ਕਿਸਾਨ ਅੰਦੋਲਨ — ਸਮਾਜਿਕ ਅਤੇ ਮਨੋਵਿਗਿਆਨਕ ਅਸਰ

ਪ੍ਰੀਤਇੰਦਰ ਸਿੰਘ,

ਅੱਜ ਸਾਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਮੋਜੂਦਾ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇੱਕ ਅੰਦੋਲਨ ਚਲਾਇਆ ਜਾ ਰਿਹਾ ਹੈ। ਇਹ ਅੰਦੋਲਨ ਸ਼ਾਂਤਮਈ ਰੂਪ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਉਂਦੇ ਗਏ ਆਰਡੀਨੈਂਸ ਦੇ ਵਿਰੁੱਧ ਪੰਜਾਬ ਵਿੱਚ ਸ਼ੁਰੂ ਹੋਇਆ ਸੀ। ਸ਼ੁਰੂਆਤ ਵਿੱਚ ਕਿਸਾਨਾਂ ਨੇ ਧਰਨੇ ਲਗਾਏ ਅਤੇ ਰੇਲਾਂ ਦੀ ਆਵਾਜਾਈ ਰੋਕੀ ਗਈ। ਜਿਸ ਤਰ੍ਹਾਂ ਕਿਸੇ ਕਾਫਲੇ ਦੀ ਸ਼ੁਰੂਆਤ ਪਹਿਲਾਂ ਇੱਕ ਦੋ ਮੁਸਾਫਰਾਂ ਨਾਲ ਹੁੰਦੀ ਹੈ। ਉਸੇ ਤਰ੍ਹਾਂ ਇਸ ਅੰਦੋਲਨ ਦੀ ਸ਼ੁਰੂਆਤ ਵੀ ਕੁਝ ਮੁਠੀ ਭਰ ਕਿਸਾਨਾਂ ਨਾਲ ਹੋਈ ਜਿਸ ਨੇ ਇਨਾਂ ਕਾਨੂੰਨਾਂ ਦੇ ਮਾੜੇ ਪ੍ਰਭਾਵ  ਨੂੰ ਪਹਿਚਾਣਦੇ ਹੋਏ ਆਪਣੇ ਬਾਕੀ ਸਾਥੀਆਂ ਨੁੂੰ ਆਪਣੇ ਨਾਲ ਲਾਮਬੱਧ ਕਰਨਾ ਸ਼ੂਰੂ  ਕੀਤਾ। ਉਸ ਸਮੇਂ ਇਹ ਅੰਦੋਲਨ ਕੇਵਲ ਇਕ ਬੈਠਕ ਜਾਂ ਇੱਕਠ ਦੇ ਰੂਪ ਵਿੱਚ ਹੀ ਸੀ। ਪੜੇ ਲਿਖੇ ਕਿਸਾਨਾਂ ਵੱਲੋਂ ਇਸਨੂੰ ਅੱਗੇ ਲਿਜਾਉਂਦੇ ਹੋਏ ਬਾਕੀ ਸਾਰੇ ਕਿਸਾਨ ਪਰਿਵਾਰਾਂ ਨੂੰ ਇਨਾਂ ਕਾਨੂੰਨਾਂ ਬਾਰੇ ਜਾਗਰੂਕ ਕਰਨ ਦਾ ਕੰਮ ਬਾਖੂਬੀ ਨਿਭਾਇਆ। ਕਿਸਾਨ ਯੂਨੀਅਨਾਂ ਨੇ ਵੀ ਆਪਣਾ ਕਿਰਦਾਰ ਉਚਾ ਰਖਦਿਆਂ ਇਸ ਇੱਕਠ ਨੂੰ ਇੱਕ ਮੋਰਚਾ/ ਅੰਦੋਲਨ ਦਾ ਰੂਪ ਦਿੱਤਾ। ਪਰ ਕੇਂਦਰ ਸਰਕਾਰ ਵੱਲੋਂ ਇਸ ਅੰਦੋਲਨ ਨੂੰ ਗਹਿਰਾਈ ਨਾਲ ਨਹੀਂ ਲਿਆ ਗਿਆ ਸਗੋਂ ਇਸ ਨੁੂੰ ਕੁਚਲਣ ਲਈ ਪੰਜਾਬ ਵਿੱਚ ਆਉਣ ਵਾਲੀਆਂ ਰੇਲਾਂ ਨੂੰ ਸੁਰੱਖਿਆ ਦੇ ਨਾਮ ਤੇ ਬੰਦ ਕਰਕੇ ਪੰਜਾਬ ਨੂੰ ਅਲਗ ਥਲਗ ਕਰਨ ਦੀ ਕੋਸ਼ਿਸ਼ ਕੀਤੀ ਗਈ।ਪਰ ਕਿਸਾਨਾਂ ਦੇ ਜਨੁੁੰੂਨ ਅਤੇ ਜਮੀਨਾਂ ਲਈ ਪਿਆਰ ਨੇ ਇਸ ਅੰਦੋਲਨ  ਨੂੰ ਕਮਜੋਰ ਹੋਣ ਦੀ ਥਾਂ ਹੋਰ ਤੇਜ ਕਰ ਦਿੱਤਾ। ਜਦੋਂ ਕਿਸਾਨਾਂ ਨੇ ਦੇਖਿਆ ਕਿ ਕੇਂਦਰ ਸਰਕਾਰ ਵੱਲੋਂ ਉਨਾਂ ਦੀਆਂ ਮੰਗਾਂ ਨੂੰ ਗਹਿਰਾਈ ਨਾਲ ਨਹੀਂ ਲਿਆ ਜਾ ਰਿਹਾ ਅਤੇ ਇਨਾਂ ਕਾਨੁੂੰਨਾਂ ਵਿਰੁੱਧ ਸੂਬਾ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਤਾਂ ਉਨਾਂ ਵੱਲੋਂ 25 ਅਤੇ 26 ਨਵੰਬਰ ਨੂੰ ਦਿੱਲੀ ਚੱਲੋ ਦਾ ਪ੍ਰੋਗਰਾਮ ਦਿੱਤਾ ਗਿਆ। ਇਹ ਪ੍ਰੋਗਰਾਮ ਅੰਦੋਲਨ ਲਈ ਮੀਲ ਦਾ ਪੱਥਰ ਸਾਬਿਤ ਹੋਇਆ। ਜਦੋਂ ਪੰਜਾਬ ਦਾ ਕਿਸਾਨ ਦਿੱਲੀ ਵੱਲ ਚਲਿਆ ਤਾਂ ਰਸਤੇ ਵਿੱਚ ਹਰਿਆਣਾ ਸਰਕਾਰ ਵੱਲੋਂ ਥਾਂ ਥਾਂ ਤੇ ਰੁਕਾਵਟਾਂ ਖੜੀਆਂ ਕਰਕੇ ਇਸ ਅੰਦੋਲਨ ਨੁੂੰ ਕੁਚਲਣ ਅਤੇ ਦਿੱਲੀ ਜਾਣ ਦੇ ਪ੍ਰੋਗਰਾਮਾਂ ਨੂੰ ਫੇਲ ਕਰਨ ਲਈ ਭਰਪੂਰ ਯਤਨ ਕੀਤੇ ਗਏ। ਪਰ ਜਿਸ ਤਰ੍ਹਾਂ ਕਿਸੇ ਸ਼ਾਇਰ ਨੇ ਕਿਹਾ ਹੈ ਕਿ, ਮੈਂ ਅਕੇਲਾ ਹੀ ਚਲਾ ਥਾ ਜਾਨਿਬੇ ਮੰਜਿਲ ਮਗਰ, ਲੋਕ ਸਾਥ ਆਤੇ ਗਏ ਅੋਰ ਕਾਰਵਾਂ ਬਣਤਾ ਗਿਆ, ਕਿਸਾਨ ਅੰਦੋਲਨ ਨਾਲ ਵੀ ਇਹੋ ਹੋਇਆ। ਇਹ ਅੰਦੋਲਨ ਕਿਸਾਨਾਂ ਨੇ ਸ਼ੁਰੂ ਕੀਤਾ ਤਾਂ ਬਾਕੀ ਲੋਕਾਂ ਨੂੰ ਲੱਗਿਆ ਕਿ ਇਹ ਕੇਵਲ ਕਿਸਾਨਾਂ ਦੀ ਗਲ ਹੈ ਇਸ ਲਈ ਉਨਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਕਿਸਾਨਾਂ ਨੇ ਧਰਨੇ ਦਿੱਤੇ ਰੇਲਾਂ ਰੋਕੀਆਂ, ਟੋਲ ਪਲਾਜੇ ਬੰਦ ਕੀਤੇ ਤਾਂ ਬਾਕੀ ਲੋਕਾਂ ਵੱਲੋਂ ਸ਼ੁਰੂ ਵਿੱਚ ਉਨਾਂ ਦਾ ਵਿਰੋਧ ਵੀ ਕੀਤਾ ਗਿਆ। ਪਰ ਜਿਵੇਂ ਕਿਸੇ ਸਿਆਣੇ ਨੇ ਕਿਹਾ ਹੈ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ ਉਸੇ ਤਰ੍ਹਾਂ ਨੋਜਵਾਨ ਅਤੇ ਪੜੇ ਲਿਖੇ ਕਿਸਾਨਾਂ ਵੱਲੋਂ ਇਸ ਗੱਲ ਵੱਲ ਧਿਆਨ ਦਿੰਦੇ ਹੋਏ ਸੋਸ਼ਲ ਮੀਡੀਆ ਅਤੇ ਹੋਰ ਪਲੇਟਫਾਰਮਾਂ ਰਾਹੀਂ ਆਮ ਲੋਕਾਂ ਨੂੰ ਵੀ ਇਨਾਂ ਕਾਨੂੰਨਾਂ ਸਬੰਧੀ ਜਾਗਰੂਕ ਕੀਤਾ ਗਿਆ।

ਪਹਿਲਾਂ ਵੀ ਕਈ ਅੰਦੋਲਨਾਂ ਦਾ ਜਨਮ ਪੰਜਾਬ ਵਿੱਚੋਂ ਹੀ ਹੋਇਆ ਹੈ ਜਿਨਾਂ ਦੀ ਸਫਲਤਾ ਦਾ ਇਤਿਹਾਸ ਗਵਾਹ ਰਿਹਾ ਹੈ। ਇੱਕ ਵਾਰੀ ਫਿਰ ਪੰਜਾਬ ਦੀ ਧਰਤੀ ਦੀ ਕੁਖੋਂ ਹੀ ਇਸ ਨਵੇਕਲੇ ਅੰਦੋਲਨ ਦਾ ਜਨਮ ਹੋਇਆ ਜੋ ਇੱਕ ਚਿੰਗਾਰੀ ਤੋਂ ਸ਼ੁਰੂ ਹੋ ਕੇ ਹੋਣ ਭਾਂਬੜ ਦਾ ਰੂਪ ਅਖਤਿਆਰ ਕਰ ਚੁੱਕਾ ਹੈ। ਇਸ ਅੰਦੋਲਨ ਦੇ ਇਸ ਰੂਪ ਵਿੱਚ ਪਹੁੰਚਣ ਤੱਕ ਜੋ ਜੋ ਮੁਸ਼ਕਿਲਾਂ ਅਤੇ ਰੁਕਾਵਟਾਂ ਆਈਆਂ ਉਸ ਨੇ ਇਸ ਅੰਦੋਲਨ ਨੂੰ ਮਜਬੂਤ ਕਰਨ ਵਿੱਚ ਭਰਪੂਰ ਯੋਗਦਾਨ ਪਾਇਆ। ਜਦੋਂ  ਲੋਕਾਂ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਨਾਲ ਇੱਕਲੇ ਮੱਥਾ ਲਾਉਂਦਿਆਂ ਦੇਖਿਆ ਤਾਂ ਚੇਤੇ ਆਇਆ ਕਿ ਸਾਡੇ ਘਰਾਂ ਵਿੱਚ ਪੱਕਣ ਵਾਲੀ ਰੋਟੀ ਦਾ ਆਟਾ ਵੀ ਇਸੇ ਕਿਸਾਨ ਦੁਆਰਾ ਉਗਾਈ ਕਣਕ ਤੋਂ ਆਉਂਦਾ ਹੈ। ਦਾਲ, ਸਬਜੀ ਵੀ ਕਿਸਾਨ ਦੇ ਖੇਤਾਂ ਚੋਂ ਹੀ ਆਉਂਦੀ ਹੈ।ਇਹ ਹੋਰ ਗੱਲ ਹੈ ਕਿ ਅਸੀ ਅੱਜ ਕਲ ਇਹ ਸਾਰੀਆਂ ਚੀਜਾਂ ਏਅਰ ਕੰਡੀਸ਼ਨ ਮਾਲ (Malls)

ਵਿੱਚੋਂ ਖਰੀਦਦੇ ਹਾਂ ਜਾਂ ਆਨਲਾਈਨ ਮੰਗਵਾ ਲੈਂਦੇ ਹਾਂ ਪਰ ਇਸ ਨਾਲ ਕਿਸਾਨ ਦੀ ਅਹਿਮੀਅਤ ਕਿਤੇ ਵੀ ਘੱਟ ਨਹੀਂ ਹੁੰੰਦੀ। ਇਹ ਸਾਰੀਆਂ ਵਸਤਾਂ ਦਾ ਜਨਮਦਾਤਾ ਤਾਂ ਕਿਸਾਨ ਹੀ ਹੈ। ਜਦੋਂ ਸਾਲ 1993—94 ਵਿੱਚ ਪਟਿਆਲਾ ਹੜਾਂ ਦੀ ਮਾਰ ਹੇਠ ਆ ਗਿਆ ਸੀ ਉਸ ਸਮੇਂ ਨੇੜੇ ਤੇੜੇ ਦੇ ਪਿੰਡਾਂ ਦੇ ਕਿਸਾਨਾਂ ਨੇ ਟਰਾਲੀਆਂ ਭਰ ਭਰ ਕੇ ਲੰਗਰ, ਚਾਹ ਅਤੇ ਹੋਰ ਜਰੂਰੀ ਵਸਤਾਂ ਦੀ ਰੱਜ ਕੇ ਸੇਵਾ ਕੀਤੀ ਸੀ ਤਾਂ ਕਿ ਕੋਈ ਭੁਖਾ ਨਾ ਰਹੇ।ਅੱਜ ਇਸ ਅੰਦੋਲਨ ਵਿੱਚ ਇਹੀ ਸੇਵਾ ਜਨਤਾ ਦੁਆਰਾ ਕਿਸਾਨਾਂ ਲਈ ਲਗਾਏ ਲੰਗਰਾਂ ਦੇ ਰੁੂਪ ਵਿੱਚ ਚਾਲੂ ਹੈ।

ਇਹ ਇਸ ਅੰਦੋਲਨ ਦੀ ਖੂਬਸੁੂਰਤੀ ਹੀ ਹੈ ਕਿ ਪੰਜਾਬ ਵਿੱਚੋਂ ਜਨਮ ਲੈ ਕੇ ਵੀ ਇਹ ਪੰਜਾਬ ਦਾ ਨਹੀਂ ਬਲਕਿ ਸਾਰੇ ਮੁਲਕ ਦਾ ਅੰਦੋਲਨ ਬਣ ਗਿਆ। ਇਸ ਅੰਦੋਲਨ ਨੇ ਸਮਾਜ ਵਿੱਚ ਫੈਲੀ ਜਾਤਪਾਤ, ਲਿੰਗ, ਧਾਰਮਿਕ ਅਤੇ ਹੋਰ ਵਿਖਰੇਵਿਆਂ ਨੂੰ ਇਸ ਤਰ੍ਹਾਂ ਗਾਇਬ/ ਖਤਮ ਕਰ ਦਿੱਤਾ ਹੈ ਜਿਵੇਂ ਕਿ ਧੁੱਪ ਚੜਨ ਨਾਲ ਧੁੰਦ ਖਤਮ ਹੋ ਜਾਂਦੀ ਹੈ। ਅੱਜ ਸਾਰੇ ਕਿਸਾਨ ਬਿਨਾਂ ਕਿਸੇ ਭੇਦ ਭਾਵ ਦੇ ਇੱਕਠੇ ਹੋ ਕੇ ਦਿੱਲੀ ਦੀਆਂ ਸਰਹਦਾਂ ਤੇ ਬੈਠੇ ਹਨ। ਕਿਸੇ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਹੈ ਕਿ ਜਿਹੜੀ ਬੀਬੀ ਪਰਾਂਠੇ ਲਾ ਰਹੀ ਹੈ ਜਾਂ ਸਬਜੀ ਬਣਾ ਰਹੀ ਹੈ ਉਸ ਦੀ ਜਾਤ ਜਾਂ ਧਰਮ ਕੀ ਹੈ? ਇਸੇ ਤਰ੍ਹਾਂ ਇਸ ਅੰਦੋਲਨ ਨੇ ਲਿੰਗ ਦੇ ਭੇਦ ਭਾਵ ਨੂੰ ਵੀ ਖਤਮ ਕੀਤਾ ਹੈ।ਕਿਸਾਨਾਂ ਦੇ ਨਾਲ ਉਨਾਂ ਦੀਆਂ ਪਤਨੀਆਂ ਅਤੇ ਬੱਚੇ ਵੀ ਇਸ ਅੰਦੋਲਨ ਵਿੱਚ ਬਾਖੂਬੀ ਯੋਗਦਾਨ ਪਾ ਰਹੇ ਹਨ।  ਆਦਮੀ ਔਰਤ ਦਾ ਭੇਦਭਾਵ ਕਿਤੇ ਨਜਰ ਨਹੀਂ ਆਉਂਦਾ।ਜੋ ਕਿਸਾਨ ਬਾਹਰਲੇ ਮੁਲਕਾਂ ਵਿੱਚ ਬੈਠੇ ਹਨ ਉਨਾਂ ਵੱਲੋਂ ਵੀ ਅੰਦੋਲਨ ਦਾ ਹਿੱਸਾ ਬਣਦੇ ਹੋਏ ਆਪਣੇ ਆਪਣੇ ਮੁਲਕਾਂ ਅੰਦਰ ਹੀ ਵਿਰੋਧ ਪ੍ਰਗਟ ਕਰਦਿਆਂ ਰੈਲੀਆਂ ਕਰਕੇ ਇੱਕ ਵਿਸ਼ਵ ਪੱਧਰ ਦੀ ਧਾਰਨਾਂ ਨੂੰ ਸਾਕਾਰ ਰੂਪ ਵਿੱਚ ਪੇਸ਼ ਕੀਤਾ ਹੈ। ਕਿਸੇ ਨੇ ਠੀਕ ਕਿਹਾ ਹੈ ਕਿ ਕਿਸੇ ਇੱਕ ਥਾਂ ਤੇ ਹੋ ਰਹੀ ਬੇਇਨਸਾਫੀ, ਹਰ ਥਾਂ ਤੇ ਹੋ ਰਹੇ ਇਨਸਾਫ ਲਈ ਖਤਰਾ ਹੁੰਦੀ ਹੈ। ਇਸੇ ਕਾਰਨ ਇਹ ਅੰਦੋਲਨ ਵਿਸ਼ਵ ਪੱਧਰ ਤੇ ਕਿਸਾਨਾਂ ਦੇ ਹੱਕ ਵਿੱਚ ਲਹਿਰ ਪੈਦਾ ਕਰਨ ਵਿੱਚ ਸਹਾਈ ਹੋਇਆ ਹੈ ਇਨਾਂ ਹੀ ਨਹੀਂ ਸਗੋਂ ਇਸ ਅੰਦੋਲਨ ਨੇ ਕਈ —ਕਈ ਵਰਿ੍ਹਆਂ ਤੋਂ ਆਪਣੇ ਮੁਲਕ ਤੋਂ ਬਾਹਰ ਬੈਠੇ ਲੋਕਾਂ ਵਿੱਚ ਵਾਪਸ ਆਪਣੇ ਦੇਸ਼ ਅਤੇ ਆਪਣੀ ਮਿੱਟੀ ਵਿੱਚ ਪਰਤਣ ਲਈ ਇੱਕ ਨਵੀਂ ਉਮੀਦ ਪੈਦਾ ਕੀਤੀ ਹੈ ਅਤੇ ਕਈ ਤਾਂ ਬਾਹਰਲੇ ਮੁਲਕਾਂ ਤੋਂ ਵਾਪਸ ਆ ਕੇ ਅੰਦੋਲਨ ਵਿੱਚ ਸ਼ਾਮਲ ਵੀ ਹੋ ਚੁੱਕੇ ਹਨ। ਪੁਰਾਣੇ ਸਮੇਂ ਵਿੱਚ ਪੰਜਾਬ ਵਿੱਚ ਇੱਕ ਵਾਰ ਪਹਿਲਾਂ ਵੀ ਬ੍ਰਿਟਿਸ਼ ਸਰਕਾਰ ਦੇ ਖੇਤੀ ਸਬੰਧੀ ਕਾਨੂੰਨਾਂ ਵਿਰੁੱਧ ਸਾਲ 1907 ਵਿੱਚ ਇੱਕ ਕਿਸਾਨ ਅੰਦੋਲਨ ਚਲਾਇਆ ਗਿਆ ਸੀ ਜਿਸਦਾ ਮੁੱਖ ਉਦੇਸ਼ ਵੀ ਜਮੀਨਾਂ ਨੂੰ ਬਚਾਉਣਾ ਸੀ। ਇਹ ਅੰਦੋਲਨ ਲਗਾਤਾਰ 9 ਮਹੀਨੇ ਚਲਿਆ ਸੀ ਅਤੇ ਨਵੰਬਰ 1907 ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਉਹ ਕਾਨੂੰਨ ਵਾਪਸ ਲੈ ਲਏ ਗਏ ਸਨ।ਉਸ ਅੰਦੋਲਨ ਸਮੇਂ ਪਗੜੀ ਸੰਭਾਲ ਜੱਟਾ ਦਾ ਨਾਅਰਾ ਦਿੱਤਾ ਗਿਆ ਸੀ ਉੁਸੇ ਤਰ੍ਹਾਂ ਅੱਜ ਪੰਜਾਬ ਹੀ ਨਹੀਂ ਸਾਰੇ ਦੇਸ਼ ਵਿੱਚ ‘‘ਫਸਲਾਂ ਤੇ ਜਮੀਨ ਬਚਾਈ ਵੇ ਜਟਾਂ** ਦਾ ਨਵਾਂ ਨਾਰਾ ਦੇਣ ਦੀ ਲੋੜ ਹੈ।