ਨਵੀਂ ਦਿੱਲੀ – 1991 ਦੇ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਹੱਤਿਆ ਮਾਮਲੇ ਵਿੱਚ ਨਾਮਜ਼ਦ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹਿਣ ਉੱਤੇ ਪੰਜਾਬ ਪੁਲਿਸ ਦੇ ਖ਼ਿਲਾਫ਼ ਸ਼ਾਂਤਮਈ ਰੋਸ ਮੁਜ਼ਾਹਰਾ ‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਵੱਲੋਂ ਕੀਤਾ ਗਿਆ। ਪੰਜਾਬ ਭਵਨ ਵੱਲ ਕੂਚ ਕਰਨ ਲਈ ਸਿੱਖ ਸੰਗਤਾਂ ਨੇ ਮੁਜ਼ਾਹਰੇ ਦੀ ਸ਼ੁਰੂਆਤ ਮੰਡੀ ਹਾਊਸ ਮੈਟਰੋ ਸਟੇਸ਼ਨ ਦੇ ਕੋਲ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਤੋਂ ਕਰਨੀ ਸੀ। ਪਰ ਪੁਲਿਸ ਦੇ ਉੱਚ- ਅਧਿਕਾਰੀਆਂ ਨੇ ਧਾਰਾ 144 ਲੱਗੀ ਹੋਣ ਅਤੇ ਕੋਵਿਡ ਦੀ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਸੰਗਤਾਂ ਨੂੰ ਮੰਡੀ ਹਾਊਸ ਤੋਂ ਮਾਰਚ ਕੱਢਣ ਦੀ ਮਨਜ਼ੂਰੀ ਨਹੀਂ ਦਿੱਤੀ। ਜਿਸ ਦੇ ਬਾਅਦ ਸੰਗਤਾਂ ਨੇ ਸੋਸ਼ਲ ਡਿਸਟੇਂਸਿਗ ਦਾ ਪਾਲਨ ਕਰਦੇ ਹੋਏ ਮੰਡੀ ਹਾਊਸ ਬੱਸ ਸਟਾਪ ਦੇ ਹੇਠਾਂ ਮਨੁੱਖੀ ਲੜੀ ਬਣਾ ਲਈ ਅਤੇ ਸੈਣੀ ਦੀ ਗ੍ਰਿਫਤਾਰੀ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲਿਸ ਦੀ ਲਗਾਤਾਰ ਚਿਤਾਵਨੀਆਂ ਦੇ ਬਾਅਦ ਜੀਕੇ ਨੇ ਮੁਜ਼ਾਹਰਾ ਖ਼ਤਮ ਕਰਨ ਦਾ ਐਲਾਨ ਕੀਤਾ। ਹੱਥਾਂ ਵਿੱਚ ਤਖ਼ਤੀਆਂ ਅਤੇ ਬੈਨਰ ਫੜੇ ਪ੍ਰਦਰਸ਼ਨਕਾਰੀ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ।ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਜੀਕੇ ਨੇ ਕਿਹਾ ਕਿ ਮੋਹਾਲੀ ਕੋਰਟ ਨੇ ਸੈਣੀ ਦੀ ਗਿਰਫਤਾਰੀ ਲਈ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੈਣੀ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਦੇਣ ਤੋਂ ਮਨਾਹੀ ਕਰ ਦਿੱਤੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਜੈਡ ਸੁਰੱਖਿਆ ਪ੍ਰਾਪਤ ਸੈਣੀ ਪੰਜਾਬ ਪੁਲਿਸ ਦੀ ਨੱਕ ਦੇ ਹੇਠੋਂ ਫ਼ਰਾਰ ਹੋ ਜਾਂਦਾ ਹੈ।
ਜੀਕੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸੈਣੀ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ। ਜੀਕੇ ਨੇ ਕੈਪਟਨ-ਸੁਖਬੀਰ ਨੂੰ ਚਾਚਾ-ਭਤੀਜੇ ਦੀ ਸੰਗਿਆ ਦਿੰਦੇ ਹੋਏ ਦੋਨਾਂ ਦੀ ਸੈਣੀ ਨਾਲ ਦੋਸਤੀ ਹੋਣ ਦਾ ਦਾਅਵਾ ਕੀਤਾ। ਜੀਕੇ ਨੇ ਕਿਹਾ ਕਿ 14 ਮਾਰਚ 2012 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੱਪੜਚਿੜੀ ਦੇ ਇਤਿਹਾਸਿਕ ਜੰਗ ਦੇ ਮੈਦਾਨ ਵਿੱਚ ਲੈਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਸੈਣੀ ਨੂੰ ਸੀਨੀਅਰ 5 ਪੁਲਿਸ ਅਧਿਕਾਰੀਆਂ ਨੂੰ ਦਰਕਿਨਾਰ ਕਰਕੇ ਡੀਜੀਪੀ ਲਗਾਉਣ ਦਾ ਕੀਤਾ ਸੀ। 12 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸਰਜਮੀਂ ਉੱਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰਿਆ ਸੀ। ਉਸ ਦੇ ਬਾਅਦ ਸਰਹਿੰਦ ਫ਼ਤਿਹ ਕਰ ਕੇ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਸੀ। ਪਰ ਨੌਜਵਾਨ ਸਿੱਖਾਂ ਉੱਤੇ ਜ਼ੁਲਮ ਕਰਨ ਵਾਲੇ ਸੈਣੀ ਨੂੰ ਬਾਦਲਾਂ ਨੇ ਆਪਣਾ ਡੀਜੀਪੀ ਬਣਾ ਕੇ ਸ਼ਹੀਦਾਂ ਦੇ ਖ਼ੂਨ ਦਾ ਮਜ਼ਾਕ ਉਡਾਇਆ ਸੀ ਅਤੇ ਬਾਦਲਾਂ ਨੇ ਬੰਦਾ ਸਿੰਘ ਬਹਾਦਰ ਦੀ ਜਗਾ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਵਜ਼ੀਰ ਖ਼ਾਨ ਦੀ ਸੋਚ ਨੂੰ ਆਪਣਾ ਜਰਨੈਲ ਬਣਾਇਆ ਸੀ। 2015 ਵਿੱਚ ਇਸੇ ਸੈਣੀ ਦੇ ਆਦੇਸ਼ ਉੱਤੇ ਬਾਦਲ ਸਰਕਾਰ ਦੇ ਸਮੇਂ ਬਹਿਬਲ ਕਲਾਂ ਵਿੱਚ 2 ਨਿਰਦੋਸ਼ ਅਤੇ ਨਿਹੱਥੇ ਸਿੱਖ ਨੌਜਵਾਨ ਪੁਲਿਸ ਦੀ ਗੋਲੀ ਨਾਲ ਮਾਰੇ ਜਾਂਦੇ ਹਨ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿੱਚ ਹੋਈ ਬੇਅਦਬੀ ਦਾ ਸ਼ਾਂਤਮਈ ਇਨਸਾਫ਼ ਮੰਗ ਰਹੇ ਸਨ। ਇਸ ਲਈ ਅਸੀਂ ਬਾਦਲ ਅਤੇ ਕੈਪਟਨ ਉੱਤੇ ਸੈਣੀ ਨੂੰ ਬਚਾਉਣ ਦਾ ਇਲਜ਼ਾਮ ਲੱਗਾ ਰਹੇ ਹਾਂ।