ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਲਵਾਨ ਘਾਟੀ ਵਿੱਚ ਭਾਰਤ-ਚੀਨ ਦੇ ਸੈਨਿਕਾਂ ਦਰਮਿਆਨ ਹੋਈ ਝੜਪ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੈਨਿਕਾਂ ਨੂੰ ਹੱਥਿਆਰ ਚਲਾਉਣ ਦੀ ਆਗਿਆ ਕਿਉਂ ਨਹੀਂ ਦਿੱਤੀ ਗਈ। ਮੁੱਖਮੰਤਰੀ ਨੇ ਕਿਹਾ ਕਿ ਦੇਸ਼ ਇਹ ਜਾਨਣਾ ਚਾਹੁੰਦਾ ਹੈ ਕਿ ਸਾਡੀ ਸੈਨਾ ਵੱਲੋਂ ਗੋਲੀ ਕਿਉਂ ਨਹੀਂ ਚਲਾਈ ਗਈ?
ਕੈਪਟਨ ਅਮਰਿੰਦਰ ਸਿੰਘ ਨੇ ਲਦਾਖ ਦੀ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੇ ਅਫਸੋਸ ਜਾਹਿਰ ਕੀਤਾ। ਉਨ੍ਹਾਂ ਨੇ ਇਸ ਘਟਨਾ ਨੂੰ ਬਹੁਤ ਹੀ ਦਰਦਨਾਕ ਅਤੇ ਵਹਿਸ਼ੀ ਕਰਾਰ ਦਿੱਤਾ। ਉਨ੍ਹਾਂ ਨੇ ਇਸ ਘਟਨਾ ਦੀ ਜਿੰਮੇਵਾਰੀ ਤੈਅ ਕਰਨ ਦੀ ਵੀ ਮੰਗ ਕਰਦੇ ਹੋਏ ਕਿਹਾ ਕਿ ਦੇਸ਼ ਸਹੀ ਜਵਾਬ ਦੀ ਉਮੀਦ ਵਿੱਚ ਹੈ। ਕੈਪਟਨ ਨੇ ਕਿਹਾ ਕਿ ਜੇ ਯੂਨਿਟ ਦੇ ਕੋਲ ਹੱਥਿਆਰ ਸਨ ਤਾਂ ਸੈਕਿੰਡ-ਇਨ-ਕਮਾਂਡ ਕਰਨ ਵਾਲੇ ਨੂੰ ਚੀਨੀ ਸੈਨਾ ਦੀ ਧੋਖੇਬਾਜ਼ੀ ਦੇ ਬਾਅਦ ਫਾਇਰਿੰਗ ਦੇ ਆਦੇਸ਼ ਦੇਣੇ ਚਾਹੀਦੇ ਸਨ।
ਉਨ੍ਹਾਂ ਨੇ ਕਿਹਾ ਕਿ ਹਰ ਫੌਜੀ ਅਤੇ ਦੇਸ਼ਵਾਸੀ ਇਹ ਜਾਨਣਾ ਚਾਹੁੰਦਾ ਹੈ ਕਿ ਉਥੇ ਅਸਲ ਵਿੱਚ ਕੀ ਵਾਪਰਿਆ ਸੀ। ਇਸ ਮਾਮਲੇ ਵਿੱਚ ਸਾਡੀ ਇੰਟੈਲੀਜੈਂਸ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈ ਹੈ। ਕੈਪਟਨ ਨੇ ਕਿਹਾ ਕਿ ਚੀਨ ਨੂੰ ਸਖਤ ਸੁਨੇਹਾ ਦੇਣਾ ਚਾਹੀਦਾ ਹੈ ਕਿ ਅਸੀਂ ਧੋਖੇ ਨੂੰ ਬਰਦਾਸ਼ਤ ਨਹੀਂ ਕਰਾਂਗੇ।