ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਪਬਲੀਕੇਸ਼ਨ ਵਿਭਾਗ ਦੀ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਸਥਿਤ ਗੋਲਡਨ ਆਫਸੈਟ ਪ੍ਰੈਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪ ਰਿਕਾਰਡ ਵਿਚ ਘੱਟ ਹੋਣ ਦਾ ਚਰਚਿਤ ਮਾਮਲਾ ਬੜਾ ਹੀ ਦੁਖਦਾਇਕ ਪਰ ਇਕ ਧਾਰਮਿਕ ਸੰਵੇਦਨਸ਼ੀਲ ਮਾਮਲਾ ਹੈ ਜਿਸ ਨੂੰ ਸਿਆਸੀ ਰੰਗਤ ਨਹੀਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਅਪੀਲ ਕੀਤੀ ਕਿ ਪਾਵਨ ਸਰੂਪਾਂ ਦਾ ਗਿਣਤੀ ਵਿਚ ਘਟ ਪਾਇਆ ਜਾਣਾ ਭਾਵੇਂ ਅਣਗਹਿਲੀ ਦਾ ਮਾਮਲਾ ਹੈ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਹੋਣ ਕਾਰਨ ਕਿਸੇ ਤਰਾਂ ਦੀ ਅਣਗਹਿਲੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਿੰਘ ਸਾਹਿਬ ਇਸ ਮਾਮਲੇ ਦੀ ਤਹਿ ਤਕ ਜਾਣ ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਵੱਲੋਂ ਉਕਤ ਮਾਮਲੇ ਵਿਚ ਗਠਿਤ ਪੜਤਾਲੀਆ ਕਮੇਟੀ ਸਮਾਂਬੱਧ ਰੂਪ ਵਿਚ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਰਦਿਆਂ ਸਾਰੀ ਸਚਾਈ ਸਿੱਖ ਕੌਮ ਦੇ ਸਨਮੁਖ ਰੱਖਣ। ਉਕਤ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲਿਆਂ ਪ੍ਰਤੀ ਸਖਤ ਕਾਰਵਾਈ ਦੀ ਉਨਾਂ ਮੰਗ ਕੀਤੀ ਹੈ। ਉਨ੍ਹਾਂ ਜਿੰਨਾ ਚਿਰ ਇਸ ਦੀ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਜਾਂ ਕਿਸੇ ਸਰਥਿਕ ਨਤੀਜੇ ‘ਤੇ ਪਹੁੰਚਣ ਤਕ ਸਿਆਸੀ ਪਾਰਟੀਆਂ ਨੂੰ ਵੀ ਉਕਤ ਮਾਮਲੇ ਵਿਚ ਸੰਜਮ ਤੋਂ ਕੰਮ ਲੈਣ ਅਤੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ।
ਪਾਵਨ ਸਰੂਪਾਂ ਦੇ ਘਟ ਪਾਏ ਜਾਣਾ ਧਾਰਮਿਕ ਸੰਵੇਦਨਸ਼ੀਲ ਮਾਮਲਾ : ਬਾਬਾ ਹਰਨਾਮ ਸਿੰਘ ਖ਼ਾਲਸਾ
This entry was posted in ਪੰਜਾਬ.