ਫ਼ਤਹਿਗੜ੍ਹ ਸਾਹਿਬ – “ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਜਾਲਮਨਾਂ ਅਮਲ ਕਰਨ ਵਾਲੇ ਜਾਂ ਕਰਵਾਉਣ ਵਾਲੇ ਬੇਸ਼ੱਕ ਆਪਣੇ ਦਿਮਾਗੀ ਸ਼ਾਤੁਰ ਘੋੜਿਆਂ ਨੂੰ ਭਜਾਉਦੇ ਹੋਏ ਅਤੇ ਫਿਰਕੂ ਸੋਚ ਦਾ ਪੱਖ ਪੂਰਕੇ ਅਦਾਲਤਾਂ, ਕਾਨੂੰਨ ਅਤੇ ਜੱਜਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਜਾਵਾਂ ਤੋਂ ਬੇਸ਼ੱਕ ਕਿਸੇ ਢੰਗ ਨਾਲ ਬਚ ਜਾਣ, ਪਰ ਅਜਿਹੇ ਇਨਸਾਨੀਅਤ ਵਿਰੋਧੀ ਚਿਹਰੇ ਉਸ ਅਕਾਲ ਪੁਰਖ ਦੇ ਇਨਸਾਫ਼ ਤੋਂ ਕਤਈ ਨਹੀਂ ਬਚ ਸਕਦੇ । 1984 ਵਿਚ ਜਦੋਂ ਮਰਹੂਮ ਇੰਦਰਾ ਗਾਂਧੀ ਨੇ ਸਭ ਕਾਨੂੰਨ, ਕਾਇਦੇ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਕੇ, ਸਿੱਖ ਕੌਮ ਵਿਰੋਧੀ ਨਫ਼ਰਤ ਦਾ ਗੁਲਾਮ ਬਣਕੇ ਸਿੱਖ ਕੌਮ ਦੇ ਸਰਬਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਰਤਾਨੀਆ, ਸੋਵੀਅਤ ਰੂਸ ਅਤੇ ਇੰਡੀਆ ਤਿੰਨੇ ਫ਼ੌਜਾਂ ਦੇ ਰਾਹੀ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਗੁਰੂਘਰਾਂ ਨੂੰ ਢਹਿ-ਢੇਰੀ ਕੀਤਾ ਅਤੇ 25 ਹਜ਼ਾਰ ਦੇ ਕਰੀਬ ਨਿਰਦੋਸ਼, ਨਿਹੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਸਰਧਾ ਨਾਲ ਨਤਮਸਤਕ ਹੋਣ ਆਏ ਸਰਧਾਲੂਆਂ ਨੂੰ ਸ਼ਹੀਦ ਕੀਤਾ ਤਾਂ ਇਹ ਕਹਿਰ ਢਾਹੁਣ ਵਿਚ ਉਸ ਸਮੇਂ ਦੇ ਦਾ ਟਾਇਮਜ਼ ਆਫ਼ ਇੰਡੀਆ ਦੇ ਐਡੀਟਰ ਗਿਰੀ ਲਾਲ ਜੈਨ ਅਤੇ ਦਾ ਟ੍ਰਿਬਿਊਨ ਦੇ ਐਡੀਟਰ ਅਰੁਣ ਸੋਰੀ ਨੇ ਇਨ੍ਹਾਂ ਅਖਬਾਰਾਂ ਰਾਹੀ ਸਿੱਖ ਕੌਮ ਵਿਰੁੱਧ ਕੇਵਲ ਜਹਿਰ ਹੀ ਨਹੀਂ ਫੈਲਾਇਆ, ਬਲਕਿ ਮਰਹੂਮ ਇੰਦਰਾ ਗਾਂਧੀ ਨੂੰ ਉਪਰੋਕਤ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਲਈ ਉਤਸਾਹਿਤ ਵੀ ਕੀਤਾ । ਜਿਸ ਲਈ ਗਿਰੀ ਲਾਲ ਜੈਨ ਅਤੇ ਅਰੁਣ ਸੋਰੀ ਸਿੱਖ ਕੌਮ ਦੇ ਨਾਲ-ਨਾਲ ਇਨਸਾਨੀਅਤ ਦੇ ਵੀ ਵੱਡੇ ਦੋਸ਼ੀ ਹਨ । ਆਪਣੀ ਹਿੰਦੂਤਵ ਪਹੁੰਚ ਦੀ ਬਦੌਲਤ ਬੇਸ਼ੱਕ ਇਹ ਦੋਵੇ ਕਾਨੂੰਨ ਦੇ ਸਿਕੰਜੇ ਵਿਚ ਨਹੀਂ ਆਏ, ਪਰ ਅਜਿਹੇ ਜਾਲਮ ਉਸ ਅਕਾਲ ਪੁਰਖ ਦੇ ਇਨਸਾਫ਼ ਤੋਂ ਬੱਚ ਨਹੀਂ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਕੂਮਤੀ, ਧਨ-ਦੌਲਤਾ, ਫ਼ੌਜੀ ਸਾਧਨਾਂ ਦੀ ਤਾਕਤ ਅਤੇ ਉਸ ਅਕਾਲ ਪੁਰਖ ਦੀ ਅਲੋਕਿਕ ਤਾਕਤ ਦੇ ਫਰਕ ਦਾ ਵਰਣਨ ਕਰਦੇ ਹੋਏ ਗਿਰੀ ਲਾਲ ਜੈਨ ਅਤੇ ਅਰੁਣ ਸੋਰੀ ਵਰਗੀਆ ਮਨੁੱਖਤਾ ਦੀ ਦੁਸ਼ਮਣ ਦੋਸ਼ੀ ਆਤਮਾਵਾਂ ਨੂੰ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਬਣਦੀ ਸਜ਼ਾ ਭੁਗਤਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਇਕ ਇਸਲਾਮਿਕ ਮੁਲਕ ਹੈ ਜਿਸਦੇ ਇੰਡੀਆ ਨਾਲ ਚੰਗੇ ਸੰਬੰਧ ਹਨ, ਇਨ੍ਹਾਂ ਚੰਗੇ ਸੰਬੰਧਾਂ ਅਤੇ ਮਾਹੌਲ ਨੂੰ ਹੋਰ ਚੰਗੇਰਾ ਬਣਾਉਣ ਦੀ ਬਜਾਇ ਜੋ ਹਿੰਦੂਤਵ ਹੁਕਮਰਾਨਾਂ ਨੇ ਬੰਗਲਾਦੇਸ਼ ਨੂੰ ਜਾਣ ਵਾਲੀਆ ਜ਼ਰੂਰੀ ਵਸਤਾਂ ਤੇ ਰੋਕ ਲਗਾਈ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਅਣਮਨੁੱਖੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੈ । ਕਿਉਂਕਿ ਬੰਗਲਾਦੇਸ਼ ਨਾਲ ਸਿੱਖ ਕੌਮ ਦੇ ਬਹੁਤ ਅੱਛੇ ਤੇ ਡੂੰਘੇ ਸੰਬੰਧ ਹਨ। ਉਥੇ ਸਾਡੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਥਾਂਨ ਹਨ । ਸਾਡੀ ਸਮਝ ਤੋਂ ਇਹ ਬਾਹਰ ਹੈ ਕਿ ਹਿੰਦੂਤਵ ਇੰਡੀਆ ਬੰਗਲਾਦੇਸ਼ ਨਾਲ ਅਜਿਹੀ ਵੈਰ ਵਿਰੋਧ ਵਾਲੀ ਨੀਤੀ ਕਿਉਂ ਬਣਾ ਰਿਹਾ ਹੈ । ਬੀਤੇ ਸਮੇਂ ਦੇ ਵਜ਼ੀਰ ਏ ਆਜਮ ਰਾਜੀਵ ਗਾਂਧੀ ਅਤੇ ਮੌਜੂਦਾ ਵਜੀਰ ਏ ਆਜਮ ਨਰਿੰਦਰ ਮੋਦੀ ਗੁਆਢੀ ਮੁਲਕਾਂ ਨਾਲ ਵਿੱਤੀ ਰੋਕਾ ਲਗਾਕੇ ਉਨ੍ਹਾਂ ਦੀ ਮਾਲੀ ਹਾਲਤ ਤੇ ਉਨ੍ਹਾਂ ਦੇ ਵਿਕਾਸ ਨੂੰ ਤੇ ਉਥੋਂ ਦੇ ਨਿਵਾਸੀਆ ਦੇ ਜੀਵਨ ਪੱਧਰ ਨੂੰ ਕਿਉਂ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ? ਅਜਿਹੀ ਸੋਚ ਦੀ ਬਦੌਲਤ ਹੀ ਗੁਆਢੀ ਮੁਲਕ ਨੇਪਾਲ ਹੁਣ ਕਾਮਨਿਸਟ ਚੀਨ ਦੇ ਖੇਮੇ ਵਿਚ ਜਾ ਰਲਿਆ ਹੈ । ਇਸ ਹਿੰਦੂਤਵ ਇੰਡੀਆ ਦੀਆਂ ਵਿੱਤੀ ਤੇ ਵਪਾਰਿਕ ਰੋਕਾਂ ਤੋਂ ਤੰਗ ਹੋ ਕੇ ਬੰਗਲਾਦੇਸ਼ ਵੀ ਕਮਿਊਨਿਸਟ ਚੀਨ ਦੇ ਖੇਮੇ ਵਿਚ ਚਲਾ ਜਾਵੇਗਾ ਜਿਸਦੇ ਨਤੀਜੇ ਕਦੀ ਵੀ ਲਾਹੇਵੰਦ ਨਹੀਂ ਹੋਣਗੇ ।
