ਨਨਕਾਣਾ ਸਾਹਿਬ- ਕਿਸਾਨਾਂ ਵੱਲੋਂ ਕਈ ਮਹੀਨਿਆਂ ਤੋਂ ਭਾਰਤ ਦੀ ਸੈਂਟਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਹੈ। ਕਿਸਾਨਾਂ ਦੇ ਹੱਕ ‘ਚ ਨਨਕਾਣਾ ਸਾਹਿਬ ਵਿਖੇ ਵੀ ਰੋਸ਼ ਰੈਲੀ ਕੱਢੀ ਗਈ ਸੀ।ਅੱਜ ਜਿੱਥੇ ਇਹ ਖ਼ਬਰ ਅੱਗ ਦੀ ਤਰ੍ਹਾਂ ਫੈਲ ਗਈ, ਕਿ ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਰੋਸ ‘ਚ ਕੁੰਡਲੀ ਬਾਰਡਰ ਵਾਲੇ ਕਿਸਾਨੀ ਮੋਰਚੇ ‘ਤੇ ਇਸ ਪੋਹ ਦੇ ਮਹੀਨੇ ‘ਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀਆਂ ਘੋੜੀਆਂ ਸੁਨਾਉਣ ਵਾਲੀ, ਦਸਮੇਸ਼ ਪਿਤਾ ਅਤੇ ਉਨ੍ਹਾਂ ਦੇ ਦੁਲਾਰਿਆਂ ਦੀਆਂ ਕੁਰਬਾਨੀਆਂ ਦੇ ਰੰਗ ‘ਚ ਰੰਗੀ ਰੂਹ ਸੰਤ ਬਾਬਾ ਰਾਮ ਸਿੰਘ ਸੀਂਘੜਾ ਵਾਲੇ ‘ਇਕ ਸੀ ਅਜੀਤ ਇਕ ਸੀ ਜੁਝਾਰ’ ਕਿਸ ਰੰਗ ਵਿੱਚ ਗਾਉਂਦੇ ਸਨ। ਉਸ ਦਾ ਪਤਾ ਅੱਜ ਲੱਗਾ ਜਦੋਂ ਕਲਗੀਧਰ ਦੇ ਬੋਲ ‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।
ਨਨਕਾਣਾ ਸਾਹਿਬ ਵਿਖੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਜ਼ੁਲਮਾਂ ਤੋਂ ਜਾਨ ਵਾਰਨ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਅਤੇ ਸੋਗ ਦੀ ਲਹਿਰ
ਸ਼ਾਇਦ ਜੀਵਤ ਕਈ ਹਜ਼ਾਰ ਜਦੋਂ ਆਪ ਜੀ ਪੜ੍ਹਦੇ ਹੋਣਗੇ ਤਾਂ ਉਨ੍ਹਾਂ ਨੂੰ ਇਨ੍ਹਾਂ ਠੰਢੀਆਂ ਰਾਤਾਂ ਵਿੱਚ ਸੜਕਾ ‘ਤੇ ਰੁਲਦੇ ਕੰਬਦੇ ਕਿਸਾਨਾਂ ਦੇ ਬੱਚਿਆਂ, ਬਜ਼ੁਰਗਾਂ, ਮਾਤਾਵਾਂ, ਭੈਣਾਂ ਚੋਂ ਕਲਗੀਧਰ ਦੇ ਪੁੱਤਰ ਤੇ ਧੀਆਂ ਨਜ਼ਰ ਆਉਂਦੀਆਂ ਹੋਣਗੇ ਤੇ ਉਹ ਇਹ ਗੰਮ-ਦੁੱਖ ਬਰਦਾਸ਼ਤ ਨਾ ਕਰਦੇ ਹੋਏ ਫ਼ੈਸਲਾ ਕਰ ਬੈਠੇ ਕਿ ਜੇ ਮੈਂ ਹੋਰ ਕੁਝ ਨਹੀਂ ਕਰ ਸਕਦਾ ਹਾਂ ਤਾਂ ਆਪਣਾ ਹੀ ਬਲਿਦਾਨ ਦੇ ਦੇਵਾ।
ਜਿੱਥੇ ਸ਼ਹੀਦ ਦਾ ਖੂਨ ਡੁੱਲਦਾ ਹੈ ਉੱਥੇ ਹਜ਼ਾਰਾਂ ਸ਼ਹੀਦ ਜਨਮ ਲੈਂਦੇ ਹਨ।ਉਨ੍ਹਾਂ ਨੇ ਆਪਣੇ-ਆਪ ਨੂੰ ਗੋਲੀ ਕਿਉਂ ਮਾਰੀ ਉੱਤੇ ਸਵਾਲ ਖੜ੍ਹੇ ਕਰਨ ਵਾਲੀ ਵੀ ਸਾਡੇ ‘ਚੋਂ ਹੀ ਹੋਣਗੇ। ਜੋ ਸਵਾਲ ਕਰਨਗੇ। ਲੇਕਿਨ ਉਨ੍ਹਾਂ ਦੇ ਬੋਲੇ ਆਖ਼ਰੀ ਬੋਲਾ ਅਤੇ ਉਨ੍ਹਾਂ ਵੱਲੋਂ ਲਿਖੀ ਚਿੱਠੀ ਦੀ ਲਿਖ਼ਤ ਤੋਂ ਸਾਫ਼ ਸਪੱਸ਼ਟ ਹੁੰਦਾ ਹੈ ਕਿ ਸੱਚ-ਮੁੱਚ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜਾ ਰਹੇ ਜ਼ੁਲਮਾਂ ਤੋਂ ਆਪ ਜੀ ਬਹੁਤ ਜ਼ਿਆਦਾ ਦੁਖੀ ਹੋ ਗਏ ਸਨ। ਸੜਕਾਂ ਤੇ ਰੁਲਦੇ ਕਿਸਾਨਾਂ ਚੋਂ ਸ਼ਾਇਦ ਉਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਰੁਲਦਾ ਦੇਖ ਰਹੇ ਸਨ।
ਸੰਤ ਬਾਬਾ ਰਾਮ ਸਿੰਘ ਜੀ ਸੁਰਤਿ ਦੀ ਉਡਾਰੀ ਕਿੰਨੀ ਉੱਚੀ ਪਹੁੰਚ ਚੁੱਕੀ ਸੀ। ਇਹ ਸ਼ਾਇਦ ਉਹੀ ਦੱਸ ਸਕਦੇ ਹਨ।ਪਾਕਿਸਤਾਨ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ, ਪਾਕਿਸਤਾਨੀ ਸਿੱਖ ਸੰਗਤ, ਪੰਜਾਬੀ ਸਿੱਖ ਸੰਗਤ, ਗੁਰਦੁਅਰਾ ਸ੍ਰੀ ਜਨਮ ਅਸਥਾਨ ਦੇ ਗ੍ਰੰਥੀ ਸਾਹਿਬਾਨ ਵੱਲੋਂ ਇਕ ਵਾਰ ਫੇਰ ਹਿੰਦੁਸਤਾਨ ਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਕੀਤੇ ਜਾ ਰਹੇ ਜ਼ੁਲਮਾਂ ਦੀ ਨਿਖੇਦੀ ਕੀਤੀ ਗਈ ਅਤੇ ਸੁਨੇਹਾ ਦਿੱਤਾ ਗਿਆ ਕਿ ਸੰਤ ਬਾਬਾ ਰਾਮ ਸਿੰਘ ਜੀ ਵੱਲੋਂ ਦਿੱਤੀ ਸ਼ਹਾਦਤ ਕਿਸਾਨੀ ਸੰਘਰਸ਼ ‘ਚ ਇਕ ਨਵਾਂ ਰੰਗ ਭਰੇਗੀ, ਉਹ ਰੰਗ ਫ਼ਤਹਿਯਾਬੀ ਦਾ ਰੰਗ ਹੋਵੇਗਾ।
ਆਪ ਜੀ ਵੱਲੋਂ ਲਿਖੇ ਆਖਰੀ ਬੋਲ ਘਰ-ਘਰ ਗੁੰਜਣਗੇ-
ਸਰਕਾਰ ਨਿਆਂ ਨਹੀਂ ਦੇ ਰਹੀ, ਸਰਕਾਰੇ ਇਹ ਜ਼ੁਲਮ ਹੈ.. ਸਰਕਾਰੇ ਜ਼ੁਲਮ ਕਰਨਾ ਪਾਪ ਹੈ। ਅਤੇ ਕਿਸਾਨ ਵੀਰੋਂ ! ਜ਼ੁਲਮ ਸਹਿਣਾ ਵੀ ਪਾਪ ਹੈ। ਸੰਤ ਬਾਬਾ ਰਾਮ ਸਿੰਘ ਜੀ ਦੀ ਸ਼ਹਾਦਤ ਜ਼ੁਲਮ ਦੇ ਖ਼ਿਲਾਫ਼ ਅਵਾਜ਼ ਹੈ। ਕਿਰਤੀ ਕਿਸਾਨ ਦੇ ਹੱਕ ਵਿੱਚ ਅਵਾਜ਼ ਹੈ।
ਸਮੂਹ ਸੰਗਤਾਂ ਵੱਲੋਂ ਬੇਨਤੀ ਚੌਪਈ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ।