ਮੁੰਬਈ – ਜਯਾ ਬੱਚਨ ਵੱਲੋਂ ਰਾਜਸਭਾ ਵਿੱਚ ਕੰਗਨਾ ਦੇ ਖਿਲਾਫ਼ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਬਾਲੀਵੁੱਡ ਅਭਿਨੇਤਰੀ ਅਤੇ ਸੰਸਦ ਮੈਂਬਰ ਹੇਮਾਮਾਲਿਨੀ ਵੀ ਬਾਲੀਵੁੱਡ ਦੇ ਸਮੱਰਥਨ ਵਿੱਚ ਸਾਹਮਣੇ ਆ ਗਈ ਹੈ। ਹੇਮਾ ਨੇ ਕਿਹਾ ਕਿ ਕੁਝ ਬੁਰੇ ਲੋਕਾਂ ਦੇ ਕਾਰਣ ਪੂਰੀ ਫ਼ਿਲਮ ਇੰਡਸਟਰੀ ਨੂੰ ਬਦਨਾਮ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਬਾਲੀਵੁੱਡ ਬਹੁਤ ਸੁੰਦਰ ਜਗ੍ਹਾ ਅਤੇ ਰਚਨਾਤਮਕ ਦੁਨੀਆਂ ਹੈ, ਇਹ ਕਲਾ ਅਤੇ ਸੰਸਕ੍ਰਿਤੀ ਦਾ ਉਦਯੋਗ ਹੈ।
ਹੇਮਾ ਨੇ ਕੰਗਨਾ ਦਾ ਨਾਮ ਲਏ ਬਗੈਰ ਕਿਹਾ, “ਜਿੰਨ੍ਹਾਂ ਦੀ ਕੋਈ ਵੀ ਗੱਲ ਕਰਨ ਦੀ ਹਿੰਮਤ ਨਹੀਂ ਸੀ, ਅੱਜਕਲ੍ਹ ਉਹ ਕੁਝ ਵੀ ਬੋਲ ਰਹੇ ਹਨ, ਕਿਸੇ ਵੀ ਕਲਾਕਾਰ ਦੇ ਬਾਰੇ ਇਹ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਸਾਡੇ ਵੱਡੇ-ਵੱਡੇ ਕਲਾਕਾਰ ਜਿੰਨ੍ਹਾਂ ਨੇ ਇੱਥੇ ਕੰਮ ਕਰ ਕੇ ਆਪਣਾ ਨਾਮ ਬਣਾਇਆ ਹੈ, ਉਨ੍ਹਾਂ ਦੇ ਸਬੰਧ ਵਿੱਚ ਅੱਜ ਤੁਸੀਂ ਕੁਝ ਵੀ ਬੋਲ ਰਹੇ ਹੋ। ਤੁਹਾਡੀ ਏਨੀ ਹਿੰਮਤ ਕਿਸ ਤਰ੍ਹਾਂ ਹੋ ਗਈ? ਇਹ ਗੱਲਤ ਗੱਲ ਹੈ, ਤੁਹਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।”
ਫ਼ਿਲਮ ਉਦਯੋਗ ਤੇ ਭਾਵੁਕ ਹੁੰਦਿਆਂ ਹੇਮਾ ਨੇ ਕਿਹਾ ਕਿ ਮੈਂ ਇਸ ਇੰਡਸਟਰੀ ਵਿੱਚ ਬਹੁਤ ਸਾਲਾਂ ਤੋਂ ਹਾਂ ਅਤੇ ਇੱਥੋਂ ਮੈਨੂੰ ਬਹੁਤ ਪਿਆਰ ਤੇ ਨਾਮ ਮਿਿਲਆ ਹੈ, ਜੇ ਕੋਈ ਇਸ ਬਾਰੇ ਗੱਲਤ ਗੱਲ ਕਰਦਾ ਹੈ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਨੇਪੋਟਿਜ਼ਮ ਵਰਗੀ ਕੋਈ ਚੀਜ਼ ਨਹੀਂ ਸੀ। ਸੱਭ ਕਲਾਕਾਰ ਆਪਣੀ-ਆਪਣੀ ਮੰਜ਼ਿਲ ਲੈ ਕੇ ਆਉਂਦੇ ਹਨ। ਕੋਈ ਵੀ ਕਿਸੇ ਨੂੰ ਬਣਾ ਨਹੀਂ ਸਕਦਾ, ਮਿਹਨਤ ਕਰਨੀ ਪੈਂਦੀ ਹੈ। ਪਰ ਮੌਕਾ ਜਰੂਰ ਰੱਬ ਦੀ ਕਿਰਪਾ ਨਾਲ ਮਿਲਦਾ ਹੈ।