ਵਾਸ਼ਿੰਗਟਨ – ਅਮਰੀਕਾ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ ਵਿੱਚ ਭਾਰੀ ਵਾਧਾ ਹੋਇਆ ਹੈ। ਪਿੱਛਲੇ ਸਾਰੇ ਰਿਕਾਰਡ ਤੋੜਦੇ ਹੋਏ ਬੁੱਧਵਾਰ ਨੂੰ ਕੋਰੋਨਾ ਦੇ 1,42,000 ਨਵੇਂ ਪਾਜਿਟਿਵ ਮਾਮਲੇ ਸਾਹਮਣੇ ਆਏ ਹਨ। ਸਰਦੀ ਅਤੇ ਫਲੂ ਕਾਰਣ ਵੀ ਇਹ ਕੇਸ ਵੱਧ ਰਹੇ ਹਨ। ਵੱਧ ਪ੍ਰਭਾਵ ਵਾਲੇ ਖੇਤਰਾਂ ਵਿੱਚ ਫਿਰ ਤੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਹੁਣ ਤੱਕ 2 ਲੱਖ 47 ਹਜ਼ਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਨਾਲ ਅਮਰੀਕਾ ਵਿੱਚ ਪਿੱਛਲੇ ਦਸ ਦਿਨਾਂ ਵਿੱਚ 10 ਲੱਖ ਤੋਂ ਵੱਧ ਮਾਮਲੇ ਮਿਲੇ ਹਨ। ਇੱਥੇ ਹਰ ਦਿਨ ਇੱਕ ਹਜ਼ਾਰ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇਹ ਅੰਕੜੇ ਪੂਰੀ ਦੁਨੀਆਂ ਵਿੱਚ ਮਿਲ ਰਹੇ ਕੋਰੋਨਾ ਮਰੀਜ਼ਾਂ ਨਾਲੋਂ ਕਿਤੇ ਵੱਧ ਹਨ। ਇਸ ਦੀ ਰੋਕਥਾਮ ਲਈ ਨਿਊਯਾਰਕ ਦੇ ਗਵਰਨਰ ਨੇ ਆਪਣੇ ਰਾਜ ਵਿੱਚ ਫਿਰ ਤੋਂ ਰੋਕਾਂ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਬਾਈਡਨ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ।
ਦੁਨੀਆਂਭਰ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਮੰਗਲਵਾਰ ਨੂੰ ਪਾਜਿਟਿਵ ਕੇਸਾਂ ਦਾ ਅੰਕੜਾ 5.24 ਕਰੋੜ ਨੂੰ ਪਾਰ ਕਰ ਗਿਆ ਸੀ। ਹੁਣ ਤੱਕ ਵਿਸ਼ਵ ਵਿੱਚ ਇਸ ਮਹਾਂਮਾਰੀ ਨਾਲ 12 ਲੱਖ 88 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।