ਅੰਮ੍ਰਿਤਸਰ/ ਗਾਜ਼ੀਪੁਰ ਦਿਲੀ ਬਾਰਡਰ – ਦਮਦਮੀ ਟਕਸਾਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਕਿਹਾ ਕਿ ਭਾਰਤ ਦਾ ਕਿਸਾਨ ਜਾਗਰੂਕ ਹੋ ਚੁੱਕਿਆ ਹੈ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਘਸਿਆਰਾ ਬਣਾਉਣ ਲਈ ਕਾਰਪੋਰੇਟ ਘਰਾਣਿਆਂ ਨੂੰ ਸੌਪਣ ਦੀਆਂ ਸਾਜ਼ਿਸ਼ੀ ਚਾਲਾਂ ਕਾਮਯਾਬ ਨਹੀਂ ਹੋਣਗੀਆਂ।
ਗਾਜ਼ੀਪੁਰ ਬਾਰਡਰ ’ਤੇ ਲੱਗੇ ਕਿਸਾਨ ਮੋਰਚੇ ਦੀ ਸਟੇਜ ਤੋਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਤਰਫ਼ੋਂ ਹਾਜ਼ਰੀ ਲਵਾਉਂਦਿਆਂ ਭਾਈ ਅਭਿਆਸੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੇ ਹੱਕ ਲਈ ਲਗਾਏ ਗਏ ਸ਼ਾਂਤਮਈ ਅਤੇ ਵਿਉਂਤਬੱਧ ਮੋਰਚੇ ਦੀ ਚਾਰੇ ਪਾਸੇ ਚਰਚਾ ਅਤੇ ਤਾਰੀਫ਼ ਹੋ ਰਹੀ ਹੈ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਅਤੇ ਵਿਦੇਸ਼ਾਂ ਤੋਂ ਵੀ ਕਿਸਾਨੀ ਮੋਰਚੇ ਦੀ ਹਮਾਇਤ ’ਚ ਆਵਾਜ਼ਾਂ ਬੁਲੰਦ ਹੋ ਰਹੀਆਂ ਹਨ। ਸਰਚਾਂਦ ਸਿੰਘ ਅਨੁਸਾਰ ਭਾਈ ਅਭਿਆਸੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਅਨੁਆਈਆਂ ਵਲੋਂ ਪੰਜਾਬ ਦੀ ਧਰਤੀ ਤੋਂ ਲੋਕ ਭਲਾਈ ਅਤੇ ਨਿਆਂ ਲਈ ਲੜਾਈ ਸ਼ੁਰੂ ਹੁੰਦੀ ਅਤੇ ਸੰਸਾਰ ਭਾਰ ’ਚ ਫੈਲਦੀ ਰਹੀ ਹੈ। ਅੱਜ ਵੀ ਕਿਸਾਨਾਂ ਦਾ ਮਹਾਂ ਸੰਘਰਸ਼ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਜੋ ਕਿ ਹਿੰਦੁਸਤਾਨ ਭਰ ਦੇ ਲੋਕਾਂ ਵੱਲੋਂ ਕਿਸਾਨੀ ਦੇ ਹੱਕ ’ਚ ਸੜਕਾਂ ’ਤੇ ਉਤਰ ਨਾਲ ਇਹ ਸਫਲਤਾ ਦੇ ਮੁਕਾਮ ਵਲ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਖੇਤੀ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਚਾਹੁੰਦੀ ਹੈ ਕਿ ਕਿਸਾਨੀ ਨੂੰ ਅੰਬਾਨੀ ਅਦਾਨੀ ਦੇ ਹੱਥ ਸੌਂਪਦਿਆਂ ਘਸਿਆਰਾ ਬਣਾ ਦਿੱਤਾ ਜਾਵੇ, ਤਾਂ ਕਿ ਇਹ ਸਾਡੇ ਅੱਗੇ ਖੜ ਨਾ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਜਾਗਰੂਕ ਹੈ ਅਤੇ ਈਸਟ ਇੰਡੀਆ ਕੰਪਨੀ ਵਾਲੀ ਕਹਾਣੀ ਦੁਹਰਾਉਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਮੋਦੀ ਦੇ ਮੰਤਰੀ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਇਸ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ ਹੋਣ ਬਾਰੇ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸਾਨੀ ਸੰਘਰਸ਼ ਦੀ ਕਾਮਯਾਬੀ ਦੇਖ ਸਰਕਾਰ ਤੇ ਪ੍ਰਸ਼ਾਸਨ ਦੀ ਵੀ ਨੀਂਦ ਉੱਡ ਗਈ ਹੈ। ਹਾਲਾਂਕਿ ਅਜੇ ਤੱਕ ਲੱਖਾਂ ਕਿਸਾਨਾਂ ਤੇ ਆਮ ਲੋਕਾਂ ਦੀ ਸ਼ਮੂਲੀਅਤ ਵਾਲਾ ਮੋਰਚਾ ਸ਼ਾਂਤੀਪੂਰਨ ਚੱਲ ਰਿਹਾ ਹੈ । ਹਜ਼ਾਰਾਂ ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ ਉਹ ਕਾਨੂੰਨ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਮੋਦੀ ਦਾ ਚੋਣ ਵਾਅਦਾ ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦਾ ਸੀ ਪਰ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਅਤੇ ਕਿਸਾਨੀ ਦੇ ਵਿਰੋਧ ’ਚ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਪੰਗਾ ਸਰਕਾਰ ਲਈ ਲਾਹੇਵੰਦ ਨਹੀਂ ਹੋਵੇਗਾ। ਇਸ ਮੌਕੇ ਭਾਈ ਅਭਿਆਸੀ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨਾਲ ਵੀ ਮੁਲਾਕਾਤ ਕੀਤੀ ਅਤੇ ਦਿਨ ਰਾਤ ਲੰਗਰ ਸੇਵਾ ਰਾਹੀਂ ਮੋਰਚੇ ’ਚ ਯੋਗਦਾਨ ਪਾ ਰਹੇ ਬਾਬਾ ਗੁਰਨਾਮ ਸਿੰਘ ਮਹਿੰਗਾ ਪੁਰ, ਬਾਬਾ ਮੋਹਨ ਸਿੰਘ ਹਜ਼ੂਰ ਸਾਹਿਬ, ਬਾਬਾ ਜਗਾ ਸਿੰਘ ਕਾਰਸੇਵਾ ਭੂਰੀ ਸਾਹਿਬ, ਬਾਬਾ ਅਮਰ ਸਿੰਘ ਗੁਰੂ ਕੇ ਬਾਗ ਆਗਰਾ, ਬਾਬਾ ਜੋਗਿੰਦਰ ਸਿੰਘ ਕਾਰਸੇਵਾ ਵਾਲਿਆਂ ਦੇ ਲੰਗਰ ਅਸਥਾਨਾਂ ਦਾ ਵੀ ਦੌਰਾ ਕਰਦਿਆਂ ਕਿਸਾਨੀ ਮੋਰਚੇ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਸ: ਬਰਿਜਪਾਲ ਸਿੰਘ ਮੋਕਪੁਰ ਇੰਨਜਾਰਚ ਯੂਪੀ ਸਿੱਖ ਮਿਸ਼ਨ ਹਾਪੜ, ਸਤਬੀਰ ਸਿੰਘ ਯਾਦਵ, ਗੁਰਚਰਨ ਸਿੰਘ ਬਾਈ, ਤੇ ਸਤਨਾਮ ਸਿੰਘ ਆਦਿ ਵੀ ਮੌਜੂਦ ਸਨ।