ਚੰਡੀਗੜ੍ਹ – ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮਾਮਲੇ ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਦਿੱਤੇ ਜਾ ਰਹੇ ਘੱਟੀਆ ਬਿਆਨਾਂ ਦੀ ਸਖਤ ਆਲੋਚਨਾ ਕਰਦੇ ਹੋਏ, ਉਨ੍ਹਾਂ ਦੀ ਚੰਗੀ ਝਾੜਝੰਭ ਕੀਤੀ ਹੈ। ਬੀਜੇਪੀ ਕਿਸਾਨ ਅੰਦੋਲਨ ਸਬੰਧੀ ਇਹੋ ਬਿਆਨ ਦਿੰਦੀ ਆ ਰਹੀ ਹੈ ਕਿ ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ।
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਤਕਰੀਬਨ 2 ਮਹੀਨਿਆਂ ਤੋਂ ਕਿਸਾਨ ਬਿਨਾਂ ਕਿਸੇ ਸਮੱਸਿਆ ਦੇ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਸਰਕਾਰ ਜਬਰਦਸਤੀ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਭੜਕਾ ਕਿਉਂ ਰਹੀ ਹੈ? ਕੀ ਕਿਸਾਨਾਂ ਨੂੰ ਅਧਿਕਾਰ ਨਹੀਂ ਹੈ ਕਿ ਉਹ ਜਨਤਕ ਹਾਈਵੇ ‘ਤੇ ਸ਼ਾਂਤੀ ਨਾਲ ਲੰਘ ਸਕਣ?
ਉਨ੍ਹਾਂ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸੰਵਿਧਾਨ ਦਿਵਸ ਮੌਕੇ ਕਿਸਾਨਾਂ ਦੇ ਸੰਵਿਧਾਨਕ ਹੱਕ ਨੂੰ ਇਸ ਤਰ੍ਹਾਂ ਦਬਾਇਆ ਜਾ ਰਿਹਾ ਹੈ। ਖੱਟੜ ਸਾਹਿਬ ਇਨ੍ਹਾਂ ਨੂੰ ਜਾਣ ਦਿਓ, ਇਨ੍ਹਾਂ ਨਾਲ ਧੱਕਾ ਨਾ ਕਰੋ। ਇਨ੍ਹਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਆਪਣੀ ਆਵਾਜ਼ ਦਿੱਲੀ ਪਹੁੰਚਾਉਣ ਦਿਓ।
ਮੇਰੀ ਭਾਜਪਾ ਨੂੰ ਅਪੀਲ ਹੈ ਕਿ ਉਹ ਆਪਣੀਆਂ ਰਾਜ ਸਰਕਾਰਾਂ ਨੂੰ ਨਿਰਦੇਸ਼ ਦੇਵੇ ਕਿ ਉਹ ਕਿਸਾਨਾਂ ਦੇ ਖਿਲਾਫ ਅਜਿਹੀਆਂ ਸਖ਼ਤ ਚਾਲਾਂ ਵਿਚ ਸ਼ਾਮਲ ਨਾ ਹੋਣ। ਉਹ ਹੱਥ ਜੋ ਦੇਸ਼ ਨੂੰ ਭੋਜਨ ਦਿੰਦੇ ਹਨ, ਧੱਕੇ ਦੇ ਨਹੀਂ ਸਹਾਰੇ ਦੇ ਹੱਕਦਾਰ ਹਨ।
.