ਕਰਾਚੀ – ਪਾਕਿਸਤਾਨ ਦੇ ਕਰਾਚੀ ਸਟਾਕ ਐਕਸਚੇਂਜ ਤੇ ਸੋਮਵਾਰ ਦੀ ਸਵੇਰ ਨੂੰ 7 ਵਜੇ ਦੇ ਕਰੀਬ ਹੱਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਚਾਰ ਅੱਤਵਾਦੀਆਂ ਸਮੇਤ 11 ਲੋਕ ਮਾਰੇ ਗਏ ਹਨ ਅਤੇ 7 ਜਖਮੀ ਹੋਏ ਹਨ। ਮਰਨ ਵਾਲਿਆਂ ਵਿੱਚ ਇੱਕ ਪੁਲਿਸ ਅਫ਼ਸਰ ਅਤੇ ਚਾਰ ਸਕਿਊਰਿਟੀ ਗਾਰਡ ਵੀ ਸ਼ਾਮਿਲ ਹਨ। ਅੱਤਵਾਦੀ ਐਕਸਚੇਂਜ ਇਮਾਰਤ ਦੇ ਅੰਦਰ ਜਾਣਾ ਚਾਹੁੰਦੇ ਸਨ ਪਰ ਸਫਲ ਨਹੀਂ ਹੋ ਸਕੇ। ਪੁਲਿਸ ਨੇ ਭਾਰੀ ਮਾਤਰਾ ਵਿੱਚ ਆਧੁਨਿਕ ਹੱਥਿਆਰ, ਹੈਂਡ ਗਰਨੇਡ ਅਤੇ ਗੋਲਾ-ਬਾਰੂਦ ਜ਼ਬਤ ਕੀਤਾ ਹੈ।
ਕਰਾਚੀ ਸਟਾਕ ਐਕਸਚੇਂਜ ਪਾਕਿਸਤਾਨ ਦੀ ਸੱਭ ਤੋਂ ਵੱਡੀ ਸਟਾਕ ਮਾਰਕਿਟ ਹੈ ਅਤੇ ਇਹ ਕਰਾਚੀ ਦੇ ਸੱਭ ਤੋਂ ਬਿਜ਼ੀ ਹਾਈਵੇ ਤੇ ਵਾਲ ਸਟਰੀਟ ਰੋਡ ਤੇ ਸਥਿਤ ਹੈ। ਸੁਰੱਖਿਆ ਫੋਰਸ ਵੱਲੋਂ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਈਦੀ ਫਾਊਂਡੇਸ਼ਨ ਦੇ ਵਾਲੰਟੀਅਰਜ਼ ਨੇ ਵੀ ਘਟਨਾ ਸਥਾਨ ਤੇ ਪਹੁੰਚ ਕੇ ਲੋੜੀਂਦੀ ਮੱਦਦ ਕੀਤੀ। ਐਕਸਚੇਂਜ ਦੇ ਡਾਇਰੈਕਟਰ ਫਾਰੂਕ ਖਾਨ ਅਨੁਸਾਰ ਸੋਮਵਾਰ ਨੂੰ ਇੱਥੇ ਆਮ ਦਿਨਾਂ ਨਾਲੋਂ ਘੱਟ ਭੀੜ ਸੀ। ਕੋਵਿੱਡ-19 ਦੇ ਚੱਲਦੇ ਜਿਆਦਾਤਰ ਕਰਮਚਾਰੀ ਘਰਾਂ ਤੋਂ ਕੰਮ ਕਰ ਰਹੇ ਸਨ। ਆਮ ਤੌਰ ਤੇ ਇੱਥੇ 6 ਹਜ਼ਾਰ ਲੋਕ ਹੁੰਦੇ ਹਨ।
ਬਲੋਚ ਲਿਬਰੇਸ਼ਨ ਆਰਮੀ ਦੇ ਅੱਤਵਾਦੀ ਸੰਗਠਨ ਨੇ ਇਸ ਵਾਰਦਾਤ ਦੀ ਜਿੰਮੇਵਾਰੀ ਲਈ ਹੈ। ਹਮਲਾਵਰਾਂ ਕੋਲੋਂ ਖਾਣੇ ਦੇ ਪੈਕਟ ਵੀ ਮਿਲੇ ਹਨ। ਜਿਸ ਤੋਂ ਪਤਾ ਚਲਦਾ ਹੈ ਕਿ ਉਹ ਲੰਬੇ ਸਮੇਂ ਤੱਕ ਘੇਰਾਬੰਦੀ ਕਰਨ ਦੇ ਇਰਾਦੇ ਨਾਲ ਆਏ ਸਨ।