ਲਗਦਾ ਰਿਸ਼ਤੇ ਮੁੱਕ ਚੱਲੇ ਨੇ।
ਰੁੱਖਾਂ ਵਾਂਗੂੰ ਸੁੱਕ ਚੱਲੇ ਨੇ।
ਹੈਂਕੜ ਬਾਜ਼ੀ ਕਰਦੇ ਲੋਕੀ
ਰੱਬ ਦੇ ਉੱਤੇ ਥੁੱਕ ਚੱਲੇ ਨੇ।
ਸ਼ੋਸ਼ਣ ਵਾਲੇ ਚੂਹੇ ਚਾਦਰ
ਮਿਹਨਤਕਸ਼ ਦੀ ਟੁੱਕ ਚੱਲੇ ਨੇ।
ਅਰਮਾਨਾਂ ਦੀ ਵੇਖੋ ਅਰਥੀ
ਫਰਜ਼ ਕਿਸੇ ਦੇ ਚੁੱਕ ਚੱਲੇ ਨੇ।
ਇੰਜਣ, ਡੱਬੇ ਮੋਹਕੇ ਲੈ ਗਏ
ਕਰਦੇ ਜਦ ਛੁੱਕ ਛੁੱਕ ਚੱਲੇ ਨੇ।
ਤਕੜੇ ਨੂੰ ਸੀ ਲੱਗੇ ਠੋਕਣ
ਮਾੜੇ ਉਸਤੋਂ ਠੁੱਕ ਚੱਲੇ ਨੇ।
ਜਿਹਨਾਂ ਨੂੰ ਸੀ ਜ਼ਖਮ ਦਿਖਾਏ
ਲੂਣ ਉਹੀ ਹੁਣ ਭੁੱਕ ਚੱਲੇ ਨੇ।
ਉਸਨੇ ਤੱਕਕੇ ਤਰਸ ਨਾ ਕੀਤਾ
ਹੰਝੂ ਮੇਰੇ ਮੁੱਕ ਚੱਲੇ ਨੇ।