ਮੋਗਾ– ਏਥੇ ਗੁਰੂ ਨਾਨਕ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਦੁਸਾਝ ਤਲਵੰਡੀ ਦਾ ਸਲਾਨਾ ਸਮਾਗਮ ਅਤੇ ਪ੍ਰਾਈਜ਼ ਡਿਸਟਰੀਬਿਊਸ਼ਨ ਇਕੱਠ ਵਿਦਵਾਨਾਂ ਅਤੇ ਮੋਹਤਬਰ ਹਸਤੀਆਂ ਦਾ ਸਨਮਾਨ ਸਮਾਗਮ ਹੋ ਨਿਬੜਿਆ। ਮਾਲਵੇ ਦੀ ਇਸ ਪਰਸਿਧ ਸੰਸਥਾ ਨੇ ਇਸ ਸਮਾਰੋਹ ਵਿਚ ਮਨੁੱਖੀ ਹੱਕਾਂ ਦੇ ਅਲੰਬਰਦਾਰ ਜਸਟਿਸ ਅਜੀਤ ਸਿੰਘ ਬੈਂਸ, ਇੰਗਲੈਂਡ ਵਾਸੀ ਸ਼੍ਰੋਮਣੀ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਕਨੇਡਾ ਦੇ ਪ੍ਰਸਿੱਧ ਲੇਖਕ ਖੋਜੀ ਕਾਫ਼ਿਰ ਨੂੰ ਉਚੇਚੇ ਤੌਰ ਤੇ ਮੁਖ ਮਹਿਮਾਨਾਂ ਵਜੋਂ ਸੱਦਿਆ ਹੋਇਆ ਸੀ। ਜਦ ਇਨ੍ਹਾਂ ਪ੍ਰਸਿੱਧ ਹਸਤੀਆਂ ਦੇ ਆਉਣ ਦੀ ਖ਼ਬਰ ਲੋਕਾਂ ਨੂੰ ਮਿਲੀ ਤਾਂ ਉਹ ਵੱਡੀ ਗਿਣਤੀ ਵਿਚ ਅਤੇ ਹੁੰਮ ਹੁੰਮਾ ਕੇ ਇਨ੍ਹਾਂ ਨੂੰ ਸੁਣਨ ਵਾਸਤੇ ਪਹੁੰਚ ਗਏ। ਸਕੂਲ ਦੇ ਪ੍ਰਧਾਨ ਡਾ ਕੁਲਦੀਪ ਸਿੰਘ ਗਿੱਲ ਅਤੇ ਡਾ ਮਨਮੋਹਨ ਸਿੰਘ ਨੇ ਜਸਟਿਸ ਬੈਂਸ ਅਤੇ ਡਾਕਟਰ ਦਿਲਗੀਰ ਵਾਸਤੇ ਸਨਮਾਨ ਪੱਤਰ ਪੜ੍ਹੇ ਅਤੇ ਪੇਸ਼ ਕੀਤੇ ਤੇ ਇਨ੍ਹਾਂ ਨੂੰ ਸ਼ਾਲਾਂ ਅਤੇ ਸ਼ਾਨਦਾਰ ਪਲੈਕ ਦੇ ਕੇ ਵੀ ਸਨਮਾਨਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਟਰਾਂਟੌ (ਕਨੇਡਾ) ਦੇ ਮਸ਼ਹੂਰ ਆਗੂ ਸ ਗੁਰਦੇਵ ਸਿੰਧ ਧਾਲੀਵਾਲ ਅਤੇ ਅਤੇ ਐਡਮੰਟਨ (ਕਨੇਡਾ) ਵਿਚ ਖਾਲਸਾ ਸਕੂਲ ਕਾਇਮ ਕਰਨ ਵਾਲੇ ਸਿੱਖ ਆਗੂ ਵੀ ਹਾਜ਼ਰ ਸਨ। ਸਮਾਗਮ ਵਿਚ ਬੋਲਦਿਆਂ ਡਾ ਦਿਲਗੀਰ ਨੇ ਕਿਹਾ ਕਿ ਵਿਦਿਆ ਨੂੰ ਨੌਕਰੀ ਹਾਸਿਲ ਕਰਨ ਦਾ ਜ਼ਰੀਆ ਨਹੀਂ ਸਮਝਣਾ ਚਾਹੀਦਾ ਅਤੇ ਸਾਡਾ ਨਿਸ਼ਾਨਾ ਗਿਆਨ ਹਾਸਿਲ ਕਰਮ ਤੇ ਗਿਆਨ ਵੰਡਣਾ ਹੋਣਾ ਚਾਹੀਦਾ ਹੈ। ਧਰਮ ਬਾਰੇ ਬੋਲਦਿਆਂ ਦਿਲਗੀਰ ਜੀ ਨੇ ਕਿਹਾ ਕਿ ਸਿੱਖੀ ਇਕ ਫ਼ਿਰਕਾ ਨਹੀਂ ਬਲਕਿ ‘ਧਰਮ’ ਹੈ ਅਤੇ ਧਰਮ ਦਾ ਅਰਥ ਹੈ ਜੀਵਨ ਵਿਚ ਚੰਗਿਆਈਆਂ ਨੂੰ ਧਾਰਨ ਕਰਨਾ। ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਗੁਰੁ ਨਾਨਕ ਸਾਹਿਬ ਦੀ ਸਿਖਿਆ ਹੀ ਸੀ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਜਰਵਾਣਿਆ ਨਾਲ ਟੱਕਰ ਲੈਣ ਵਾਸਤੇ ਤਿਆਰ ਕੀਤਾ ਅਤੇ ਫਿਰ ਖੰਡੇ ਦੀ ਪਾਹੁਲ ਹਾਸਿਲ ਕਰ ਕੇ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦਾ ਰਾਜ ਖ਼ਤਮ ਕੀਤਾ। ਉਨ੍ਹਾਂ ਕਿਹਾ ਕਿ ਸਿੱਖੀ ਅਮਲੀ ਜੀਵਨ ਦਾ ਨਾਂ ਹੈ ਨਾ ਕਿ ਸਿਰਫ਼ ਸਿੱਖ ਦੇ ਘਰ ਵਿਚ ਜਨਮ ਲੈਣ ਨਾਲ ਸਿੱਖ ਬਣ ਜਾਈਦਾ ਹੈ। ਖੋਜੀ ਕਾਫ਼ਿਰ ਨੇ ਕਿਹਾ ਕਿ ਵਿਦਿਆ ਇਨਸਾਨ ਨੂੰ ਸਿਆਣਾ ਬਣਾਉਂਦੀ ਹੈ ਪਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਉਸ ਗਿਆਨ ਨੂੰ ਅਗੋਂ ਹੋਰਨਾਂ ਵਿਚ ਵੀ ਵੰਡਿਆ ਜਾਵੇ। ਸਕੂਲ ਦੇ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਗਿੱਲ, ਡਾਇਰੈਕਟਰ ਸ ਰਣਜੀਤ ਸਿੰਘ, ਵਾਈਸ ਪ੍ਰਿੰਸੀਪਲ ਬੀਬੀ ਅਮਨਦੀਪ ਕੌਰ ਅਤੇ ਡਾਲ਼ ਜਗਦੀਸ਼ ਸਿੰਘ ਗਿੱਲ, ਸਰਬਜੀਤ ਸਿੰਘ, ਕੁਲਦੀਪ ਸਿੰਘ ਗਰੀਨ, ਚਮਕੌਰ ਸਿੰਘ, ਕਰਮਜੀਤ ਸਿੰਘ ਮਲਹੌਤਰਾ ਸਾਰੇ ਕਮੇਟੀ ਮੈਂਬਰਾਂ ਨੇ ਸਮਾਗਮ ਦੀ ਸ਼ਾਨ ਨੂੰ ਚਾਰ ਚੰਨ ਲਾਉਣ ਵਿਚ ਕੋਈ ਕਸਰ ਨਾ ਛੱਡੀ ਤੇ ਇਸ ਸਮਾਗਮ ਸਕੂਲ ਦਾ ਸਮਾਗਮ ਨਾ ਹੋ ਕਿ ਇਕ ਵੱਡਾ ਜਨਤਕ ਇਕੱਠ ਹੋ ਨਿਬੜਿਆ। ਸਮਾਗਮ ਦੌਰਾਨ ਮੁਖ ਮਹਿਮਾਨਾਂ ਅਤੇ ਭੂਪਿੰਦਰ ਕੌਰ ਸੰਧੂ ਡੀ.ਈ.ਓ. ਨੇ ਜੇਤੂ ਬੱਚਿਆਂ ਨੂੰ ਈਨਾਮ ਵੰਡਣ ਦੀ ਰਸਮ ਵੀ ਨਿਭਾਈ।