ਭਾਰਤ-ਚੀਨ ਦਾ ਸਰਹੱਦੀ ਮਸਲਾਂ ਬੇਸ਼ੱਕ ਪੁਰਾਣਾ ਹੈ ਪਰ ਪਿਛਲੇ ਕੁੱਝ ਮਹੀਨਿਆਂ ਤੋਂ ਇਸ `ਚ ਵੱਡੇ ਪੱਧਰ `ਤੇ ਬੁਨਿਆਦੀ ਬਦਲਾਅ ਸਾਹਮਣੇ ਆਏ ਹਨ।ਦੋਵਾਂ ਦੇਸ਼ਾਂ ਵਿਚਾਲੇ ਕਾਰੋਬਾਰੀ ਨਿਰਭਰਤਾ ਹੋਣ ਕਰਕੇ ਲੰਮੀ ਜੰਗ ਜਾਰੀ ਨਹੀਂ ਰਹਿ ਸਕਦੀ ਪਰ ਭਾਰਤ ਦੀ ਚੀਨ `ਤੇ ਟੈਕਨਾਲੋਜੀ ਦੀ ਨਿਰਭਰਤਾ ਸਿੱਧੇ ਰੂਪ `ਚ ਸਾਈਬਰ ਹਮਲਿਆਂ ਦਾ ਕਾਰਨ ਬਣ ਸਕਦੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਫ਼ੌਜ ਦੀ ਉੱਤਰੀ ਕਮਾਂਡ ਦੇ ਸਾਬਕਾ ਜਨਰਲ ਅਫ਼ਸਰ ਕਮਾਂਡਿੰਗ ਚੀਫ਼ ਲੈਫ਼ਟੀਨੇਟ ਜਨਰਲ (ਸੇਵਾ ਮੁਕਤ) ਦੀਪਿੰਦਰ ਸਿੰਘ ਹੁੱਡਾ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ `ਭਾਰਤ-ਚੀਨ ਸਬੰਧਾਂ ਦੇ ਭਵਿੱਖ` ਵਿਸ਼ੇ `ਤੇ ਕਰਵਾਈ ਵਰਚੁਅਲ ਮੀਟ ਦੌਰਾਨ ਕੀਤਾ।ਭਾਰਤ-ਚੀਨ ਦੇ ਸਰਹੱਦੀ, ਕਾਰੋਬਾਰੀ, ਆਰਥਿਕ ਸਬੰਧਾਂ ਨੂੰ ਲੈ ਕੇ ਇਸ ਮਹੱਤਵਪੂਰਨ ਵਿਚਾਰ ਗੋਸ਼ਟੀ ਦੌਰਾਨ ਭਾਰਤੀ ਫ਼ੌਜਾਂ ਦੇ ਸਾਬਕਾ ਸੀਨੀਅਰ ਅਧਿਕਾਰੀਆਂ ਅਤੇ ਸੁਰੱਖਿਆ ਮਾਹਿਰਾਂ ਨੇ ਆਪੋ-ਆਪਣੇ ਪ੍ਰਤੀਕਰਮ ਪੇਸ਼ ਕੀਤੇ।ਇਸ ਦੌਰਾਨ ਸਾਬਕਾ ਭਾਰਤੀ ਜਲ ਸੈਨਾ ਦੇ ਚੀਫ਼ ਅਤੇ ਚੀਫ਼ਸ ਆਫ਼ ਸਟਾਫ਼ ਕਮੇਟੀ ਦੇ ਸਾਬਕਾ ਚੇਅਰਮੈਨ, ਐਡਮਿਰਲ (ਸੇਵਾ ਮੁਕਤ) ਸੁਨੀਲ ਲਾਂਬਾ, ਪੂਰਬੀ ਕਮਾਂਡ ਦੇ ਸਾਬਕਾ ਜਨਰਲ ਅਫ਼ਸਰ ਕਮਾਡਿੰਗ ਚੀਫ਼ ਲੈਫ਼ਟੀਨੇਟ ਜਨਰਲ (ਸੇਵਾ ਮੁਕਤ) ਪਰਵੀਨ ਬਖ਼ਸ਼ੀ, ਰਾਸ਼ਟਰੀ ਸੁਰੱਖਿਆ ਮਾਹਰ ਅਤੇ ਨੀਤੀਗਤ ਖੋਜ ਲਈ ਐਮਰੀਟਸ ਪ੍ਰੋਫੈਸਰ ਸ਼੍ਰੀ ਭਾਰਤ ਕਰਨਾਡ ਅਤੇ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਸਕੱਤਰ ਜਲ ਸਰੋਤ ਅਤੇ ਮਿਸ਼ਨ ਡਾਇਰੈਕਟਰ ਅਤੇ ਧਰਤੀ ਹੇਠਲੇ ਜਲ ਪ੍ਰਬੰਧਨ ਦੇ ਡਾਇਰੈਕਟੋਰੇਟ, ਪੰਜਾਬ ਸਰਕਾਰ ਸ਼੍ਰੀ ਰਾਹੁਲ ਭੰਡਾਰੀ (ਆਈ.