ਫ਼ਤਹਿਗੜ੍ਹ ਸਾਹਿਬ – “ਇੰਡੀਆ ਅਤੇ ਪੰਜਾਬ ਦੇ ਸਮੁੱਚੇ ਮਾਲੀ, ਸਮਾਜਿਕ, ਭੂਗੋਲਿਕ, ਇਖ਼ਲਾਕੀ ਹਾਲਾਤ ਬਹੁਤ ਤੇਜ਼ੀ ਨਾਲ ਇਸ ਕਰਕੇ ਵਿਸਫੋਟਕ ਬਣਦੇ ਜਾਂਦੇ ਹਨ ਕਿਉਂਕਿ ਸੈਂਟਰ ਵਿਚ ਰਾਜਭਾਗ ਚਲਾਉਣ ਵਾਲੇ ਹਿੰਦੂ ਹੁਕਮਰਾਨ ਅਤੇ ਸਿਆਸਤਦਾਨਾਂ ਦੀ ਇਹ ਸੋਚ ਹੀ ਪ੍ਰਬਲ ਰਹਿੰਦੀ ਹੈ ਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਹੀ ਦਿਸ਼ਾ ਵੱਲ ਅਤੇ ਸਹੀ ਢੰਗ ਨਾਲ ਅੱਗੇ ਵੱਧਣ, ਪ੍ਰਫੁੱਲਿਤ ਹੋਣ ਤੋਂ ਸਾਜ਼ਿਸਾਂ ਰਾਹੀ ਰੋਕਿਆ ਜਾਵੇ। ਤਾਂ ਕਿ ਪੰਜਾਬੀ ਅਤੇ ਸਿੱਖ ਕੌਮ ਨਾ ਤਾਂ ਮਾਲੀ ਤੌਰ ਤੇ ਮਜ਼ਬੂਤ ਹੋ ਸਕਣ ਅਤੇ ਨਾ ਹੀ ਉਹ 1947 ਸਮੇਂ ਹਿੰਦੂ ਆਗੂਆਂ ਨਾਲ ਵਾਅਦੇ ਅਨੁਸਾਰ ਆਪਣਾ ਆਜ਼ਾਦ ਖਿੱਤਾ ‘ਖ਼ਾਲਿਸਤਾਨ’ ਬਣਾਉਣ ਲਈ ਕੋਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਲਹਿਰ ਚਲਾਉਣ ਵਿਚ ਕਾਮਯਾਬ ਹੋ ਸਕਣ । ਇਹੀ ਵਜਹ ਹੈ ਕਿ ਸੈਂਟਰ ਦੇ ਹੁਕਮਰਾਨ ਆਪਣੀਆ ਖੂਫੀਆ ਏਜੰਸੀਆਂ ਰਾਅ, ਆਈ.ਬੀ. ਦੀ ਸਹਿਯੋਗ ਨਾਲ ਪੰਜਾਬ ਸੂਬੇ ਦੀ ਸਿਆਸਤ ਅਤੇ ਸਿੱਖ ਕੌਮ ਵਿਚ ਘੁਸਪੈਠ ਕਰਕੇ ਸਿੱਖੀ ਭੇਖ ਵਿਚ ਸਿੱਖ ਕੌਮ ਨੂੰ ਬਦਨਾਮ ਵੀ ਕਰਦੇ ਰਹਿੰਦੇ ਹਨ ਅਤੇ ਉਸ ਨੂੰ ਨਿਸ਼ਾਨਾਂ ਬਣਾਕੇ ਆਪਣੇ ਸਿਆਸੀ, ਮਾਲੀ ਮੁਫ਼ਾਦਾ ਦੀ ਪੂਰਤੀ ਵੀ ਕਰਦੇ ਰਹਿੰਦੇ ਹਨ । ਇਹ ਅਤਿ ਦੁੱਖਦਾਇਕ ਵਰਤਾਰਾ ਲੰਮੇਂ ਸਮੇਂ ਤੋਂ ਨਿਰੰਤਰ ਚੱਲਦਾ ਆ ਰਿਹਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦੂਵਾਦੀ ਤਾਕਤਾਂ ਆਪਣੇ ਇਸ ਮੰਦਭਾਵਨਾ ਭਰੇ ਮਕਸਦ ਨੂੰ ਪੂਰਨ ਕਰਨ ਲਈ ਸਭ ਇਕ ਹਨ । ਪਰ ਪੰਜਾਬ ਹਿਤੈਸੀ ਅਤੇ ਪੰਥਕ ਕਹਾਉਣ ਵਾਲੇ ਆਗੂ ਅਤੇ ਜਮਾਤਾਂ ਅੱਜ ਵੀ ਸੈਂਟਰ ਦੀਆਂ ਸਾਜ਼ਿਸਾਂ ਨੂੰ ਨਾ ਸਮਝਦੇ ਹੋਏ ਛੋਟੇ-ਛੋਟੇ ਮਹੱਤਵਹੀਣ ਗਰੁੱਪਾਂ ਵਿਚ ਬਿਖਰੇ ਪਏ ਹਨ । ਜੇਕਰ ਉਹ ਪੰਜਾਬ ਸੂਬੇ ਨੂੰ ਅਤੇ ਇਥੋ ਦੇ ਨਿਵਾਸੀਆ ਦੇ ਜੀਵਨ ਵਿਚ ਜ਼ਹਿਰ ਘੋਲਣ ਦੇ ਮਕਸਦ ਅਧੀਨ ਇਥੇ ਜੰਗ ਲਗਾਕੇ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕਾ ਨੂੰ ਜੰਗ ਦਾ ਅਖਾੜਾ ਬਣਾਉਦੇ ਹੋਏ ਮੰਦਭਾਵਨਾ ਭਰੀ ਸੋਚ ਤੇ ਕੰਮ ਕਰ ਰਹੇ ਹਨ ਤਾਂ ਪੰਜਾਬ ਸੂਬੇ ਅਤੇ ਸਿੱਖ ਕੌਮ ਦਾ ਮਲੀਆਮੇਟ ਹੋਣ ਦੇ ਖ਼ਤਰੇ ਨੂੰ ਗੰਭੀਰਤਾ ਨਾਲ ਰੋਕਣ ਲਈ ਇਨ੍ਹਾਂ ਨੂੰ ਇਕ ਹੋਣ ਵਿਚ ਕੀ ਰੁਕਾਵਟ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ, ਪੰਜਾਬ ਦੇ ਸਰਹੱਦੀ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਦਿਨ-ਬ-ਦਿਨ ਬਣਦੇ ਜਾ ਰਹੇ ਅਤਿ ਬਦਤਰ ਹਾਲਾਤਾਂ ਅਤੇ ਪੰਜਾਬ-ਸਿੱਖ ਕੌਮ ਹਿਤੈਸੀ ਆਗੂਆਂ ਅਤੇ ਜਮਾਤਾਂ ਵੱਲੋਂ ਇਸ ਦਿਸ਼ਾ ਵੱਲ ਕੋਈ ਸੰਜ਼ੀਦਾ ਕਦਮ ਨਾ ਉਠਾਉਣ ਅਤੇ ਇਕ ਪਲੇਟਫਾਰਮ ਤੇ ਇਕੱਤਰ ਨਾ ਹੋਣ ਉਤੇ ਗਹਿਰੀ ਚਿੰਤਾ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਕੋ ਇਕ ਜਮਾਤ ਹੈ ਜੋ ਸੈਂਟਰ ਦੇ ਹੁਕਮਰਾਨਾਂ ਦੀਆਂ ਮੰਦਭਾਵਨਾ ਭਰੀਆ ਸਿੱਖ ਵਿਰੋਧੀ ਸਾਜ਼ਿਸਾਂ ਨੂੰ ਸਮਝ ਦੇ ਨਾਲ-ਨਾਲ ਹਰ ਫਰੰਟ ਉਤੇ ਮੁਤੱਸਵੀ ਸਿਆਸਤਦਾਨਾਂ ਅਤੇ ਹੁਕਮਰਾਨਾਂ ਵਿਰੁੱਧ ਬਾਦਲੀਲ ਢੰਗ ਤੇ ਜਮਹੂਰੀਅਤ ਕਦਰਾ-ਕੀਮਤਾ ਨੂੰ ਮੁੱਖ ਰੱਖਦੇ ਹੋਏ ਸੰਘਰਸ਼ ਵੀ ਕਰਦੀ ਆ ਰਹੀ ਹੈ ਅਤੇ ਇਹ ਵੀ ਉਦਮ ਕਰਦੀ ਆ ਰਹੀ ਹੈ ਕਿ ਕੇਵਲ ਸਿੱਖ ਕੌਮ ਹੀ ਨਹੀਂ, ਬਲਕਿ ਸਮੁੱਚੇ ਪੰਜਾਬ ਸੂਬੇ ਨੂੰ ਪਿਆਰ ਕਰਨ ਵਾਲੀਆ ਸਖਸ਼ੀਅਤਾਂ ਅਤੇ ਜਮਾਤਾਂ ਇਸ ਮਕਸਦ ਦੀ ਪ੍ਰਾਪਤੀ ਲਈ ਸੰਜ਼ੀਦਗੀ ਨਾਲ ਇਕੱਤਰ ਹੋਣ । ਪੰਜਾਬ ਸੂਬੇ, ਇਥੋਂ ਦੇ ਨਿਵਾਸੀਆਂ ਅਤੇ ਸਿੱਖ ਕੌਮ ਦੀਆਂ ਸਭ ਮਾਲੀ, ਸਿਆਸੀ, ਸਮਾਜਿਕ, ਧਾਰਮਿਕ, ਇਖਲਾਕੀ ਅਤੇ ਭੂਗੋਲਿਕ ਮੁਸ਼ਕਿਲਾਂ ਦਾ ਇਕੋ ਇਕ ਹੱਲ ਉੱਤਰੀ ਭਾਰਤ ਵਿਚ ਇਕ ਸੰਪੂਰਨ ਪ੍ਰਭੂਸਤਾ ਵਾਲਾ ਆਜ਼ਾਦ ਖਿੱਤਾ ਕਾਇਮ ਹੋਵੇ ਜਿਸ ਪ੍ਰਤੀ ਨਿਰੰਤਰ ਜ਼ਿੰਮੇਵਾਰੀਆਂ ਵੀ ਨਿਭਾਉਦੀ ਆ ਰਹੀ ਹੈ । ਪਰ ਇਹ ਵੇਖਕੇ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਜਦੋਂ ਪੰਜਾਬ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਵੰਡਣ ਵਾਲੇ ਵੱਖ-ਵੱਖ ਡੇਰਿਆ, ਸਿੱਖ ਸਟੂਡੈਟ ਫੈਡਰੇਸ਼ਨਾਂ, ਵੱਖ-ਵੱਖ ਅਕਾਲੀ ਦਲ, ਪੰਥਕ ਸੰਗਠਨ ਅਤੇ ਪੰਜਾਬ ਪੱਖੀ ਸਿਆਸਤਦਾਨਾਂ ਵੱਲੋਂ ਇਥੋਂ ਦੇ ਵੱਡੇਰੇ ਹਿੱਤਾ ਲਈ ਇਕ ਹੋਣ ਦੀ ਸਖਤ ਜ਼ਰੂਰਤ ਹੈ, ਉਸ ਸਮੇਂ ਟਕਸਾਲੀਆ, 1920 ਅਕਾਲੀ ਦਲ, ਡੈਮੋਕੇ੍ਰਟਿਕ ਅਕਾਲੀ ਦਲ, ਪੰਥਕ ਕਮੇਟੀਆ ਆਦਿ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ । ਜੋ ਹੋਰ ਵੀ ਗਹਿਰੀ ਚਿੰਤਾ ਵਾਲਾ ਮੁੱਦਾ ਹੈ ।
ਦੂਸਰਾ ਸੈਂਟਰ ਦੇ ਹੁਕਮਰਾਨਾਂ ਦੀਆਂ ਦਿਸ਼ਾਹੀਣ, ਕੰਮਜੋਰ ਨੀਤੀਆਂ ਅਤੇ ਅਮਲਾਂ ਦੀ ਬਦੌਲਤ ਅੱਜ ਚੀਨ, ਭੁਟਾਨ, ਬੰਗਲਾਦੇਸ਼, ਪਾਕਿਸਤਾਨ, ਨੇਪਾਲ, ਸ੍ਰੀ ਲੰਕਾ ਆਦਿ ਦੀਆਂ ਸਰਹੱਦਾਂ ਉਤੇ ਖ਼ਤਰਨਾਕ ਸਥਿਤੀ ਬਣੀ ਹੋਈ ਹੈ ਅਤੇ ਇਹ ਗੁਆਢੀ ਮੁਲਕ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ ਤੋਂ ਖਫਾ ਹਨ । ਕਿਸੇ ਸਮੇਂ ਵੀ ਗੁਆਢੀ ਮੁਲਕਾਂ ਨਾਲ ਜੰਗ ਦੀ ਸੁਰੂਆਤ ਹੋ ਸਕਦੀ ਹੈ । ਫਿਰ ਇੰਡੀਆ ਵਿਚ ਘੱਟ ਗਿਣਤੀ ਕੌਮਾਂ, ਰੰਘਰੇਟੇ, ਕਬੀਲੇ, ਆਦਿਵਾਸੀ ਜੋ ਮੱਧਪ੍ਰਦੇਸ਼, ਝਾਂਰਖੰਡ, ਆਸਾਮ, ਮਹਾਰਾਸ਼ਟਰਾਂ, ਛੱਤੀਸਗੜ੍ਹ, ਓੜੀਸਾ, ਮਿਜੋਰਮ, ਅਣੁਰਾਚਲ ਆਦਿ ਵਿਚ ਵੱਸਦੇ ਹਨ, ਉਨ੍ਹਾਂ ਦੇ ਜੀਵਨ ਪੱਧਰ ਦੀ ਸਥਿਤੀ ਵੀ ਹੁਕਮਰਾਨੀ ਜਿਆਦਤੀਆ ਦੀ ਬਦੌਲਤ ਅਤਿ ਗੰਭੀਰ ਬਣੀ ਹੋਈ ਹੈ । ਪੰਜਾਬ, ਕਸ਼ਮੀਰ ਤੇ ਹੋਰਨਾਂ ਸਰਹੱਦੀ ਸੂਬਿਆ ਨੂੰ ਜੰਗ ਤੋਂ ਦੂਰ ਰੱਖਣ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਸੂਬੇ ਦੀਆਂ ਸਭ ਸਿਆਸੀ, ਸਮਾਜਿਕ, ਧਾਰਮਿਕ ਅਤੇ ਪੰਥਕ ਸੰਗਠਨ ਤੁਰੰਤ ਸੰਜ਼ੀਦਗੀ ਨਾਲ ਇਕ ਪਲੇਟਫਾਰਮ ਤੇ ਇਕੱਤਰ ਹੋਣ । ਜਿਨ੍ਹਾਂ ਆਗੂਆਂ ਨੇ ਸ. ਬਾਦਲ ਨਾਲ ਲੰਮਾਂ ਸਮਾਂ ਸਿਆਸੀ ਅਹੁਦਿਆ ਦੇ ਆਨੰਦ ਮਾਣਦੇ ਰਹੇ ਹਨ, ਬਾਦਲ ਪਰਿਵਾਰ ਦੀਆਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸਭ ਨੀਤੀਆਂ ਅਤੇ ਅਮਲਾਂ ਵਿਚ ਸਹਿਮਤ ਰਹੇ ਹਨ । ਜੋ ਸਿੱਖ ਕੌਮ ਤੇ ਪੰਜਾਬੀਆਂ ਦੀ ਨਜ਼ਰ ਵਿਚ ਸ. ਬਾਦਲ ਤੋਂ ਵੱਖ ਹੋਣ ਦੀ ਬਦੌਲਤ ਵੀ ਦੋਸ਼ੀ ਹਨ । ਆਪੋ-ਆਪਣੇ ਮਾਲੀ ਅਤੇ ਸਿਆਸੀ ਮੁਫ਼ਾਦਾ ਦੀ ਪੂਰਤੀ ਲਈ ਸਿੱਖ ਕੌਮ ਦੀ ਅਸੀਮਤ ਅਤੇ ਫੈਸਲਾਕੁੰਨ ਸ਼ਕਤੀ ਨੂੰ ਵੰਡਣ ਵਿਚ ਮਸਰੂਫ ਨਜ਼ਰ ਆ ਰਹੇ ਹਨ, ਉਹ ਆਪੋ-ਆਪਣੇ ਨਿੱਜੀ ਅਕਾਲੀ ਦਲਾਂ ਨੂੰ ਕਾਇਮ ਕਰਕੇ ਤੇ ਸਿੱਖ ਸ਼ਕਤੀ ਨੂੰ ਵੰਡਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਕੋਈ ਬਿਹਤਰੀ ਨਹੀਂ ਕਰ ਸਕਣਗੀਆ । ਬਲਕਿ ਇਹ ਵੱਖ-ਵੱਖ ਅਕਾਲੀ ਦਲ, ਵੱਖ-ਵੱਖ ਫੈਡਰੇਸ਼ਨਾਂ, ਡੇਰੇਦਾਰਾਂ, ਟਕਸਾਲਾਂ ਅਤੇ ਹੋਰ ਪੰਥਕ ਸੰਗਠਨ ਅਜਿਹੇ ਅਮਲ ਕਰਕੇ ਸੈਂਟਰ ਦੇ ਹੁਕਮਰਾਨਾਂ ਦੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸੋਚ ਨੂੰ ਹੀ ਮਜਬੂਤ ਕਰਨ ਦੇ ਭਾਗੀ ਬਣ ਰਹੇ ਹਨ ।
ਇਸ ਲਈ ਸਮੇਂ ਦੀ ਗੰਭੀਰ ਨਿਜਾਕਤ ਇਹ ਮੰਗ ਕਰਦੀ ਹੈ ਕਿ ਨਵੇਂ-ਨਵੇਂ ਅਕਾਲੀ ਦਲ, ਫੈਡਰੇਸ਼ਨਾਂ, ਡੇਰੇ ਕਾਇਮ ਕਰਨ ਦੀ ਬਜਾਇ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਬਿਹਤਰੀ ਲਈ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੇ ਗਏ ਮਨੁੱਖਤਾ ਪੱਖੀ ਨਿਯਮਾਂ ਅਤੇ ਅਸੂਲਾਂ ਉਤੇ ਪਹਿਰਾ ਦਿੰਦੇ ਹੋਏ ਪੰਜਾਬ ਸੂਬੇ ਵਿਚ ਹੁਕਮਰਾਨਾਂ ਵੱਲੋਂ ਕੀਤੇ ਜਾ ਰਹੇ ਘੋਰ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਵਿਰੁੱਧ ਆਪਣੇ ਨਿੱਜੀ ਹਿੱਤਾ ਦਾ ਤਿਆਗ ਕਰਕੇ ਪੰਜਾਬ ਸੂਬੇ ਅਤੇ ਪੰਥ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਤੁਰੰਤ ਇਕ ਹੋ ਜਾਣ । ਮੇਰੀ ਪੰਜਾਬ ਸੂਬੇ ਨਾਲ ਸੰਬੰਧਤ ਸਭ ਪੰਥਕ ਜਮਾਤਾਂ ਅਤੇ ਪੰਜਾਬ ਹਿਤੈਸੀ ਆਗੂਆਂ ਅਤੇ ਸੰਗਠਨਾਂ ਨੂੰ ਇਹ ਸੰਜ਼ੀਦਾ ਅਪੀਲ ਹੈ ਕਿ ਜਦੋਂ ਸੈਂਟਰ ਦੇ ਹੁਕਮਰਾਨ ਜਾਬਰ ਕਾਲੇ ਕਾਨੂੰਨਾਂ ਰਾਹੀ ਇਥੋਂ ਦੇ ਮਜਦੂਰ, ਜ਼ਿੰਮੀਦਾਰ, ਮੁਲਾਜ਼ਮ, ਵਪਾਰੀ ਅਤੇ ਹੋਰਨਾਂ ਵਰਗਾਂ ਨੂੰ ਮਾਲੀ ਅਤੇ ਮਾਨਸਿਕ ਤੌਰ ਤੇ ਢਾਹ ਲਗਾਉਣ ਉਤੇ ਸਾਜ਼ਿਸਾਂ ਕਰਦੇ ਆ ਰਹੇ ਹਨ ਅਤੇ ਇਥੋਂ ਦੀਆਂ ਫੋਰਸਾਂ ਪੰਜਾਬ ਦੇ ਨਿਵਾਸੀਆ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਵੱਲ ਵੱਧ ਰਹੇ ਹਨ ਤਾਂ ਸਾਨੂੰ ਸਭਨਾਂ ਨੂੰ ਤੁਰੰਤ ਛੋਟੇ-ਮੋਟੇ ਦੁਨਿਆਵੀ ਵਿਚਾਰਾਂ ਦੇ ਵਖਰੇਵਿਆ ਨੂੰ ਪਾਸੇ ਰੱਖਕੇ ਪੰਜਾਬ ਸੂਬੇ ਤੇ ਇਥੋਂ ਦੇ ਨਿਵਾਸੀਆ ਦੀ ਬਿਹਤਰੀ ਲਈ ਤੁਰੰਤ ਇਕ ਹੋ ਜਾਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਵੱਡੀ ਲੋਕ ਸ਼ਕਤੀ ਨੂੰ ਇਕੱਤਰ ਕਰਦੇ ਹੋਏ ਇਥੇ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਅਤੇ ਸਰਬੱਤ ਦੇ ਭਲੇ ਨੂੰ ਮੁੱਖ ਰੱਖਕੇ ਜਮਹੂਰੀਅਤ ਅਤੇ ਅਮਨਮਈ ਤਰੀਕੇ ਹਲੀਮੀ ਰਾਜ ਕਾਇਮ ਕਰ ਸਕੀਏ ਅਤੇ ਅਜਿਹਾ ਰਾਜ ਪ੍ਰਬੰਧ ਲੋਕਾਈ ਨੂੰ ਦੇ ਸਕੀਏ ਜਿਥੇ ਕਿਸੇ ਵੀ ਨਾਲ ਕਿਸੇ ਵੀ ਪੱਖ ਤੋਂ ਕੋਈ ਵਿਤਕਰਾ ਜਾਂ ਵਧੀਕੀ ਨਾ ਹੋਵੇ ਅਤੇ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਾਪਤ ਹੋਣ ਅਤੇ ਸਭਨਾਂ ਦੇ ਘਰ-ਕਾਰੋਬਾਰ ਵਿਚ ਸੁੱਖ-ਚੈਨ ਵਰਤ ਸਕੇ ਅਤੇ ਸਭ ਆਨੰਦਮਈ ਜੀਵਨ ਬਤੀਤ ਕਰ ਸਕਣ ।