ਗਈ। ਇਸ ਤੋਂ ਇਲਾਵਾ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਕੈਂਸਰ ਵਰਗੀਆਂ ਬੀਮਾਰੀਆਂ ਵੱਧ ਗਈਆਂ। ਜ਼ੀਰੀ ਦੀ ਫਸਲ ਨੇ ਧਰਤੀ ਵਿਚਲੇ ਪਾਣੀ ਨੂੰ ਨੀਵਾਂ ਕਰ ਦਿੱਤਾ। ਇਕ ਪਾਸੇ ਆਮਦਨ ਵੱਧ ਗਈ ਤੇ ਨਾਲ ਹੀ ਖ਼ਰਚੇ ਵੀ ਵੱਧ ਗਏ। ਕਿਸਾਨ ਫੋਕੀ ਵਾਹਵਾ ਸ਼ਾਹਵਾ ਵਿਚ ਗ੍ਰਸਤ ਹੋ ਗਏ। ਕਿਸਾਨਾ ਨੇ ਵਿਆਹਾਂ ਅਤੇ ਭੋਗਾਂ ਤੇ ਅਥਾਹ ਖਰਚੇ ਕਰਨੇ ਸ਼ੁਰੂ ਕਰ ਦਿੱਤੇ। ਕਿਸਾਨ ਨੇ ਐੋਸ਼ ਆਰਾਮ ਦੇ ਸਾਧਨ ਵਰਤਣੇ ਸ਼ੁਰੂ ਕਰ ਦਿੱਤੇ। ਕਿਸਾਨਾ ਦੀ ਨੌਜਵਾਨੀ ਆਪ ਮੁਹਾਰੇ ਹੋ ਗਈ। ਵਰਕ ਕਲਚਰ ਖ਼ਤਮ ਹੋ ਗਿਆ। ਪਰਵਾਸੀ ਮਜ਼ਦੂਰਾਂ ਤੇ ਨਿਰਭਰ ਹੋ ਗਏ।

ਪਰਵਾਸੀ ਲੇਬਰ ਸਸਤੀ ਮਿਲਣ ਕਰਕੇ ਕਿਸਾਨਾ ਦੇ ਪਰਿਵਾਰਾਂ ਖਾਸ ਕਰਕੇ ਨੌਜਵਾਨਾ ਨੇ ਆਪ ਕੰਮ ਕਰਨਾ ਬਿਲਕੁਲ ਹੀ ਬੰਦ ਕਰ ਦਿੱਤਾ। ਮੋਟਰ ਸਾਈਕਲਾਂ, ਟਰੈਕਟਰਾਂ ਅਤੇ ਕਾਰਾਂ ਤੇ ਖੇਤਾਂ ਵਿਚ ਗੇੜੀ ਲਾਉਣੀ ਸ਼ੁਰੂ ਕਰ ਦਿੱਤੀ। ਆਮਦਨ ਵਿਚ ਹਿੱਸਾ ਪਾਉਣ ਦੀ ਥਾਂ ਖ਼ਰਚੇ ਵਧਾ ਲਏ। ਪਿੰਡਾਂ ਦੀ ਲੇਬਰ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸਰਕਾਰ ਨੇ ਵੋਟਾਂ ਵਟੋਰਨ ਦੀ ਸਿਆਸਤ ਕਰਕੇ ਉਨ੍ਹਾਂ ਨੂੰ ਮੁਫ਼ਤਖੋਰੇ ਬਣਾ ਦਿੱਤਾ ਹੈ। ਅਖ਼ੀਰ ਕਿਸਾਨ ਕਰਜ਼ਈ ਹੋ ਗਿਆ। ਆਤਮ ਹੱਤਿਆਵਾਂ ਕਰਨ ਲੱਗ ਪਿਆ। ਹਰੇ ਇਨਕਲਾਬ ਤੋਂ ਪਹਿਲਾਂ ਕਿਸਾਨਾ ਦੀ ਆਮਦਨ ਵੀ ਘੱਟ ਸੀ ਪ੍ਰੰਤੂ ਉਹ ਸੰਤੁਸ਼ਟ ਸਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਨਾਲੇ ਪੜ੍ਹਨ ਜਾਂਦੇ ਸੀ ਅਤੇ ਨਾਲ ਹੀ ਖੇਤੀ ਦਾ ਕੰਮ ਘਰਦਿਆਂ ਨਾਲ ਕਰਵਾਉਂਦੇ ਸੀ। ਬਰਾਨੀ  