ਨਵੀਂ ਦਿੱਲੀ ,(ਜਸਵੰਤ ਸਿੰਘ )- 24 ਦਸੰਬਰ, 1924 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਕੋਟਲਾ ਸੁਲਤਾਨ ਸਿੰਘ ਪਿੰਡ ਵਿੱਚ ਜਨਮੇ ਮਹਾਨ ਗਾਇਕ ਮੁਹੰਮਦ ਰਫ਼ੀ ਨੂੰ ਇਸ ਨਾਸ਼ਵਾਨ ਸੰਸਾਰ ਦਾ ਤਿਆਗ ਕੀਤਿਆਂ ਤਕਰੀਬਨ ਤਿੰਨ ਦਹਾਕਿਆਂ ਦਾ ਸਮਾਂ ਬੀਤ ਚੁਕਾ ਹੈ, ਫਿਰ ਵੀ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਦੇ ਦਿੱਲਾਂ ਵਿੱਚ ਉਨ੍ਹਾਂ ਦੀ ਯਾਦ ਅਜ ਵੀ ਕਲ੍ਹ ਵਾਂਗ ਜ਼ਿੰਦਾ ਹੈ। ਗਾਇਨ-ਕਲਾ ਦੇ ਸਿਰਤਾਜ ਮੁਹੰਮਦ ਰਫ਼ੀ ਦੇ 86ਵੇਂ ਜਨਮ ਦਿਨ ਤੇ ਸੰਗੀਤ ਪ੍ਰੇਮੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਆਪਣੇ ਪਿਆਰੇ ਗਾਇਕ ਦੀ ਯਾਦ ਵਿੱਚ ਇਥੇ ਇਕ ਯਾਦਗਾਰੀ ਸਮਾਗਮ ਦਾ ਅਯੋਜਨ ਕੀਤਾ ਗਿਆ।
‘ਸਪੈਕਟ੍ਰਮ ਮਿਊਜ਼ਿਕ’ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੇ ਗਏ ਇਸ ਸਮਾਗਮ ਦੇ ਮੁੱਖ ਮਹਿਮਾਨ, ‘ਯਾਦਗਾਰ-ਏ-ਰਫ਼ੀ ਸੋਸਾਇਟੀ’ ਅਤੇ ‘ਸੱਖਾ’ ਦੇ ਪ੍ਰਧਾਨ ਸ. ਅਮਰਜੀਤ ਸਿੰਘ ਕੋਹਲੀ ਸਨ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦਸਿਆ ਕਿ ਅਜ ਦੇ ਨੌਜਵਾਨ ਅਤੇ ਉਭਰਦੇ ਹੋਏ ਗਾਇਕਾਂ ਵਿੱਚ ਮੁਹੰਮਦ ਰਫ਼ੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਸਦਾ ਮੁੱਖ ਕਾਰਣ, ਉਨ੍ਹਾਂ ਦੇ ਗਾਉਣ ਵਿੱਚ ਵਿਭਿੰਨਤਾ ਹੋਣਾ ਹੈ। ਉਨ੍ਹਾਂ ਦਸਿਆ ਕਿ ਮੁਹੰਮਦ ਰਫ਼ੀ ਦੇ ਗਾਏ ਗੀਤਾਂ ਦੀ ਮਦੱਦ ਨਾਲ ਨੌਜਵਾਨ ਗਾਇਕਾਂ ਨੂੰ ਗਾਇਨ-ਕਲਾ ਵਿੱਚ ਸਿਖਿਅਤ ਕਰਨਾ ਬਹੁਤ ਹੀ ਆਸਾਨ ਅਤੇ ਸੰਭਵ ਹੈ। ਉਨ੍ਹਾਂ ਹੋਰ ਦਸਿਆ ਕਿ ਇਸਦਾ ਮੁਖ ਕਾਰਣ ਇਹ ਹੈ ਕਿ ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਬਹੁਤ ਹੀ ਸਫਲਤਾ ਨਾਲ ਗਾਏ ਹਨ। ਜਿਨ੍ਹਾਂ ਵਿੱਚ ਸ਼ਾਸਤਰੀ ਸੰਗੀਤ, ਸੁਗਮ ਸੰਗੀਤ, ਕਵਾਲੀਆਂ, ਦੇਸ਼ ਭਗਤੀ, ਦਰਦ ਅਤੇ ਖੁਸ਼ੀ ਭਰੇ ਗੀਤਾਂ ਦੇ ਨਾਲ ਹੀ ਪੈਰੋਡੀਆਂ, ਪਾਪ ਗੀਤ, ਰਾਕ ਐਨ ਰੋਲ, ਭਜਨ, ਰੁਮਾਂਟਕ ਅਤੇ ਜੀਵਨ ਦੀਆਂ ਸਮੁਚੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਵਾਲੇ ਗੀਤ ਸ਼ਾਮਲ ਹਨ।
ਸ. ਕੋਹਲੀ ਨੇ 1984 ਵਿੱਚ ਮੁਹੰਮਦ ਰਫ਼ੀ ਦੀ ਯਾਦ ਵਿੱਚ ਸਾਲਾਨਾ ਸੰਗੀਤ ਪ੍ਰੋਗਰਾਮ ਕਰਵਾਏ ਜਾਣ ਦੀ ਪਰੰਪਰਾ ਸ਼ੁਰੂ ਕਰਨ ਦੇ ਸਮੇਂ ਨੂੰ ਯਾਦ ਕਰਦਿਆਂ ਮੰਗ ਕੀਤੀ ਕਿ ਸੰਗੀਤ ਦੇ ਖੋਜ-ਕਰਤਾਵਾਂ ਦੀ ਮਦੱਦ ਲਈ ਵੱਖ-ਵੱਖ ਯੂਨੀਵਰਸਿਟੀਆਂ ਵਿਚਲੇ ਸੰਗੀਤ ਵਿਭਾਗਾਂ ਦੇ ਨਾਲ ‘ੲੰਸਟੀਚਿਉਟ ਆਫ਼ ਰਫ਼ੀ ਮਿਊਜ਼ਿਕ’ ਦੀ ਸਥਾਪਨਾ ਕਰ ਕੇ ਸੰਗੀਤ ਅਧਾਰਤ ਕੋਰਸ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ।
ਇਥੇ ਇਹ ਗਲ ਵਰਨਣਯੋਗ ਹੈ ਕਿ ‘ਸਪੈਕਟ੍ਰਮ ਮਿਊਜ਼ਿਕ’ ਦੀ ਸਥਾਪਨਾ ਸ਼੍ਰੀ ਐਸ ਐਲ ਭੋਲਾ ਨੇ ਬੀਤੇ ਦਿਨਾਂ ਦੇ ਗਾਇਕਾਂ ਅਤੇ ਫ਼ਿਲਮ ਸੰਗੀਤ ਡਾਇਰੈਕਟਰਾਂ ਦੀ ਯਾਦ ਨੂੰ ਤਾਜ਼ਾ ਰਖਣ ਦੇ ਉਦੇਸ਼ ਨਾਲ, ਉਨ੍ਹਾਂ ਦੀ ਯਾਦ ਵਿੱਚ ਸੰਗੀਤ ਪ੍ਰੋਗਰਾਮ ਆਯੋਜਿਤ ਕਰਦਿਆਂ ਰਹਿਣ ਦੇ ਉਦੇਸ਼ ਨਾਲ ਕੀਤੀ ਹੈ। ਇਸ ਸੰਸਥਾ ਵਲੋਂ ਮੁਹੰਮਦ ਰਫ਼ੀ ਦੀ ਯਾਦ ਵਿੱਚ ਆਯੋਜਿਤ ਇਹ ਪਹਿਲਾ ਪ੍ਰੋਗਰਾਮ ਸੀ।
