ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਮੰਤਰੀ ਪਦ ਤੋਂ ਦਿੱਤੇ ਗਏ ਅਸਤੀਫੇ ਨੂੰ ਨੌਟੰਕੀ ਦੱਸਦੇ ਹੋਏ ਕਿਹਾ ਕਿ ਅਜਿਹੇ ਹੱਥਕੰਡੇ ਵਰਤ ਕੇ ਉਹ ਕਿਸਾਨਾਂ ਨੂੰ ਗੁੰਮਰਾਹ ਨਹੀਂ ਕਰ ਸਕਣਗੇ। ਉਨ੍ਹਾਂ ਨੇ ਇਸ ਨੂੰ ਬਹੁਤ ਛੋਟਾ ਅਤੇ ਦੇਰ ਨਾਲ ਉਠਾਇਆ ਗਿਆ ਕਦਮ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਆਰਡੀਨੈਂਸਾਂ ਤੇ ਕੇਂਦਰ ਸਰਕਾਰ ਵੱਲੋਂ ਅਕਾਲੀਆਂ ਦੇ ਮੂੰਹ ਤੇ ਥੱਪੜ ਮਾਰਨ ਦੇ ਬਾਵਜੂਦ ਵੀ ਉਨ੍ਹਾਂ ਨੇ ਬੀਜੇਪੀ ਨਾਲ ਗਠਜੋੜ ਤੇ ਸਬੰਧ ਨਹੀਂ ਤੋੜੇ ।
ਮੁੱਖਮੰਤਰੀ ਨੇ ਕਿਹਾ ਕਿ ਹਰਸਿਮਰਤ ਕੌਰ ਦਾ ਅਸਤੀਫ਼ਾ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਉਣ ਦੇ ਢਕੋਸਲੇ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ। ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਤੱਕ ਦੇ ਕੀਤੇ ਡਰਾਮਿਆਂ ਵਿੱਚ ਇੱਕ ਹੋਰ ਡਰਾਮਾ ਸ਼ਾਮਲ ਹੋ ਗਿਆ ਹੈ, ਅਸਤੀਫ਼ੇ ਦੇ ਬਾਵਜੂਦ ਇਨ੍ਹਾਂ ਨੇ ਹਾਲੇ ਤੱਕ ਸੱਤਾਧਾਰੀ ਗੱਠਜੋੜ ਨੂੰ ਨਹੀਂ ਛੱਡਿਆ। ਇਹ ਸਭ ਇਨ੍ਹਾਂ ਨੇ ਕਿਸਾਨਾਂ ਦੀ ਫ਼ਿਕਰ ਨੂੰ ਧਿਆਨ ਵਿੱਚ ਰੱਖਦੇ ਹੋਏ ਨਹੀਂ ਕੀਤਾ ਸਗੋਂ ਆਪਣੀ ਸਿਆਸਤ ਦੇ ਭਵਿੱਖ ਨੂੰ ਬਚਾਉਣ ਲਈ ਕੀਤਾ ਤੇ ਹੁਣ ਇਹ ਸਭ ਕਰਨ ਦਾ ਵੀ ਕੋਈ ਫ਼ਾਇਦਾ ਨਹੀਂ ਕਿਉਂਕਿ ਹੁਣ ਬਹੁਤ ਦੇਰ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਜ਼ਰੂਰੀ ਵਸਤੂ ਐਕਟ (ਖੇਤੀਬਾੜੀ ਆਰਡੀਨੈਂਸ) ਕੇਂਦਰ ਵੱਲੋਂ ਜਾਣਬੁੱਝ ਕੇ ਕਿਸਾਨਾਂ ‘ਤੇ ਸਿੱਧਾ ਸਿੱਧਾ ਹਮਲਾ ਹੈ। ਮੈਂ ਫਿਰ ਤੋਂ ਨਰੇਂਦਰ ਮੋਦੀ ਜੀ। ਨੂੰ ਬੇਨਤੀ ਕਰਦਾ ਹਾਂ ਕਿ ਉਹ ਮੁੜ ਤੋਂ ਇਸ ‘ਤੇ ਵਿਚਾਰ ਕਰਨ ਤੇ ਬਾਕੀ ਦੋ ਬਿੱਲਾਂ ਨੂੰ ਸੰਸਦ ਵਿੱਚ ਪੇਸ਼ ਨਾ ਕਰਨ। ਪੰਜਾਬ ਦੇ ਕਿਸਾਨ ਜੋ ਕੌਮੀ ਅਨਾਜ ਸੁਰੱਖਿਆ ਪ੍ਰਦਾਨ ਕਰਦੇ ਹਨ ਅਸੀਂ ਉਨ੍ਹਾਂ ਲਈ ਇੰਨਾ ਤਾਂ ਕਰ ਹੀ ਸਕਦੇ ਹਾਂ।