ਤੇ ਰੇਤਲੀਆਂ ਜ਼ਮੀਨਾ ਵਿਚ ਬਾਜਰੇ ਦਾ ਛਿੱਟਾ ਦੇ ਦਿੰਦੇ ਸੀ। ਜੇਕਰ ਮੀਂਹ ਪੈ ਗਿਆ ਤਾਂ ਵਾਰੇ ਨਿਆਰੇ ਤੇ ਮਾੜੀ ਮੋਟੀ ਆਮਦਨ ਹੋ ਜਾਂਦੀ ਸੀ। ਟਿਬਿਆਂ ਵਿਚ ਕਾਹੀਂ ਹੀ ਖੜ੍ਹੀ ਹੁੰਦੀ ਸੀ। ਕਾਹੀ ਨੂੰ ਚਾਰੇ ਦੇ ਤੌਰ ਤੇ ਵਰਤ ਲੈਂਦੇ ਸੀ। ਕਿਸਾਨ ਫਿਰ ਵੀ ਸੰਤੁਸ਼ਟ ਸੀ। ਇਸੇ ਤਰ੍ਹਾਂ ਕਰੋਨਾ ਦੀ ਬਿਮਾਰੀ ਦੀ ਮਹਾਮਾਰੀ ਦੇ ਭਾਵੇਂ ਨੁਕਸਾਨ ਬਹੁਤ ਹੋਏ ਹਨ ਪ੍ਰੰਤੂ ਉਸਦੇ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ ਸਕਦਾ। ਕਰੋਨਾ ਦੀ ਬੀਮਾਰੀ ਨਾਲ ਪੰਜਾਬ ਨੂੰ ਜਿਥੇ ਬਾਕੀ ਸੂਬਿਆਂ ਦੀ ਤਰ੍ਹਾਂ ਕਰੋਨਾ ਦੀ ਆਫਤ ਦਾ ਆਰਥਿਕ ਨੁਕਸਾਨ ਤਾਂ ਹੋਇਆ ਹੀ ਹੈ ਪ੍ਰੰਤੂ ਪੰਜਾਬ ਨੂੰ ਦੋਹਰੀ ਮਾਰ ਪਈ ਹੈ ਕਿਉਂਕਿ ਏਥੇ ਖੇਤੀਬਾੜੀ ਅਤੇ ਕਾਰਖਾਨਿਆਂ ਵਿਚ ਬਹੁਤਾ ਕੰਮ ਦੂਜੇ ਰਾਜਾਂ ਵਿਚੋਂ ਆਏ ਮਜ਼ਦੂਰ ਕਰਦੇ ਹਨ। ਕਰੋਨਾ ਦੀ ਮਹਾਂਮਾਰੀ ਕਾਰਨ ਸਮੁੱਚੇ ਦੇਸ਼ ਵਿਚ ਲਾਕਡਾਊਨ ਲੱਗਣ ਨਾਲ ਪਰਵਾਸੀ ਮਜ਼ਦੂਰ ਡਰਦੇ ਮਾਰੇ ਆਪੋ ਆਪਣੇ ਸੂਬਿਆਂ ਨੂੰ ਵਾਪਸ ਚਲੇ ਗਏ ਹਨ ਕਿਉਂਕਿ ਲਾਕਡਾਊਨ ਕਰਕੇ ਉਨ੍ਹਾਂ ਨੂੰ ਮਜ਼ਦੂਰੀ ਤੋਂ ਹੱਥ ਧੋਣੇ ਪੈ ਗਏ। ਇਨ੍ਹਾਂ ਗ਼ਰੀਬ ਲੋਕਾਂ ਕੋਲ ਸਰਮਾਇਆ ਨਹੀਂ ਹੁੰਦਾ ਕਿ ਉਹ ਵਿਹਲੇ ਬੈਠ ਕੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ। ਪੰਜਾਬ ਵਿਚ ਭਾਵੇਂ ਉਨ੍ਹਾਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਪ੍ਰੰਤੂ ਕਰੋਨਾ ਦਾ ਹਊਆ ਇਤਨਾ ਸੀ ਕਿ ਉਹ ਆਪਣੇ ਪਰਿਵਾਰਾਂ ਵਿਚ ਜਾਣ ਲਈ ਕੁਝ ਤਾਂ ਪੈਦਲ ਹੀ ਹਜ਼ਾਰਾਂ ਮੀਲ ਦੇ ਸਫਰ ਤੇ ਤੁਰ ਪਏ। ਸਰਕਾਰਾਂ ਨੇ ਵੋਟਾਂ ਦੀ ਸਿਆਸਤ ਕਰਕੇ ਦੂਜੇ ਰਾਜਾਂ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਵਿਚ ਆਪ ਭੇਜਣ ਦੇ ਪ੍ਰਬੰਧ ਕੀਤੇ ਹਨ। ਇਕ ਕਿਸਮ ਨਾਲ ਪੰਜਾਬ ਸਰਕਾਰ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੀ ਹੈ ਕਿਉਂਕਿ ਕਰੋਨਾ ਦਾ ਹਊਆ ਇਤਨਾ ਹੈ ਕਿ ਉਨ੍ਹਾਂ ਨੇ ਮੁੜਕੇ ਜਲਦੀ ਆਉਣਾ ਹੀ ਨਹੀਂ। ਜੀਰੀ ਦੀ ਲਗਾਈ ਸ਼ੁਰੂ ਹੋ ਗਈ ਹੈ।

ਸਨਅਤਾਂ ਬੰਦ ਪਈਆਂ ਹਨ। ਪੰਜਾਬ ਦੀਆਂ ਸਨਅਤੀ ਇਕਾਈਆਂ ਅਤੇ ਖੇਤੀਬਾੜੀ ਦੇ ਕਾਰੋਬਾਰ ਵਿਚ ਪਰਵਾਸੀ ਮਜ਼ਦੂਰਾਂ ਦਾ ਯੋਗਦਾਨ ਮਹੱਤਵਪੂਰਨ ਹੈ। ਲਾਕ ਡਾਊਨ ਦਰਮਿਆਨ ਪੰਜਾਬ ਸਰਕਾਰ ਅਤੇ ਸਵੈਇੱਛਤ ਸੰਸਥਾਵਾਂ ਨੇ ਉਨ੍ਹਾਂ ਨੂੰ ਮੁਫਤ ਖਾਣਾ ਦਿੱਤਾ ਪ੍ਰੰਤੂ ਫਿਰ ਵੀ ਉਹ ਕਰੋਨਾ ਦੇ ਡਰ ਕਰਕੇ ਵਾਪਸ ਜਾਣ ਨੂੰ ਕਾਹਲੇ ਸਨ। ਉਨ੍ਹਾਂ ਵਿਚੋਂ ਕੁਝ ਮਜ਼ਦੂਰ ਤਾਂ ਲੁਕ ਛਿਪਕੇ ਮੁੱਖ ਰਾਹਾਂ ਦੀ ਥਾਂ ਲੁਕਵੇਂ ਰਾਹਾਂ ਵਿਚੋਂ ਪੈਦਲ ਹੀ ਚਲੇ ਗਏ। ਕੁਝ ਰਸਤਿਆਂ ਵਿਚ ਹੀ ਦੁਰਘਟਨਾਵਾਂ ਕਰਕੇ ਮਾਰੇ ਵੀ ਗਏ। ਪੰਜਾਬ ਵਿਚ ਬਾਹਰਲੇ ਸੂਬਿਆਂ ਦੇ 13 ਲੱਖ ਮਜ਼ਦੂਰ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ 11 ਲੱਖ ਮਜ਼ਦੂਰਾਂ ਨੇ ਪੰਜਾਬ ਸਰਕਾਰ ਕੋਲ ਵਾਪਸ ਜਾਣ ਲਈ ਰਜਿਸਟਰੇਸ਼ਨ ਕਰਵਾਈ ਹੈ। 5 ਲੱਖ ਤਾਂ ਪੰਜਾਬ ਸਰਕਾਰ ਨੇ ਰੇਲਾਂ ਰਾਹੀਂ ਭੇਜ ਦਿੱਤੇ ਹਨ। ਬਾਕੀ ਵੀ ਚਲੇ ਜਾਣਗੇ ਪ੍ਰੰਤੂ ਪੰਜਾਬ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਜ਼ਿਮੀਦਾਰਾਂ ਦੇ ਫਰਜੰਦ ਆਪ ਹੱਥੀਂ ਕੰਮ ਨਹੀਂ ਕਰਦੇ। ਅਜਿਹੇ ਹਾਲਾਤ ਵਿਚ ਸਨਅਤਾਂ ਵਿਚ ਵੀ ਪੰਜਾਬੀ ਮਜ਼ਦੂਰ ਕੰਮ ਨਹੀਂ ਕਰ ਸਕਣਗੇ ਕਿਉਂਕਿ ਉਥੇ ਤਾਂ ਸਕਿਲਡ ਲੇਬਰ ਹੀ ਕੰਮ ਕਰ ਸਕਦੀ ਹੈ। ਹੁਣ ਐਨ ਮੌਕੇ ਤੇ ਨਵੇਂ ਮਜ਼ਦੂਰਾਂ ਨੂੰ ਸਿਖਿਅਤ ਕਰਨਾ ਅਸੰਭਵ ਹੈ। ਖੇਤੀਬਾੜੀ ਦਾ ਕੰਮ ਤਾਂ ਹੋਰ ਵੀ ਔਖਾ ਹੋ ਗਿਆ ਕਿਉਂਕਿ ਜੀਰੀ ਲਗਾਉਣ ਦਾ ਸਮਾ ਨਿਸਚਤ ਹੈ। ਉਸਤੋਂ ਬਾਅਦ ਲਗਾਈ ਜੀਰੀ ਝਾੜ ਨਹੀਂ ਦੇਵੇਗੀ। ਪੰਜਾਬੀ ਮਜ਼ਦੂਰ ਵੈਸੇ ਤਾਂ ਕੰਮ ਹੀ ਨਹੀਂ ਕਰਨਗੇ ਪ੍ਰੰਤੂ ਜੇਕਰ ਦੁਨੀਆਂਦਾਰੀ ਕਰਕੇ ਪਿੰਡਾਂ ਦੇ ਕਿਸਾਨਾ ਦਾ ਕੰਮ ਕਰਨਗੇ ਤਾਂ ਜੀਰੀ ਲਗਾਉਣ ਦੀ ਵਧੇਰੇ ਕੀਮਤ ਮੰਗਣਗੇ। ਪੰਚਾਇਤਾਂ ਨੇ ਵੱਧ ਦਰਾਂ ਨਾ ਦੇਣ ਦੇ ਮਤੇ ਪਾ ਕੇ ਨਵੀਂ ਭਸੂੜੀ ਦਾ ਦਿੱਤੀ ਹੈ। ਜਿਹੜੇ ਕਿਸਾਨ ਵੱਧ ਕੀਮਤ ਦੇ ਕੇ ਜੀਰੀ ਲਗਵਾਉਣਗੇ ਉਨ੍ਹਾਂ ਨੂੰ ਜੁਰਮਾਨਾ ਪੰਚਾਇਤਾਂ ਕਰਨਗੀਆਂ ਤੇ ਬਾਈਕਾਟ ਦੇ ਦਬਕੇ ਵੀ ਦਿੱਤੇ ਜਾ ਰਹੇ ਹਨ, ਜਿਸ ਨਾਲ ਭਾਈਚਾਰਕ ਸੰਬੰਧ ਵਿਗੜਨਗੇ। ਪੰਜਾਬ ਦਾ ਕਿਸਾਨ ਕਸੂਤੀ ਸਥਿਤੀ ਵਿਚ ਫਸ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਕਿਸਾਨ ਮਜ਼ਦੂਰਾਂ ਨੂੰ ਵਾਪਸ ਬੁਲਾਉਣ ਲਈ ਬੱਸਾਂ ਭੇਜ ਰਹੇ ਹਨ ਕਿਉਂਕਿ ਨਾ ਤਾਂ ਉਹ ਆਪ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਹੱਥੀਂ ਕੰਮ ਕਰਨਾ ਚਾਹੁੰਦੇ ਹਨ। ਸਨਅਤਕਾਰ ਵੀ ਮਜ਼ਦੂਰਾਂ ਨੂੰ ਵਾਪਸ ਬੁਲਾਉਣ ਦੇ ਉਪਰਾਲੇ ਕਰ ਰਹੇ ਹਨ।

