ਮਹਿਤਾ ਚੌਕ / ਅੰਮ੍ਰਿਤਸਰ - ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਤੇ ਹਠੀ ਵਤੀਰੇ ਨੇ ਸੰਤ ਬਾਬਾ ਰਾਮ ਸਿੰਘ ਸੀਂਗੜੇ ਵਾਲੇ ਨਾਨਕਸਰ ਕਰਨਾਲ ਦੀ ਬਲੀ ਲੈ ਲਈ ਹੈ। ਉਨ੍ਹਾਂ ਸ੍ਰੀ ਮੋਦੀ ਨੂੰ ਰਹਿਮ ਦੀ ਅਪੀਲ ਕਰਦਿਆਂ ਸਵਾਲ ਉਠਾਇਆ ਕਿ ਮੋਦੀ ਹੋਰ ਕਿੰਨੀਆਂ ਜਾਨਾਂ ਦੀ ਬਲੀ ਲੈਣ ਦੀ ਉਡੀਕ ਵਿਚ ਹੈ ਜੋ ਕਿਸਾਨੀ ਦਾ ਮਸਲਾ ਹੱਲ ਕਰਨ ਦੀ ਥਾਂ ਕਾਰਪੋਰੇਟ ਘਰਾਨਿਆਂ ਦੀ ਪੁਸ਼ਤ ਪਨਾਹੀ ’ਚ ਲਗਾ ਹੋਇਆ ਹੈ? ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨੀ ਪ੍ਰਤੀ ਮੋਦੀ ਸਰਕਾਰ ਨੇ ਸਾਰਥਿਕ ਪਹੁੰਚ ਅਪਣਾਈ ਹੁੰਦੀ ਤਾਂ ਸੰਤ ਸਮਾਜ ਦੇ ਪ੍ਰਸਿੱਧ ਤੇ ਪਰਉਪਕਾਰੀ ਸ਼ਖ਼ਸੀਅਤ ਸੰਤ ਸੀਂਗੜੇ ਵਾਲਿਆਂ ਨੂੰ ਆਪਣੀ ਜਾਨ ਦਾ ਬਲੀਦਾਨ ਨਾ ਦੇਣਾ ਪੈਦਾ। ਸੰਤਾਂ ਦੇ ਵਿਛੋੜੇ ਨਾਲ ਲੱਖਾਂ ਸੰਗਤਾਂ ਦੇ ਹਿਰਦਿਆਂ ਨੂੰ ਸੱਟ ਵੱਜੀ ਹੈ। ਉਨ੍ਹਾਂ ਦੱਸਿਆ ਕਿ ਸੰਤ ਸੀਂਗੜੇ ਵਾਲੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਰਹੇ , ਉਨ੍ਹਾਂ ਸ੍ਰੀ ਦਰਬਾਰ ਸਾਹਿਬ ਲਈ ਵੀ ਸੇਵਾ ਨਿਭਾਈ, ਉਹ ਸ਼ੁਰੂਆਤ ਤੋਂ ਹੀ ਦਿਲੀ ਕਿਸਾਨ ਮੋਰਚੇ ’ਚ ਅੱਪੜ ਕੇ ਲੰਗਰ, ਰਸਤ ਪਾਣੀ ਅਤੇ ਕੰਬਲਾਂ ਆਦਿ ਦੀ ਸੇਵਾ ਨਿਭਾਉਂਦੇ ਰਹੇ ਅਤੇ ਹਰ ਰੋਜ਼ ਕਿਸਾਨੀ ਦੀ ਹੁੰਦੀ ਦੁਰਦਸ਼ਾ ਤੋਂ ਉਹ ਬਹੁਤ ਦੁਖੀ ਸੀ । ਸੰਤਾਂ ਦੇ ਕੋਮਲ ਹਿਰਦੇ ਨੂੰ ਕਿਸਾਨਾਂ ਦਾ ਦੁੱਖ ਝੱਲਿਆ ਨਾ ਗਿਆ ਅਤੇ ਖ਼ੁਦ ਨੂੰ ਗੋਲੀ ਮਾਰਨ ਲਈ ਮਜਬੂਰ ਹੋਏ। ਜਿਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਰਾਮ ਸਿੰਘ ਜੀ ਹੁਰਾਂ ਵੱਲੋਂ ਸਿੰਘੂ ਬਾਰਡਰ ’ਤੇ ਸੈਂਟਰ ਸਰਕਾਰ ਖ਼ਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਹੋਇਆ ਆਪਣਾ ਸਰੀਰ ਛੱਡ ਜਾਣਾ ਕੋਈ ਸਾਧਾਰਨ ਘਟਨਾ ਨਹੀਂ ਹੈ ਸਗੋਂ ਇਕ ਸੰਤ ਵੱਲੋਂ ਜ਼ਾਲਮ ਹਕੂਮਤ ਦੀਆਂ ਅੱਖਾਂ ਖੋਲ੍ਹਣ ਅਤੇ ਜੜਾਂ ਹਿਲਾ ਦੇਣ ਵਾਲੀ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਮੋਰਚੇ ’ਤੇ ਬੈਠੇ ਅੰਦੋਲਨਕਾਰੀਆਂ ਅਤੇ ਸੰਗਤ ਨੂੰ ਕਿਸੇ ਖ਼ਿਲਾਫ਼ ਅਪਸ਼ਬਦ ਨਾ ਬੋਲਣ ਅਤੇ ਮੋਰਚੇ ਨੂੰ ਆਖ਼ਰੀ ਜਿੱਤ ਤਕ ਸ਼ਾਂਤਮਈ ਬਣਾਈ ਰੱਖਦਿਆਂ ਕਿਸਾਨ ਆਗੂਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਬੌਖਲਾਹਟ ’ਚ ਤਾਕਤ ਦੀ ਵਰਤੋਂ ਕਰ ਸਕਦੀ ਹੈ ਜਾਂ ਭੜਕਾਹਟ ਪੈਦਾ ਕਰ ਸਕਦੀ ਹੈ ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਮੋਦੀ ਦੇ ਹਠੀ ਵਤੀਰੇ ਨੇ ਲਈ ਸੰਤ ਸੀਂਗੜੇ ਵਾਲਿਆਂ ਦੀ ਬਲੀ : ਬਾਬਾ ਹਰਨਾਮ ਸਿੰਘ ਖ਼ਾਲਸਾ
This entry was posted in ਪੰਜਾਬ.