ਦੁਨੀਆ ਹੱਸਦੀ ਵਸਦੀ ਚੰਗੀ ਲਗਦੀ ਹੈ।
ਅੱਜ ਕੱਲ੍ਹ ਦਹਿਸ਼ਤ ਦੀ ਇਹ ਡੰਗੀ ਲਗਦੀ ਹੈ।
ਜਿੱਦਾਂ ਕੁਦਰਤ ਖੂੰਜੇ ਬੰਦਾ ਲਾਉਂਦਾ ਸੀ,
ਓਦਾਂ ਕੁਦਰਤ ਅੱਜ ਨਿਸੰਗੀ ਲਗਦੀ ਹੈ।
ਕੁਦਰਤ ਕੀਤਾ ਹਮਲਾ ਤੇ ਸਹਮੀ ਦੁਨੀਆ,
ਇਹ ਦਹਿਸ਼ਤ ਤਾਂ ਪੂਰੀ ਜੰਗੀ ਲਗਦੀ ਹੈ।
ਮੌਤ ਬਿਮਾਰੀ ਬਣਕੇ ਦਰ ਦਰ ਜਾ ਢੁੱਕੀ,
ਮੌਤ ਕਿਸੇ ਨਾ ਦਰ ਤੋਂ ਸੰਗੀ ਲਗਦੀ ਹੈ।
ਛੋਟੇ ਵੱਡੇ ਹੱਲ ਮੁਸੀਬਤ ਦਾ ਲੱਭਦੇ,
ਚੰਗੀ ਦੁਨੀਆ ਹਿੰਮਤੀ ਢੰਗੀ ਲਗਦੀ ਹੈ।
ਰਾਸ਼ਨ ਪਾਣੀ ਮੁੱਕਿਆ ਕੋਲ ਗਰੀਬਾਂ ਦੇ,
ਨਿੱਤ ਕਮਾਉਂਦੇ ਨੂੰ ਤਾਂ ਤੰਗੀ ਲਗਦੀ ਹੈ।
ਮਾਂ ਅਪਣੇ ਜਾਏ ਦੀ ਖੈਰ ਮਨਾਵੇ ਤੇ,
ਫਿਕਰਾਂ ਵਾਲੀ ਸੂਲੀ ਟੰਗੀ ਲਗਦੀ ਹੈ।
ਦਾਨ ਕਰੇਂਦਾ ਕੋਈ ਤੇ ਕੋਈ ਲੁੱਟਦਾ,
ਦੁਨੀਆ ਤੇਰੀ ਇਹ ਬਹੁ ਰੰਗੀ ਲਗਦੀ ਹੈ।