ਇਸਲਾਮਾਬਾਦ – ਭਾਰਤ ਵੱਲੋਂ ਬਾਬਰੀ ਮਸਜਿਦ ਨੂੰ ਢਹਿਢੇਰੀ ਕਰਨ ਤੋਂ ਬਾਅਦ ਉਸ ਦੇ ਸਥਾਨ ਤੇ ਮੰਦਿਰ ਦਾ ਨੀਂਹ ਪੱਥਰ ਰੱਖੇ ਜਾਣ ਤੇ ਪਾਕਿਸਤਾਨ ਨੇ ਇਸ ਦੀ ਸਖਤ ਆਲੋਚਨਾ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਮੋਦੀ ਸਰਕਾਰ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਭਾਰਤੀ ਲੋਕਤੰਤਰ ਦੇ ਚਿਹਰੇ ਤੇ ਦਾਗ਼ ਕਰਾਰ ਦਿੱਤਾ ਹੈ। ਮੌਜੂਦਾ ਤਣਾਅ ਪੂਰਣ ਸਥਿਤੀ ਨੂੰ ਵੇਖਦੇ ਹੋਏ ਇਮਰਾਨ ਸਰਕਾਰ ਨੇ ਆਪਣੇ ਦੇਸ਼ ਵਿੱਚ ਘੱਟਗਿਣਤੀ ਸਮਾਜ ਦੇ ਧਰਮ ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਹੈ।
ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, ‘ਉਹ ਜ਼ਮੀਨ ਜਿਸ ਤੇ ਬਾਬਰੀ ਮਸਜਿਦ 500 ਸਾਲਾਂ ਤੱਕ ਖੜੀ੍ਹ ਰਹੀ ਹੋਵੇ, ਉਥੇ ਰਾਮ ਮੰਦਿਰ ਦਾ ਨਿਰਮਾਣ ਨਿੰਦਣਯੋਗ ਹੈ। ਭਾਰਤੀ ਸੁਪਰੀਮ ਕੋਰਟ ਦਾ ਮੰਦਿਰ ਬਣਾਉਣ ਦੇ ਲਈ ਇਜਾਜ਼ਤ ਦੇਣ ਦਾ ਫੈਂਸਲਾ, ਨਾ ਸਿਰਫ਼਼ ਮੌਜੂਦਾ ਭਾਰਤ ਵਿੱਚ ਵੱਧਦੇ ਬਹੁਸੰਖਿਅਕਵਾਦ ਨੂੰ ਵਧਾਉਂਦਾ ਹੈ, ਬਲਿਕ ਇਹ ਵੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਧਰਮ ਨਿਆਂ ਦੇ ਉਪਰ ਹਾਵੀ ਹੋ ਰਿਹਾ ਹੈ। ਅੱਜ ਦੇ ਭਾਰਤ ਵਿੱਚ ਘੱਟਗਿਣਤੀ, ਖਾਸ ਕਰਕੇ ਮੁਸਲਮਾਨਾਂ ਦੇ ਧਰਮਸਥਾਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਤਿਹਾਸਿਕ ਮਸਜਿਦ ਦੀ ਜ਼ਮੀਨ ਤੇ ਬਣਿਆ ਮੰਦਿਰ ਭਾਰਤੀ ਲੋਕਤੰਤਰ ਦੇ ਚਿਹਰੇ ਤੇ ਇੱਕ ਦਾਗ਼ ਦੀ ਤਰ੍ਹਾਂ ਹੋਵੇਗਾ।’
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸੂਚਨਾ ਮੰਤਰੀ ਫੈਆਜ਼ ਉਲ ਹਸਨ ਨੇ ਕਿਹਾ ਹੈ, ‘ਪਾਕਿਸਤਾਨ ਵੱਲੋਂ ਕਰਤਾਰਪੁਰ ਗਲਿਆਰਾ ਖੋਲ੍ਹਣ ਵਰਗਾ ਕਦਮ ਉਠਾ ਰਿਹਾ ਹੈ, ਜਦੋਂ ਕਿ ਭਾਰਤ ਹਰ ਉਹ ਕਦਮ ਉਠਾ ਰਿਹਾ ਹੈ ਜੋ ਮੁਸਲਮਾਨਾਂ ਅਤੇ ਦੂਸਰੇ ਘੱਟਗਿਣਤੀਆਂ ਦੇ ਖਿਲਾਫ਼ ਹੈ ਅਤੇ ਇਸ ਕਾਰਣ ਪੂਰੀ ਦੁਨੀਆਂ ਵਿੱਚ ਉਸ ਦੀ ਖਿਲੀ ਉਡਾਈ ਜਾ ਰਹੀ ਹੈ। ਭਾਰਤੀ ਪ੍ਰਧਾਨਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਬੀਜੇਪੀ ਦੇ ਇਸ ਫੈਂਸਲੇ ਨਾਲ ਉਨ੍ਹਾਂ ਦੇ ਚਿਹਰੇ ਤੋਂ ਧਰਮ ਨਿਰਪੱਖ ਹੋਣ ਦਾ ਨਕਾਬ ਉਤਰ ਚੁੱਕਿਆ ਹੈ ਜਿਸਦੀ ਪੂਰੀ ਦੁਨੀਆਂ ਵਿੱਚ ਨਿੰਦਿਆ ਹੋ ਰਹੀ ਹੈ।