ਏ.ਐਸ) ਨੇ ਆਪਣੇ ਵਿਚਾਰ ਗੋਸ਼ਟੀ `ਚ ਵਿਚਾਰ ਸਪੱਸ਼ਟ ਕੀਤੇ।ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਵਾਈਸ ਪ੍ਰੈਜ਼ੀਡੈਂਟ, ਕਾਰਪੋਰੇਟ ਰਿਲੇਸ਼ਨ ਪ੍ਰੋ. ਹਿਮਾਨੀ ਸੂਦ ਨੇ ਵੀ ਵਿਚਾਰ ਚਰਚਾ `ਚ ਉਚੇਚੇ ਤੌਰ `ਤੇ ਸ਼ਿਰਕਤ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਲੈਫ਼ਟੀਨੇਟ ਜਨਰਲ ਦੀਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਭਾਰਤ-ਚੀਨ ਦਾ ਸਰਹੱਦੀ ਵਿਵਾਦਾਂ ਤੋਂ ਪਰੇ ਹੱਟਕੇ ਆਰਥਿਕ, ਸਮਾਜਿਕ ਅਤੇ ਕਾਰੋਬਾਰੀ ਤੌਰ `ਤੇ ਪੁਰਾਣਾ ਰਿਸ਼ਤਾ ਹੈ, ਜਿਸ ਕਾਰਨ ਦੋਵਾਂ ਭਾਰਤ-ਚੀਨ ਦਰਮਿਆਨ ਵੱਖ-ਵੱਖ ਖੇਤਰਾਂ `ਚ ਅਸਹਿਮਤੀ ਦੇ ਮੁੱਦੇ ਅਨੇਕ ਹਨ, ਸਬੰਧਾਂ `ਚ ਅਨਿਸ਼ਚਿਤਤਾ ਅਤੇ ਕੁੜੱਤਣ ਹੈ ਪਰ ਫਿਰ ਵੀ ਦੋਵਾਂ ਦੇਸ਼ਾਂ ਨੂੰ ਆਪਸੀ ਹਿੱਤਾਂ ਦੇ ਲਈ ਆਵਾਜ਼ ਇੱਕ ਕਰਨੀ ਪਵੇਗੀ।ਭਾਰਤ ਨੂੰ ਲੰਮੇ ਸਮੇਂ ਲਈ ਚੀਨ ਸਬੰਧੀ ਨੀਤੀ ਬਣਾਉਣੀ ਪਵੇਗੀ ਅਤੇ ਸਾਨੂੰ ਵਿਕਲਪਾਂ ਦੀ ਸੀਮਾਂ ਨੂੰ ਵੀ ਵੇਖਣਾ ਪਵੇਗਾ।ਉਨ੍ਹਾਂ ਦੱਸਿਆ ਕਿ ਕੁੱਝ ਦਹਾਕਿਆਂ ਤੋਂ ਭਾਰਤ-ਚੀਨ ਵਿਚਾਲੇ ਸਰਹੱਦੀ ਵਿਵਾਦਾਂ ਨੂੰ ਇੱਕ ਪਾਸੇ ਰੱਖ ਕੇ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਲਈ ਸਹਿਮਤੀ ਸਥਾਪਿਤ ਕੀਤੀ ਗਈ ਸੀ, ਉਹ ਚਾਹੇ ਵਪਾਰਕ ਹੋਵੇ ਜਾਂ ਸੱਭਿਆਚਾਰਕ ਸਬੰਧ ਹੋਣ।