ਇਸ ਅੰਦੋਲਨ ਵਿੱਚ ਅੱਜ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਕੇਰਲਾ, ਰਾਜਸਥਾਨ ਅਤੇ ਮਹਾਂਰਾਸ਼ਟਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਸੂਬਿਆਂ ਦੇ ਹੁੰਦੇ ਹੋਏ ਵੀ, ਮੋਢੇ ਨਾਲ ਮੋਢਾ ਜੋੜ ਕੇ ਬਰਾਬਰ ਹਿੱਸਾ ਪਾਇਆ ਜਾ ਰਿਹਾ ਹੈ। ਜਿਸਨੇ ਦੇਸ਼ ਦੇ ਲੋਕਾਂ ਵਿੱਚ ਭੂਗੋਲਿਕ ਵਿਖਰੇਵਿਆਂ ਨੂੰ ਦੂਰ ਕੀਤਾ ਹੈ। ਲੋਕ ਆਪਣੀਆਂ ਨਿੱਜੀ ਰੰਜਿਸ਼ਾਂ, ਮੰਗਾਂ ਅਤੇ ਨਿੱਜੀ ਲੋੜਾਂ ਨੂੰ ਭੁੱਲ ਕੇ ਇਕਜੁਟ ਹੋਏ ਹਨ। ਇਹ ਸਾਰਾ ਵਿਵਹਾਰ ਦੇਸ਼ ਪ੍ਰੇਮ ਪੈਦਾ ਕਰਦਾ ਹੈ ਅਤੇ ਲੋਕਾਂ ਦੇ ਆਪਣੀ ਮਿੱਟੀ ਅਤੇ ਦੇਸ਼ ਲਈ ਪਿਆਰ ਨੂੰ ਉਜਾਗਰ ਕਰਦਾ ਹੈ।ਮੈਂ ਕਿਸਾਨਾਂ ਦੀ ਥਾਂ ਤੇ ਲੋਕ ਸ਼ਬਦ ਦੀ ਵਰਤੋਂ ਕਰ ਰਿਹਾ ਹਾਂ ਕਿਉਂਕਿ ਹੁਣ ਇਹ ਅੰਦੋਲਨ ਕੇਵਲ ਕਿਸਾਨਾਂ ਦਾ ਜਾਂ ਕਿਸਾਨਾਂ ਦੁਆਰਾ ਨਹੀਂ ਰਿਹਾ ਬਲਕਿ ਲੋਕਾਂ ਦਾ ਜਨ ਜਨ ਦਾ ਅੰਦੋਲਨ ਬਣ ਚੁੱਕਾ ਹੈ ਭਾਵੇਂ ਮੁਦਾ ਕਿਸਾਨੀ ਨਾਲ ਜੁੜਿਆ ਹੀ ਹੈ। ਮਿਤੀ 8.12.2020 ਨੂੰ ਕਿਸਾਨਾਂ ਵੱਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਦੀ ਸਫਲਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੇਵਲ ਕਿਸਾਨ ਹੀ ਨਹੀਂ ਸਗੋਂ ਮੁਲਾਜਮ ਵਰਗ, ਵਪਾਰੀ, ਵਕੀਲ ਵਰਗ, ਡਾਕਟਰ ਵਰਗ ਅਤੇ ਹਰ ਕਿਸੇ ਵੱਲੋਂ ਇਸ ਅੰਦੋਲਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਇੰਨੇ ਵੱਡੇ ਅੰਦੋਲਨ ਨੂੰ ਲੰਮਾ ਸਮਾਂ ਚਲਾਉਣਾ ਵੀ ਬਹੁਤ ਵੱਡੀ ਗੱਲ ਹੈ ਜਿਸ ਦੇ ਲਈ ਕਿਸਾਨ ਯੂਨੀਅਨਾਂ ਦੇ ਸਾਰੇ ਆਗੂ ਵਧਾਈ ਦੇ ਪਾਤਰ ਹਨ। ਜਿਨਾਂ ਦੇ ਯਤਨਾਂ ਸਦਕਾ ਇਹ ਅੰਦੋਲਨ ਇੱਥੇ ਤੱਕ ਪਹੁੰਚਿਆ ਹੈ।ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਚਲਦਿਆਂ ਗੁਰੂ ਕਾ ਲੰਗਰ ਅਤੇ ਨਿਮਰਤਾ ਇਸ ਅੰਦੋਲਨ ਦੀਆਂ ਖੂਬੀਆਂ ਰਹੀਆਂ ਹਨ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਜੁਲਮ ਨਾ ਸਹਿਣਾ ਅਤੇ ਜੁਲਮੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰਨ ਦੀ ਝਲਕ ਵੀ ਇਸ ਅੰਦੋਲਨ ਵਿੱਚ ਮਿਲਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸ਼ਾਹ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਕਿਸਾਨ ਅੰਦੋਲਨ ਰਾਹੀਂ ਲੋਕਾਂ ਵੱਲੋਂ ਕੇਂਦਰ ਸਰਕਾਰ ਦੇ ਉਨਾਂ ਤਿੰਨ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਕਿਸਾਨ ਨੂੰ ਉਸਦੀ ਫਸਲ ਅਤੇ ਜਮੀਨ ਖੁਸਣ ਦਾ ਡਰ ਹੈ।

ਇਸ ਸਮੇਂ ਦੇਸ਼ ਵਿੱਚ ਪੂੰਜੀਵਾਦ ਦਾ ਦੋਰ ਚਲ ਰਿਹਾ ਹੈ। ਸਰਕਾਰ ਅਪਣੇ ਕੰਮਾਂ ਨੁੂੰ ਘਟਾਉਣ ਲਈ ਬਹੁਤੇ ਕੰਮ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਦੇ ਰਹੀ ਹੈ ਪਰ ਨਿੱਜੀ ਕੰਪਨੀਆਂ ਵੱਲੋਂ ਆਮ ਲੋਕਾਂ ਨੂੰ ਇਹ ਸੇਵਾਵਾਂ / ਉਤਪਾਦ  ਕਿਸ ਰੇਟ ਤੇ ਮੁਹਈਆ ਕਰਵਾਏ ਜਾਣ, ਉਸ ਸਬੰਧੀ ਕੋਈ ਸਰਕਾਰੀ ਕੰਟਰੋਲ ਨਹੀਂ ਹੈ ਜਿਸ ਕਾਰਨ ਬਜਾਰ ਵਿੱਚ ਉਤਪਾਦ ਦੀ  ਲਾਗਤ ਅਤੇ ਉਤਪਾਦ ਦੀ ਖਰੀਦ ਕੀਮਤ ਵਿੱਚ ਭਾਰੀ ਫਰਕ ਦੇਖਿਆ ਜਾ ਰਿਹਾ। ਕਾਰਲ ਮਾਰਕਸ ਵੱਲੋਂ  ਪੂੰਜੀਵਾਦ ਦੀਆਂ ਜਿੰਨਾਂ ਬੁਰਾਈਆਂ ਦੀ ਗੱਲ ਕੀਤੀ ਗਈ ਸੀ ਉਹ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਰਹੀਆਂ ਹਨ। ਇਸ ਅੰਦੋਲਨ ਦਾ ਇੱਕ ਪੱਖ ਇਹ ਵੀ ਹੈ ਕਿ ਲੋਕਾਂ ਨੂੰ ਹਿੰਦੁਸਤਾਨ ਵਿੱਚ ਪੈਰ ਪਸਾਰ ਰਹੇ ਪੁੂੰਜੀਵਾਦ ਦਾ ਅਹਿਸਾਸ ਹੋਣਾ ਵੀ ਸ਼ੁਰੂ ਹੋ ਗਿਆ ਹੈ। ਦੇਸ਼ ਵਿੱਚ ਵੱਖ ਵੱਚ ਥਾਵਾਂ ਤੇ ਪੈਰ ਪਸਾਰ ਰਹੇ ਮਾਲ ਕਲਚਰ ਨੇ ਛੋਟੀਆਂ ਦੁਕਾਨਾਂ, ਛੋਟੇ ਵਪਾਰੀਆਂ ਦੀ ਹੋਂਦ ਨੂੰ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਰਹੀ ਸਹੀ ਕਸਰ ਦੇਸ਼ ਵਿੱਚ ਡਿਜੀਟਲ ਲੈਣ ਦੇਣ ਦੀ ਪ੍ਰਣਾਲੀ ਨੇ ਕੱਢ ਦਿੱਤੀ ਹੈ। ਇਹ ਪੂੰਜੀਵਾਦ ਦਾ ਹੀ ਬਦਲਿਆ ਹੋਇਆ ਰੂਪ ਹੈ ਜਿਸ ਵਿੱਚ ਸ਼ਕਤੀ ਸਾਧਨ ਤੋਂ ਲੈ ਕੇ ਲੂਣ ਤੇਲ ਤੱਕ ਦੇ ਕਾਰੋਬਾਰ ਤੇ ਪੂੰਜੀਪਤੀਆਂ ਦਾ ਏਕਾਧਿਕਾਰ (Monopoly)

 ਹੋ ਗਿਆ ਹੈ। ਜਿਸ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ।

 

ਇਸ ਅੰਦੋਲਨ ਨੇ ਲੋਕਾਂ ਅੰਦਰ ਕਈ ਚੰਗੀਆਂ ਭਾਵਨਾਵਾਂ ਨੂੰ ਜਨਮ ਦਿੱਤਾ ਹੈ ਅਤੇ ਕਈ ਸਮਾਜਿਕ ਕੁਰੀਤੀਆਂ ਨੂੰ ਵਿਸਾਰਿਆ ਹੈ। ਜਿੱਥੇ ਪਰਿਵਾਰਕ ਅਤੇ ਸਮਾਜਿਕ ਸਾਂਝ ਮਜਬੂਤ ਹੋਈ ਹੈ ਉੱਥੇ ਮਨੋਵਿਗਿਆਨਕ ਪੱਧਰ ਤੇ ਪਰਿਵਾਰਕ ਅਤੇ ਸਮਾਜਿਕ ਪਿਆਰ, ਸਹਿਣਸ਼ੀਲਤਾ, ਸੰਜਮ, ਏਕਾ ਅਤੇ ਕਿਸੇ ਟੀਚੇ ਨੂੰ ਪ੍ਰਾਪਤ ਕਰਨ ਲਈ ਟੀਮ ਵਰਕ ਦਾ ਸਬਕ ਵੀ ਸਿਖਾਇਆ ਹੈ। ਮੰਜਿਲ ਮਿਲ ਹੀ ਜਾਏਗੀ ਭਟਕਤੇ ਹੀ ਸਹੀ, ਗੁਮਰਾਹ ਤੋਂ ਵੋ ਹੈਂ ਜੋ ਘਰ ਸੇ ਨਿਕਲੇ ਹੀ ਨਹੀਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>