‘ਸਪੈਕਟ੍ਰਮ ਮਿਊਜ਼ਿਕ’ ਦੇ ਬਾਨੀ ਸ਼੍ਰੀ ਐਸ ਐਲ ਭੋਲਾ ਨੇ ਪੁਰਾਣੇ ਸੰਗੀਤ ਨੂੰ ਉਤਸਾਹਿਤ ਕਰਨ ਦੀ ਰੁੱਚੀ ਰਖਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਉਦੇਸ਼ ਵਿੱਚ ਸਹਿਯੋਗ ਕਰਨ ਲਈ ਅਗੇ ਆਉਣ। ‘ਰਫ਼ੀ ਮੈਮੋਰੀਅਲ ਸੋਸਾਇਟੀ’ ਦੇ ਪ੍ਰਧਾਨ ਸ਼੍ਰੀ ਤਰਲੋਕੀ ਨਾਥ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਇਸ ਗਲ ਤੇ ਹੈਰਾਨੀ ਪ੍ਰਗਟ ਕਰਿਆ ਕਰਨਗੀਆਂ ਕਿ ਇਤਨੇ ਭਿੰਨਤਾ-ਪੂਰਣ ਗੀਤ ਕਿਸੇ ਇਕ ਗੀਤਕਾਰ ਨੇ ਕਿਵੇਂ ਗਾਏ ਹਨ? ਮੁਹੰਮਦ ਰਫ਼ੀ ਦਾ ਦੇਹਾਂਤ 31 ਜੁਲਾਈ 1980 ਵਿੱਚ ਮੁੰਬਈ ਵਿਖੇ ਹੋਇਆ ਸੀ। ਉਨ੍ਹਾਂ ਆਪਣਾ ਪਹਿਲਾ ਗੀਤ ‘ਸੋਹਣੀਏ ਨੀ ਹੀਰੀਏ ਨੀ’, ਪੰਜਾਬੀ ਫ਼ਿਲਮ ‘ਗੁਲਬਲੋਚ’ ਦੇ ਲਈ ਗਾਇਆ ਸੀ। ਜਿਸਦਾ ਸੰਗੀਤ ਸ਼ਿਆਮ ਸੁੰਦਰ ਨੇ ਦਿਤਾ ਸੀ। ਇਸ ਮੌਕੇ ਤੇ ਯੁਵਾ ਅਤੇ ਉਭਰਦੇ ਗਾਇਕਾਂ ਨੇ ਮੁਹੰਮਦ ਰਫ਼ੀ ਦੇ ਗਾਏ ਗੀਤਾਂ ਨੂੰ ਗਾ ਕੇ ਨਾ ਕੇਵਲ ਉਨ੍ਹਾਂ ਦੀ ਯਾਦ ਤਾਜ਼ਾ ਕਰਦਿਆਂ ਉਨ੍ਹਾਂ ਪ੍ਰਤੀ ਆਪਣੀ ਸ਼ਰਧਾਂਜਲੀ ਭੇਂਟ ਕੀਤੀ, ਸਗੋਂ ਸਮਾਂ ਬੰਂਨ੍ਹ ਸਰੋਤਿਆਂ ਨੂੰ ਵੀ ਕੀਲ ਲਿਆ।ਉਨ੍ਹਾਂ ਦਾ ਸੰਗੀਤਕ ਸਾਥ ਸਤੀਸ਼ ਪੋਪਲੀ ਦੇ ਡੋਰਮੀ ਆਰਕੈਸਟਰਾ ਨੇ ਦਿਤਾ।ਤ੍ਰਿਲੋਕੀ ਨਾਥ ਅਤੇ ਮਮਤਾ ਵਾਣੀ ਨੇ ਸਟੇਜ ਸੰਚਾਲਣ ਦੀ ਜ਼ਿਮੇਂਦਾਰੀ ਨਿਭਾਂਦਿਆਂ ਮੁਹੰਮਦ ਰਫ਼ੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।