ਉਨ੍ਹਾਂ ਕਿਹਾ ਕਿ ਇਸ ਸਹਿਮਤੀ ਤੋਂ ਉਲਟ ਹੁਣ ਹਾਲਾਤ ਤੇਜ਼ੀ ਨਾਲ ਬਦਲੇ ਹਨ ਕਿਉਂਕਿ ਚੀਨ ਨੇ ਲਾਈਨ ਆਫ਼ ਐਕਚੁਅਲ ਕੰਟਰੋਲ (ਐਲ.ਏ.ਸੀ) ਦੀ ਸਥਿਤੀ ਨੂੰ ਆਪਣੀ ਮਰਜ਼ੀ ਅਨੁਸਾਰ ਬਦਲਣ ਦੀ ਕੋਸਿ਼ਸ਼ ਕੀਤੀ ਹੈ।ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਦੇ ਸਬੰਧਾਂ `ਤੇ ਗੱਲ ਕੀਤੀ ਜਾਵੇ ਤਾਂ ਦੋਵਾਂ ਦੇਸ਼ਾਂ ਨੂੰ ਹਾਲਾਤ ਸੁਖਾਵੇਂ ਕਰਨ ਲਈ ਸਰਹੱਦੀ ਖੇਤਰਾਂ ਤੋਂ ਵੱਡੀ ਗਿਣਤੀ `ਚ ਤਾਇਨਾਤ ਕੀਤੀਆਂ ਟੁਕੜੀਆਂ ਨੂੰ ਪਿੱਛੇ ਹਟਾਉਣਾ ਚਾਹੀਦਾ ਹੈ, ਜੋ ਸਥਿਤੀ ਤਣਾਅਪੂਰਨ ਹੋਣ ਦਾ ਕਾਰਨ ਬਣ ਸਕਦੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਆਈ.ਏ.ਐਸ ਰਾਹੁਲ ਭੰਡਾਰੀ ਨੇ ਕਿਹਾ ਕਿ ਲੋਕਾਂ ਦੀ ਧਾਰਨਾ ਹੈ ਕਿ ਸਾਨੂੰ ਸਿੱਧੇ ਵਪਾਰਕ ਜਾਂ ਟਰੇਡ ਦੇ ਤੌਰ `ਤੇ ਹਮਲਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਗਤੀਵਿਧੀਆਂ ਤੋਂ ਪਹਿਲਾਂ ਕੁੱਝ ਅੰਕੜਿਆਂ `ਤੇ ਨਜ਼ਰ ਮਾਰਨੀ ਪਵੇਗੀ।ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਦੀ ਜੀਡੀਪੀ ਦੀਆਂ ਦਰਾਂ 1978-1980 ਤੱਕ ਲਗਭਗ ਇੱਕੋ ਜਿਹੀਆਂ ਰਹੀਆਂ, ਪਰ ਹੁਣ ਭਾਰਤ ਦੀ ਜੀਡੀਪੀ ਦਰ 5 ਗੁਣਾ ਘੱਟ ਹੈ।ਉਨ੍ਹਾਂ ਕਿਹਾ ਕਿ ਚੀਨ 14 ਟ੍ਰਿਲੀਅਲ ਡਾਲਰ `ਤੇ ਹੈ ਅਤੇ ਭਾਰਤ 3 ਟ੍ਰਿਲੀਅਲ ਡਾਲਰ ਹੈ ਅਤੇ ਅਸੀਂ ਇਨ੍ਹਾਂ ਅੰਕੜਿਆਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।