ਸ. ਮਾਨ ਨੇ ਹਿੰਦੂ ਇੰਡੀਆ ਮੁਲਕ ਦੇ ਹੁਕਮਰਾਨਾਂ ਦੀ ਫਿਰਕੂ ਅਤੇ ਕੱਟੜਵਾਦੀ ਸੋਚ ਉਤੇ ਜੋਰਦਾਰ ਹਮਲਾ ਕਰਦੇ ਹੋਏ ਕਿਹਾ ਕਿ ਇਹ ਹੁਕਮਰਾਨ ਹੁਣ ਇਥੇ, ਜਿਥੇ ਵੱਡੀ ਗਿਣਤੀ ਵਿਚ ਘੱਟ ਗਿਣਤੀ ਕੌਮਾਂ, ਕਬੀਲੇ, ਫਿਰਕੇ, ਆਦਿਵਾਸੀ ਵੱਸਦੇ ਹਨ ਅਤੇ ਜਿਨ੍ਹਾਂ ਦੇ ਆਪੋ-ਆਪਣੇ ਵੱਖੋ-ਵੱਖਰੇ ਧਰਮ, ਬੋਲੀਆ, ਸੱਭਿਆਚਾਰ, ਵਿਰਸਾ-ਵਿਰਾਸਤ ਹੈ, ਉਨ੍ਹਾਂ ਉਤੇ ਜ਼ਬਰੀ ਇਹ ਹਿੰਦੂਤਵ ਹੁਕਮਰਾਨ ਵਿਸ਼ੇਸ਼ ਤੌਰ ਤੇ ਬੀਜੇਪੀ-ਆਰ.ਐਸ.ਐਸ. ਦੀਆਂ ਜਮਾਤਾਂ ਹਿੰਦੀ ਭਾਸ਼ਾ ਥੋਪਦੇ ਹੋਏ ਹਿੰਦੂ ਰਾਸ਼ਟਰ ਬਣਾਉਣ ਦੇ ਇਨਸਾਨੀਅਤ ਵਿਰੋਧੀ ਅਮਲ ਕਰਨ ਜਾ ਰਹੇ ਹਨ । ਬੀਤੇ ਕੱਲ੍ਹ ਇਸ ਹਿੰਦੂਤਵ ਕੈਬਨਿਟ ਵਿਚ ਸਾਮਿਲ ਇਕੋ ਇਕ ਸਿੱਖ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ । ਇਹ ਹੁਣ ਤੱਕ ਦੇ ਇਤਿਹਾਸ ਦੀ ਪਹਿਲੀ ਘਟਨਾ ਹੈ ਕਿ ਸੈਂਟਰ ਦੀ ਕੈਬਨਿਟ ਵਿਚ ਹੁਣ ਕੋਈ ਵੀ ਸਿੱਖ ਨਹੀਂ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਜੇਪੀ-ਆਰ.ਐਸ.ਐਸ. ਅਤੇ ਨਰਿੰਦਰ ਮੋਦੀ ਦੀ ਕੈਬਨਿਟ ਵੱਲੋਂ ਬੰਗਲਾਦੇਸ਼ ਨਾਲ ਕੀਤੇ ਜਾ ਰਹੇ ਇਨਸਾਨੀਅਤ ਵਿਰੋਧੀ ਵਿਹਾਰ ਦੀ ਨੀਤੀ ਨੂੰ ਜਿਥੇ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਉਥੇ ਇਨਸਾਨੀਅਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਸੋਚ ਦੀ ਬਦੌਲਤ ਬੰਗਲਾਦੇਸ਼ ਨਾਲ ਆਪਣੇ ਸੰਬੰਧਾਂ ਨੂੰ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਬਣਾਉਣ ਵਿਚ ਅਮਲ ਕਰਨ ਵਿਚ ਵਿਸਵਾਸ ਰੱਖਦਾ ਹੈ । ਕਿਉਂਕਿ ਸਾਨੂੰ ਗੁਰੂ ਸਾਹਿਬਾਨ ਨੇ ਸਮੁੱਚੀ ਮਨੁੱਖਤਾ ਦੀ ਬਿਹਤਰੀ, ਲੋੜਵੰਦਾ, ਮਜਲੂਮਾਂ ਦੀ ਰੱਖਿਆ ਕਰਨ ਦਾ ਮਨੁੱਖਤਾ ਪੱਖੀ ਸੰਦੇਸ਼ ਦਿੱਤਾ ਹੈ । ਜਿਸ ਤੇ ਅਸੀਂ ਪਹਿਰਾ ਦਿੰਦੇ ਹੋਏ ਕੇਵਲ ਬੰਗਲਾਦੇਸ਼ ਨਾਲ ਹੀ ਨਹੀਂ, ਬਲਕਿ ਨੇਪਾਲ, ਭੁਟਾਨ, ਸ੍ਰੀਲੰਕਾ, ਬਰਮਾ, ਪਾਕਿਸਤਾਨ, ਚੀਨ, ਅਫਗਾਨੀਸਤਾਨ ਆਦਿ ਸਭਨਾਂ ਨਾਲ ਚੰਗੇ ਸਬੰਧ ਰੱਖੇਗਾ ।