ਅੰਮ੍ਰਿਤਸਰ – ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਪਾਵਨ ਦਿਹਾੜੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਗੁਰੂ ਕੀਆਂ ਬੇਅੰਤ ਸੰਗਤਾਂ ਦਾ ਪੂਰੀ ਸ਼ਰਧਾ ਭਾਵਨਾ ਨਾਲ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸੰਬੰਧੀ ਗੁਰ ਇਤਿਹਾਸ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਸੰਗਤਾਂ ਦਾ ਮੰਤਰ-ਮੁਗਧ ਹੋਕੇ ਕਥਾ ਸ੍ਰਵਣ ਕਰਨਾ ਅਲੌਕਿਕ ਤੇ ਅਦਭੁਤ ਨਜਾਰਾ ਪੇਸ਼ ਕਰ ਰਿਹਾ ਸੀ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੇ ਪ੍ਰਕਾਸ਼ ਦੀ ਕਥਾ ਸਾਲ ਵਿਚ ਇਕ ਵਾਰ ਹੀ ਸ੍ਰਵਣ ਕਰਾਏ ਜਾਣ ਦੀ ਪ੍ਰੰਪਰਾ ਚਲੀ ਆ ਰਹੀ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਸਮੇਤ ਸੰਗਤ ਨੇ 2 ਘੰਟੇ ਤੱਕ ਗੁਰ ਇਤਿਹਾਸ ਦੀ ਕਥਾ ਦਾ ਆਨੰਦ ਮਾਣਿਆ। ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ 1604 ਈ: ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਸੰਪਾਦਨਾ ਉਪਰੰਤ ਅੱਜ ਦੇ ਦਿਨ ਬਾਬਾ ਬੁੱਢਾ ਜੀ ਨੂੰ ਮੁੱਖ ਗ੍ਰੰਥੀ ਥਾਪ ਦਿਆਂ ਅਤੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਅਦਬ ਸਤਕਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ। ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦੇ ਇਕੋ ਇਕ ਉਹ ਪਾਵਨ ਧਾਰਮਿਕ ਗ੍ਰੰਥ ਹਨ, ਜਿਸ ਨੂੰ ਧਰਮ ਦੇ ਰਹਿਬਰਾਂ ਵੱਲੋਂ ਆਪਣੇ ਜੀਵਨ ਕਾਲ ਵਿੱਚ ਸੰਪੂਰਨਤਾ ਪ੍ਰਦਾਨ ਕਰਦਿਆਂ ਪਰਕਾਸ਼ਮਾਨ ਕੀਤਾ ਗਿਆ ਅਤੇ ਜੋ ਮਨੁੱਖਤਾ ਦੀ ਹਰ ਪੱਖ ਤੋਂ ਅਗਵਾਈ ਕਰਨ ਦੇ ਸਮਰੱਥ ਹਨ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਵਿਚ ਕੁਝ ਵਿਅਕਤੀਆਂ ਵੱਲੋਂ ਵਾਧ ਘਾਟ ਕਾਰਨ ਪ੍ਰਤੀ ਸੰਗਤ ਨੂੰ ਸੁਚੇਤ ਕੀਤਾ ਤੇ ਕਿਹਾ ਕਿ ਗੁਰਬਾਣੀ ਨਾਲ ਕਿਸੇ ਕਿਸਮ ਦਾ ਛੇੜ ਛਾੜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਉਪਦੇਸ਼ ਕਮਾਉਣ ਅਤੇ ਮੁੱਲਵਾਨ ਬਚਨਾਂ ਦੇ ਧਰਨੀ ਬਣ ਕੇ ਜੀਵਨ ਜਿਊਣ ਦੀ ਅਪੀਲ ਵੀ ਕੀਤੀ। ਉਨ੍ਹਾਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਅਖੰਡ ਪਾਠੀ ਤੇ ਗ੍ਰੰਥੀ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਲਈ ਸੰਗਤ ਨੂੰ ਪ੍ਰੇਰਣਾ ਦਿਤੀ। ਇਸ ਤੋਂ ਪਹਿਲਾਂ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨਾ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਪੁਰਾਤਨ ਚੱਲਦੀ ਆ ਰਹੀ ਰਵਾਇਤ ਅਨੁਸਾਰ ਸਜਾਏ ਗਏ ਅਲੌਕਿਕ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬਾਬਾ ਪਰਦੀਪ ਸਿੰਘ ਬੋਰੇਵਾਲ, ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਜਗਤਾਰ ਸਿੰਘ ਰੋਡੇ, ਅਮਰਬੀਰ ਸਿੰਘ ਢੋਟ ਵੀ ਮੌਜੂਦ ਸਨ।