ਸ਼੍ਰੀ ਭੰਡਾਰੀ ਨੇ ਕਿਹਾ ਕਿ ਚੀਨ ਕੋਲ ਸਾਡੇ ਨਾਲੋ ਵਧੇਰੇ ਵਿਗਿਆਨੀ ਅਤੇ ਇੰਜੀਨੀਅਰ ਹਨ ਅਤੇ ਚੀਨ ਵਿਸ਼ਵ ਦਾ ਸੱਭ ਤੋਂ ਵੱਡਾ ਨਿਰਯਾਤਕ ਦੇਸ਼ ਅਤੇ ਮੈਨੂਫੈਕਚਰਿੰਗ ਕੇਂਦਰ ਹੈ।ਉਨ੍ਹਾਂ ਕਿਹਾ ਸਾਡਾ ਜ਼ਿਆਦਾਤਰ ਉਤਪਾਦਨ ਚੀਨ `ਤੇ ਨਿਰਭਰ ਕਰਦਾ ਹੈ ਅਤੇ ਅਜਿਹੇ `ਚ ਕੀ ਅਸੀਂ ਦਰਾਮਦ ਰੋਕ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਾਡੀਆਂ 90 ਫ਼ੀਸਦੀ ਐਂਟੀਬੈਟਿਕ ਚੀਨ ਤੋਂ ਆਉਂਦੀਆਂ ਹਨ।ਉਨ੍ਹਾਂ ਕਿਹਾ ਸਾਡੇ ਲਈ ਚੀਨ `ਤੇ ਵਧੇਰੇ ਟੈਕਸ ਡਿਊਟੀ ਲਗਾਉਣਾ ਸਹੀ ਨਹੀਂ ਹੋਵੇਗਾ ਜਦਕਿ ਜੇਕਰ ਸਾਨੂੰ ਚੀਨ `ਤੇ ਕਾਰੋਬਾਰੀ ਨਿਰਭਰਤਾ ਘਟਾਉਣੀ ਹੈ ਤਾਂ ਸਾਨੂੰ ਘੱਟੋ ਘੱਟ 10 ਸਾਲ ਹੋਰ ਲੱਗ ਸਕਦੇ ਹਨ।ਉਨ੍ਹਾਂ ਕਿਹਾ ਬੇਸ਼ੱਕ ਭਾਰਤ ਉਭਰਦੀ ਮਹਾਂਸ਼ਕਤੀ ਹੈ ਪਰ ਸਾਨੂੰ ਆਪਣੀ ਕਮਜ਼ੋਰੀਆਂ ਵੀ ਸਮਝਣੀਆਂ ਹੋਣਗੀਆਂ ਅਤੇ ਅੱਗੇ ਵੱਧਣ ਲਈ ਆਤਮ ਨਿਰਭਰ ਭਾਰਤ ਦੀ ਧਾਰਨਾ ਨੂੰ ਅਪਣਾਉਣਾ ਪਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਰਾਸ਼ਟਰੀ ਸੁਰੱਖਿਆ ਮਾਹਰ ਅਤੇ ਨੀਤੀਗਤ ਖੋਜ ਲਈ ਐਮਰੀਟਸ ਪ੍ਰੋਫੈਸਰ ਸ਼੍ਰੀ ਭਾਰਤ ਕਰਨਾਡ ਨੇ ਕਿਹਾ ਕਿ ਚੀਨ ਹਮੇਸ਼ਾ ਕ੍ਰਾਂਤੀਕਾਰੀ ਅਤੇ ਤਬਦੀਲੀਵਾਦੀ ਰੁਝਾਨ `ਤੇ ਕੇਂਦਰਤ ਰਿਹਾ ਹੈ ਅਤੇ ਇਸਦੇ ਉਲਟ ਭਾਰਤ ਆਪਣੇ ਆਦਰਸ਼ਾਂ ਅਤੇ ਨੈਤਿਕਤਾ ਨੂੰ ਜੋੜਦਾ ਆਇਆ ਹੈ ਅਤੇ ਆਪਣੀ ਪ੍ਰਤੀਕ੍ਰਿਆਵਾਂ ਅਤੇ ਵਿਦੇਸ਼ੀ ਨੀਤੀਆਂ ਨੂੰ ਨਿਰਧਾਰਿਤ ਕਰਦਾ ਹੈ ਅਤੇ ਹੁਣ ਭਾਰਤ ਨੂੰ ਵੀ ਚੀਨ ਦੀ ਤਰ੍ਹਾਂ ਰਵੱਈਆ ਅਪਣਾਉਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਭਾਰਤੀ ਹੁਨਰ ਨੂੰ ਉਤਸ਼ਾਹਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਦੂਜੇ ਦੇਸ਼ਾਂ `ਤੇ ਕਾਰੋਬਾਰੀ ਨਿਰਭਰਤਾ ਘਟਾਉਣ ਦੀ ਕੋਸਿ਼ਸ਼ ਕਰਦਿਆਂ ਭਾਰਤੀ ਖੋਜਾਰਥੀਆਂ, ਨਿਵੇਸ਼ਕਾਂ, ਇਨੋਵੇਟਰਾਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।ਸ਼੍ਰੀ ਕਰਨਾਢ ਨੇ ਕਿਹਾ ਕਿ ਵਿਦੇਸ਼ ਨੀਤੀ ਕਿਸੇ ਵੀ ਦੇਸ਼ ਦੇ ਰਵੱਈਏ ਨੂੰ ਦਰਸਾਉਂਦੀ ਹੈ ਅਤੇ ਸਾਨੂੰ ਆਪਣੀ ਸੁਰੱਖਿਆ ਦਾ ਦਾਇਰਾ ਵਧਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਪਿਛਲੇ ਕੁੱਝ ਮਹੀਨਿਆਂ ਵਿੱਚ ਸਰਹੱਦ `ਤੇ ਜੋ ਵਾਪਰਿਆ ਹੈ, ਉਹ ਗਲਵਾਨ ਘਾਟੀ ਜਾਂ ਹੋਰ ਝੜਪਾਂ ਹੋਣ ਸਰਹੱਦਾਂ `ਤੇ ਮਹੌਲਤ ਚਿੰਤਾਜਨਕ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਆਦਰਸ਼ਾਂ ਅਤੇ ਵਿਸ਼ਵਵਿਆਪੀ ਵਿਚਾਰਾਂ ਬਾਰੇ ਗੱਲ ਕਰਦੇ ਹਾਂ ਅਤੇ ਚੀਨ ਇਸ ਦਾ ਲਾਭ ਲੈ ਸਕਦਾ ਹੈ।
ਇਸ ਦੌਰਾਨ ਸਾਬਕਾ ਭਾਰਤੀ ਜਲ ਸੈਨਾ ਦੇ ਚੀਫ਼ ਅਤੇ ਚੀਫ਼ਸ ਆਫ਼ ਸਟਾਫ਼ ਕਮੇਟੀ ਦੇ ਸਾਬਕਾ ਚੇਅਰਮੈਨ, ਐਡਮਿਰਲ (ਸੇਵਾ ਮੁਕਤ) ਸੁਨੀਲ ਲਾਂਬਾ ਨੇ ਭਾਰਤ ਵਿੱਚ ਸਮੁੰਦਰੀ ਖੇਤਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਕੋਲ 7500 ਕਿਲੋਮੀਟਰ ਲੰਮੀ ਤੱਟਵਰਤੀ ਸੀਮਾ ਹੈ, ਹਿੰਦ ਮਹਾਂਸਾਗਰ ਦੁਨੀਆਂ ਦਾ ਤੀਜਾ ਸੱਭ ਤੋਂ ਵੱਡਾ ਮਹਾਂਸਾਗਰ ਹੈ ਅਤੇ ਦੁਨੀਆਂ ਦੀ 5 ਫ਼ੀਸਦੀ ਕਨਟੇਨਰ ਆਵਾਜਾਈ ਇੱਥੋਂ ਗੁਜ਼ਰਦੀ ਹੈ।