ਕਰੋਨਾ ਦੀ ਮਹਾਮਾਰੀ ਦੇ ਲਾਭ ਵੀ ਹੋਣਗੇ ਕਿਉਂਕਿ ਜਦੋਂ ਜੀਰੀ ਲਾਉਣ ਲਈ ਲੇਬਰ ਨਹੀਂ ਮਿਲੇਗੀ ਤਾਂ ਕਿਸਾਨਾ ਦੇ ਪਰਿਵਾਰਾਂ ਨੂੰ ਮਜ਼ਬੂਰੀ ਵਿਚ ਜੀਰੀ ਖੁਦ ਲਾਉਣੀ ਪਵੇਗੀ। ਜਿਹੜੇ ਕਿਸਾਨ ਪਹਿਲਾਂ ਡੱਕਾ ਵੀ ਨਹੀਂ ਤੋੜਦੇ ਸਨ, ਉਹ ਹੁਣ ਜੀਰੀ ਆਪ ਆਪਣੇ ਹੱਥੀਂ ਲਾਉਣਗੇ। ਜੇ ਨਹੀਂ ਲਾਉਣਗੇ ਤਾਂ ਤਾਂ ਆਰਥਿਕ ਤੌਰ ਤੇ ਤਬਾਹ ਹੋ ਜਾਣਗੇ। ਜਿਹੜਾ ਕਿਸਾਨਾ ਵਿਚ ਵਰਕ ਕਲਚਰ ਖਤਮ ਹੋ ਗਿਆ ਸੀ, ਦੁਬਾਰਾ ਸ਼ੁਰੂ ਹੋਣ ਦੀ ਉਮੀਦ ਬੱਝ ਰਹੀ ਹੈ। ਇਹ ਵੀ ਹੋ ਸਕਦਾ ਕਿ ਸਰਕਾਰ ਜਿਹੜੀ ਕਾਫੀ ਲੰਮੇ ਸਮੇਂ ਤੋਂ ਜੀਰੀ ਤਕਨੀਕੀ ਢੰਗ (ਮਸ਼ੀਨਾ) ਨਾਲ ਲਾਉਣ ਤੇ ਜ਼ੋਰ ਪਾ ਰਹੀ ਸੀ, ਹੁਣ ਮਜ਼ਬੂਰੀ ਵਸ ਕਿਸਾਨ ਮਸ਼ੀਨਾ ਨਾਲ ਜੀਰੀ ਲਾਉਣ ਲੱਗ ਜਾਣ। ਇਹ ਵੀ ਹੋ ਸਕਦਾ ਹੈ ਕਿ ਪਨੀਰੀ ਦੀ ਥਾਂ ਤੇ ਕਿਸਾਨ ਸਿੱਧੀ ਜੀਰੀ ਬੀਜਣ ਲੱਗ ਜਾਣ।  ਬਦਲਵੀਆਂ ਫਸਲਾਂ ਬੀਜਣ ਲਈ ਸਰਕਾਰ ਕਿਸਾਨਾ ਨੂੰ ਪ੍ਰੇਰਤ ਕਰਨ ਵਿਚ ਭਾਵੇਂ ਹੁਣ ਤੱਕ ਫੇਲ੍ਹ ਰਹੀ ਹੈ, ਹੁਣ ਕਰੋਨਾ ਦੀ ਮਾਰ ਅਤੇ ਮਜ਼ਦੂਰਾਂ ਦੀ ਅਣਹੋਂਦ ਕਰਕੇ ਕਪਾਹ, ਨਰਮਾ, ਮੱਕੀ ਜਾਂ ਬਾਗ ਲਗਾਉਣ ਲੱਗ ਜਾਣ।  ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇਕਰ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਹੱਥੀਂ ਕੰਮ ਕਰਨ ਲੱਗ ਜਾਣ। ਲਾਕਡਾਊਨ ਕਰਕੇ ਹਵਾ ਪਲੀਤ ਹੋਣ ਤੋਂ ਬਚ ਗਈ ਜਿਸ ਕਰਕੇ ਹੋਰ ਬਿਮਾਰੀਆਂ ਤੋਂ ਛੁਟਕਾਰਾ ਮਿਲ ਗਿਆ ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ। ਇਸ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਕੁਝ ਨਾ ਕੁਝ ਤਬਦੀਲੀ ਤਾਂ ਆਵੇਗੀ ਹੀ ਜੋ ਕਿ ਕਿਸਾਨਾ, ਆਮ ਲੋਕਾਂ ਅਤੇ ਸਰਕਾਰ ਲਈ ਸ਼ੁਭ ਸ਼ਗਨ ਹੋਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>