ਵਿਸ਼ਵ ਭਰ ਦੇ ਪੰਜਾਬੀ ਸਾਹਿਤਕ ਜਗਤ ਵਿੱਚ ਪ੍ਰਗਤੀਵਾਦੀ ਕਹਾਣੀ ਅਤੇ ਲੰਮੀ ਕਹਾਣੀ ਵਿੱਚ ਸਥਾਪਿਤ ਹਸਤਾਖ਼ਰ ਅਤੇ ਦੁਆਬੇ ਵਿੱਚ ਪੰਜਾਬੀ ਸਾਹਿਤ ਸਭਾਵਾਂ ਦੇ ਜਨਮ ਅਤੇ ਪ੍ਰਫੁੱਲਤਾ ਦੇ ਬਾਬਾ ਬੋਹੜ “ ਕਹਾਣੀਕਾਰ ਲਾਲ ਸਿੰਘ “ ਵੱਲੋਂ ਪਾਠਕਾਂ ਦੀ ਝੋਲੀ ਵਿੱਚ ਉਹਨਾਂ ਦੀਆਂ ਸਵੈ –ਜੀਵਨਕ ਕਥਾਵਾਂ ਦਾ ਵਿਰਤਾਂਤ “ਬੇਸਮਝੀਆਂ ” ਜੋ ਕਿ ਉਹਨਾਂ ਦੇ ਨਿੱਜ ਨਾਲ ਹੰਢਾਈਆਂ ਮਾਰਗ-ਦਰਸ਼ਕ ਸਵੈ-ਜੀਵਨਕ ਕਥਾਵਾਂ ਦਾ ਸਮੂਹ ਹੈ ।ਉਹਨਾਂ ਇਸ ਸ਼ਾਹਕਾਰ ਰਚਨਾ ਵਿੱਚ ਆਪਣੀ ਜਿੰਦਗੀ ਦੇ ਅੱਧੇ ਸਦੀ ਤੋਂ ਵੱਧ ਲੇਖਣੀ ਦੇ ਅਨੁਭਵ ਅਤੇ ਨਿੱਜੀ ਜਿੰਦਗੀ ਦੇ ਤਜਰਬੇ ਸਾਂਝੇ ਕੀਤੇ ਹਨ । ਜਿਸ ਨੂੰ ਪੰਜਾਬੀ ਦੇ ਸਿਰਮੌਰ ਸਾਹਿਤਕਾਰ ,ਸੰਸਥਾਵਾਂ ਅਤੇ ਪਾਠਕਾਂ ਵੱਲੋ ਬੜੇ ਲੰਮੇ ਅਰਸੇ ਤੋਂ ਉਡੀਕਿਆ ਜਾ ਰਿਹਾ ਸੀ । ਇਸ ਪੁਸਤਕ ਬਾਰੇ ਪਹਿਲੇ ਸ਼ਬਦਾਂ ਬਾਰੇ ਲੇਖਕ ਕਹਾਣੀਕਾਰ ਲਾਲ ਸਿੰਘ ਦਾ ਵਿਚਾਰ ਹੈ ਕਿ ਉਹਨਾਂ ਦੀ ਇਹ ਲਿਖਤ ਦਾ ਫਲਸਫਾ ਇਹ ਹੈ ਕਿ ਜਿੰਦਗੀ ਤਰਾਸਦੀਆਂ ਦਾ ਜਮਘਟਾ ਹੈ, ਸੁਖਾਂਤ ਤਾਂ ਇਥੇ ਕਦੀ ਕਦਾਈ ਐਵੇਂ ਝਲਕਾਰਾ ਜਿਹਾ ਵੀ ਵਖਾਉਂਦੇ ਹਨ । ਸਵੈ ਜੀਵਨੀਆਂ ਲਿਖੀਆਂ ਨਹੀਂ ਜਾਂਦੀਆਂ, ਸਗੋਂ ਉਹ ਰੋਂਦੀਆਂ ਹਨ ਕਿਉਂਕਿ ਜੋ ਵਿਅਕਤੀ ਆਪਣੇ ਜੀਵਨ ਦੇ ਕੌੜੇ ਅਨੁਭਵਾਂ ਨੂੰ ਜਦੋਂ ਸ਼ਬਦਾਂ ਵਿੱਚ ਪੇਸ਼ ਕਰਦਾ ਹੈ ਤਾਂ ਪਤਾ ਨਹੀਂ ਉਹ ਹੰਢਾਏ ਹੋਏ ਪਲਾਂ ਨੂੰ ਯਾਦ ਕਰਕੇ ਕਿੰਨੀ ਵਾਰ ਰੋਦਾ ਹੈ। ਉਹਨਾਂ ਇਸ ਕਿਤਾਬ ਵਿੱਚ ਇਹ ਸਾਰਾ ਕੁਝ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਲੇਖਕ ਕਹਾਣੀਕਾਰ ਲਾਲ ਸਿੰਘ ਨੇ ਬੇਸਮਝੀਆਂ ਵਿੱਚ “ਆਪਣੇ ਉਮਰ ਪੌਡੀ ਦਾ ਅੱਠਵਾਂ ਪੌੜਾ”, “ਕੀ ਖੱਟਿਆ,ਕੀ ਗੁਆਇਆ”, “ਤਿਲਕਵੀਂ ਲਿਸ਼ਕੌਰ”, “ਬਦਲਵਾਂ ਪੈਂਡਾ”, “ਘਰ ਬਨਾਮ ਘਰ”, “ਕਲਮਕਾਰੀ ਦੀ ਪਿੱਠ–ਭੂਮੀ” ਸਮੇਤ “ਮਾਇਆ ਜਾਲ” ਦੀਆਂ ਡੂੰਘੀਆਂ ਤੈਹਾਂ ਦੇ ਤਜਰਬਿਆਂ ਨੂੰ ਬੇਬਾਕੀ ਨਾਲ ਆਪਣੀ ਕਲਮ ਵਿੱਚ ਪਿਰੋਇਆ ਹੈ । ਇਸ ਤੋਂ ਪਹਿਲਾਂ ਕਹਾਣੀਕਾਰ ਲਾਲ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ “ ਮਾਰਖੋਰੇ ” 1984 ਵਿੱਚ ਛਪਿਆ ਸੀ, ਇਸ ਪਿੱਛੋਂ 1986 ਵਿੱਚ “ਬਲੌਰ ”, 1990 ਵਿੱਚ “ ਧੁੱਪ-ਛਾਂ “,1996 ਵਿੱਚ ਕਾਲੀ ਮਿੱਟੀ, 2003 ਵਿੱਚ “ਅੱਧੇ ਅਧੂਰੇ ” ਅਤੇ 2009 ਵਿੱਚ “ ਗੜ੍ਹੀ ਬਖ਼ਸ਼ਾ ਸਿੰਘ ” ਅਤੇ 2017 ਵਿੱਚ “ਸੰਸਾਰ” ਨਾਮਕ ਕਥਾ ਸੰਗ੍ਰਿਹ ਛਪੇ ਸਨ । ਲਾਲ ਸਿੰਘ ਦੇ ਕਾਫੀ ਵਿੱਦਿਅਕ ਖੋਜ ਕਾਰਜ ਹੋ ਚੁੱਕੇ ਹਨ । ਉਹਨਾਂ ਦੀਆ ਲਿਖਤਾਂ ਦੀ ਵੈਬ ਸਾਇਟ ww.lalsinghdasuya.yolasite.com
ਵੀ ਚਲ ਰਹੀ ਹੈ । ਪੰਜਾਬੀ ਸਾਹਿਤਕ ਜਗਤ ਦੇ ਲੇਖਕਾਂ ਦਾ ਲੇਖਕ ਲਾਲ ਸਿੰਘ ਪ਼ਤੀ ਪੱਕਾ ਬਿੰਬ ਹੈ ਕਿ ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ । ਪਾਠਕਾਂ ਅਤੇ ਆਲੋਚਕਾਂ ਅਨੁਸਾਰ ਕਹਾਣੀਕਾਰ ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ , ਪਰ ਉਸ ਦੀ ਕਥਾ ਚੇਤਨਾ ਵਿੱਚ ਉਹ ਸਭ ਕੁਝ ਹੈ , ਜੋ ਕਿ ਚੌਥੇ ਪੜਾਅ ਦੇ ਨੌਜਵਾਨ ਕਹਾਣੀਕਾਰਾਂ ਦੀਆਂ ਰਚਨਾਵਾਂ ਵਿੱਚ ਮੌਜੂਦ ਹੈ । ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦ੍ਰਿਸ਼ਟੀ ਦਾ ਪੂਜਕ ਨਹੀ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿੱਚ ਲੋਕ ਹਿਤੂ ਸਿਧਾਤਾਂ ਦੀ ਪ੍ਰਸੰਗਿਕਤਾ ਨੂੰ ਸੰਵਾਦ ਦੇ ਨਜ਼ਰੀਏ ਤੋਂ ਪੇਸ਼ਕਾਰੀ ਕਰਨ ਵਾਲੀ ਲੇਖਕ ਹੈ । ਲਾਲ ਸਿੰਘ ਦੀ ਲੇਖਣੀ ਪੰਜਾਬੀ ਸਮਾਜ ਦੇ ਜਾਤੀ ਜਮਾਤੀ ਪ੍ਰਸੰਗਾਂ ਨੂੰ ਪ੍ਰਸਤਤ ਕਰਦੀ ਪੰਜਾਬੀ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਢਾਂਚੇ ਉੱਤੇ ਕਾਬਜ਼ ਧਿਰਾਂ ਵੱਲੋਂ ਮਿਹਨਤਕਸ਼ ਵਰਗਾਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਪ੍ਰਤੀ ਤਿੱਖੇ ਪ੍ਰਵਚਨ ਉਚਾਰਦੀ ਹੈ । ਉਸਦੀਆਂ ਸਮੁੱਚੀਆਂ ਲਿਖਤਾਂ ਦਾ ਕੇਂਦਰੀ ਨੁਕਤਾ ਸਾਮਰਾਜੀ ਤਾਕਤਾਂ ਦੇ ਵਿਦੇਸ਼ੀ ਅਤੇ ਦੇਸੀ ਰੂਪਾਂ ਦੁਆਰਾ ਹਾਸ਼ੀਅਤ ਵਰਗਾਂ ਨਾਲ ਕੀਤੇ ਜਾਂਦੇ ਸਮਾਜਿਕ ਅਨਿਆਂ ਵਿਰੁੱਧ ਉਗਰ ,ਖਰ੍ਹਵੇਂ ਅਤੇ ਬੜਬੋਲੇ ਉਚਾਰਾਂ ਵਾਲੇ ਕਥਾ ਸ਼ਿਲਪ ਦਾ ਪ੍ਰਸਾਰ ਕਰਨਾ ਹੈ । ਇਸ ਪੱਖੋਂ ਉਹ ਵਕਤ ਦੀ ਚਾਲ ਨੂੰ ਪਛਾਣ ਕੇ ਆਪਣੀ ਲੇਖਣੀ ਨੂੰ ਚਿੰਤਨ ਪ੍ਰਧਾਨ ਬਣਾਉਣ ਵਾਲਾ ਸੁਚੇਤ ਕਥਾਕਾਰ ਹੈ। ਖੁਦਕੁਸ਼ੀਆਂ ਦੇ ਰਾਹ ਪਈ ਅਤੇ ਕਾਰਪੋਰੇਟ ਜਗਤ ਰਾਹੀ ਰਾਜਨੀਤਕ ਪਹੀਏ ਰਾਹੀਂ ਪੰਜਾਬ ਦੀ ਕਿਸਾਨੀ , ਨੌਜਵਾਨਾਂ ਦੀ ਦਿਸ਼ਾਹੀਣਤਾ, ਦਿਹਾਤੀ ਖੇਤਰ ਵਿੱਚ ਉਪਭੋਗਤਾਵਾਦੀ ਰੁਚੀਆਂ ਦੇ ਦਖ਼ਲ , ਗਲੋਬਲ ਪਿੰਡ ਦੇ ਵਿਕਾਸ ਮਾਡਲ ਵੱਲੋਂ ਮੰਡੀ ਅਤੇ ਬਾਜ਼ਾਰ ਦੇ ਖੜ੍ਹੇ ਕੀਤੇ ਤਲਿੱਸਮ ਵਿੱਚ ਉਲਝੀ ਪੰਜਾਬੀ ਬੰਦਿਆਈ ਨੂੰ ਆਏ ਸੰਕਟਾਂ ‘ਤੇ ਰੁਦਨ ਕਰਨਾ ਵੀ ਉਸ਼ਦਜੇ ਕਥਾ ਮਰਕਜ਼ ਦਾ ਹਿੱਸਾ ਸ਼ੁਰੂ ਤੋਂ ਰਿਹਾ ਹੈ । ਲਾਲ ਸਿੰਘ ਸੱਤਾ ਦਾ ਧਰਮ ਅਤੇ ਕਾਰਪੋਰੇਟ ਸੈਕਟਰ ਨਾਲ ਨਾਪਾਕ ਗਠਜੋੜ ਸਮੁੱਚੀ ਲੋਕਾਈ ਲਈ ਕਿੰਨਾ ਖਤਰਨਾਕ ਹੈ ਇਸਦੇ ਕਥਾ ਵੇਰਵੇ ਆਪਣੀਆਂ ਲਿਖਤਾਂ ਵਿੱਚ ਕਰਦਾ ਹੈ । ਕਾਰਪੋਰੇਟ ਸੈਕਟਰ ਨੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਵਿਚ ਮੈਰਿਜ ਪੈਲਸ , ਰਿਜ਼ੋਰਟ , ਮਾਲਜ਼ ਅਤੇ ਹਾਬੜ ਉਸਾਰੀ ਨੇ ਅਖੌਤੀ ਵਿਕਾਸ ਮਾਡਲ ਦਾ ਮਾਰੂ ਅਧਿਆਇ ਸ਼ੁਰੂ ਕਰ ਦਿੱਤਾ ਹੈ । ਲਾਲ ਦੀਆਂ ਲਿਖਤਾਂ ਵਿੱਚ ਜ਼ਮੀਨਾਂ ਦੇ ਉਜਾੜੇ, ਖੇਤੀ ਦੀ ਮੰਦਹਾਲੀ ਅਤੇ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਰਾਮਗੋਪਾਲ ਅਤੇ ਮਹਿੰਗਾ ਰਾਮ ਵਰਗੇ ਪਾਤਰ ਆਪਣੇ ਦੇਸ਼ ਵਿੱਚ ਇਕ ਬੇਗਾਨਗੀ ਦੇ ਅਹਿਸਾਸ ਵਿੱਚੋਂ ਗੁਜ਼ਰਦੇ ਹਨ । ਹੁਣ ਪਾਠਕਾਂ,ਲੇਖਕਾਂ ਅਤੇ ਆਲੋਚਕਾਂ ਵੱਲੋਂ ਕਹਾਣੀਕਾਰ ਦੇ ਇਸ ਸਵੈ-ਜੀਵਨਕ ਕਥਾਵਾਂ ਦਾ ਵਿਰਤਾਂਤ “ ਬੇਸਮਝੀਆਂ ” ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ , ਅਤੇ ਇਸ ਨੂੰ ਪੜ੍ਹ ਕੇ ਪ੍ਰਤੀਕਰਮ ਦੇਣ ਲਈ ਭਾਰੀ ਉਤਸ਼ਾਹ ਹੈ ।