ਉਨ੍ਹਾਂ ਕਿਹਾ ਕਿ ਭਾਰਤ ਨੌਜਵਾਨ ਆਬਾਦੀ ਵਾਲਾ ਦੇਸ਼ ਹੈ, ਜਿੱਥੇ ਲੋਕ ਆਧੁਨਿਕਤਾ ਵੱਲ ਵੱਧ ਰਹੇ ਹਨ, ਜਿਥੇ ਉਨ੍ਹਾਂ ਦੀ ਮੰਗ ਅਤੇ ਜ਼ਰੂਰਤਾਂ ਵੀ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਇੱਕ ਹਿੰਦ ਮਹਾਂਸਾਗਰ ਰੋਡ ਅਤੇ ਇੱਕ ਸਮੁੰਦਰੀ ਰਸਤਾ ਹੈ, ਜੋ ਪੱਛਮ ਅਤੇ ਪੂਰਬ ਨੂੰ ਇੱਕ ਦੂਜੇ ਨਾਲ ਜੋੜਦਾ ਹੈ ਅਤੇ ਸਰੱਖਿਆ ਵਾਤਾਵਰਣ ਅਨਿਸ਼ਚਿਤ ਹੈ।ਉਨ੍ਹਾਂ ਕਿਹਾ ਕਿ ਜਦੋਂ ਇੱਕ ਪਾਸੇ ਅਮਰੀਕਾ ਉਭਰ ਰਹੀ ਤਾਕਤ ਵਜੋਂ ਸਾਹਮਣੇ ਆਇਆ ਹੈ ਉਥੇ ਚੀਨ ਵਿਰੋਧੀ ਵਜੋਂ ਅੱਗੇ ਵੱਧ ਰਿਹਾ ਹੈ।ਉਨ੍ਹਾਂ ਕਿਹਾ ਕਿ ਰਾਜਨੀਤਿਕ ਫੈਸਲੇ ਸਮੁੰਦਰ ਖੇਤਰਾਂ ਅਤੇ ਹੋਰ ਰਾਜਾਂ ਵਿੱਚ ਚੀਨ ਨਾਲ ਚੱਲ ਰਹੇ ਵਿਵਾਦਾਂ ਅਤੇ ਤਣਾਅ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਫ਼ੌਜੀ ਅਭਿਆਸਾਂ ਦੇ ਦਾਇਰੇ ਨੂੰ ਵਧਾਉਣ ਲਈ ਰਾਜਨੀਤਿਕ ਰਣਨੀਤੀਆਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਵੱਖ-ਵੱਖ ਖੇਤਰਾਂ ਵਿੱਚ ਜਲ ਸੈਨਾ ਦੀ ਤਾਇਨਾਤੀ ਕਰਦਿਆਂ ਆਪਣੀ ਫ਼ੌਜੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ, ਦੂਜੇ ਦੇਸ਼ਾਂ ਤੋਂ ਸਹਿਯੋਗ ਪ੍ਰਾਪਤ ਕਰਨ ਲਈ ਰਣਨੀਤੀਆ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ।ਮੌਜੂਦਾ ਸਮੇਂ `ਚ 70 ਸਾਲ ਪੁਰਾਣੇ ਕੂਟਨੀਤਕ ਸਬੰਧ ਸਥਾਪਿਤ ਕਰਨ ਪਿੱਛੇ ਦੀ ਅਸਲ ਇੱਛਾ ਨੂੰ ਮੁੜ ਨੂੰ ਜ਼ਿੰਦਾ ਕਰਨ ਅਤੇ ਚੰਗੀ ਦੋਸਤੀ, ਏਕਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ।