ਵੀਰਵਾਰ ਨੂੰ ਕਿਸਾਨਾਂ ਨੇ ਦਿੱਲੀ ਦੇ ਚੁਫੇਰੇ ਟਰੈਕਟਰ ਮਾਰਚ ਕੱਢਿਆ। ਸਿੰਧੂ ਤੋਂ ਟਿਕਰੀ ਬਾਰਡਰ, ਟਿਕਰੀ ਤੋਂ ਕੁੰਡਲੀ, ਗਾਜੀਪੁਰ ਤੋਂ ਪਲਵਲ ਅਤੇ ਰੇਵਾਸਨ ਤੋਂ ਪਲਵਲ ਤੱਕ ਇਹ ਮਾਰਚ ਕੱਢਿਆ ਗਿਆ। ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੇ ਵਿਰੋਧ ਵਿਚ ਕਿਸਾਨਾਂ ਵਲੋਂ 43 ਦਿਨ ਪਹਿਲਾਂ ਸ਼ੁਰੂ ਕੀਤੇ ਗਏ ਇਸ ਅੰਦੋਲਨ ਦੌਰਾਨ ਵੀਰਵਾਰ ਨੂੰ ਕੱਢੇ ਗਏ ਇਸ ਟਰੈਕਟਰ ਮਾਰਚ ਵਿਚ ਕਿਸਾਨਾਂ ਵਲੋਂ 60 ਹਜ਼ਾਰ ਟਰੈਕਟਰਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਅੰਦੋਲਨ ਦੌਰਾਨ ਸ਼ਾਮਲ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਵੀ ਟਰੈਕਟਰ ਪਰੇਡ ਕੱਢੀ ਜਾਵੇਗੀ। ਵੀਰਵਾਰ ਦੀ ਮਾਰਚ ਉਸੇ ਪਰੇਡ ਦਾ ਟ੍ਰੇਲਰ ਸੀ। ਜਿ਼ਕਰਯੋਗ ਹੈ ਕਿ ਸ਼ੁਕਰਵਾਰ ਨੂੰ ਕਿਸਾਨਾਂ ਦੀ ਸਰਕਾਰ ਨੂੰ 9ਵੇਂ ਦੌਰ ਦੀ ਗੱਲਬਾਤ ਹੋਣੀ ਹੈ। ਇਸ ਗੱਲਬਾਤ ਤੋਂ ਇਕ ਦਿਨ ਪਹਿਲਾਂ ਕਿਸਾਨਾਂ ਵਲੋਂ ਵੱਡੀ ਪੱਧਰ ‘ਤੇ 60 ਹਜ਼ਾਰ ਟਰੈਕਟਰਾਂ ਦੀ ਪਰੇਡ ਕੱਢਕੇ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ। 43 ਦਿਨ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਦੇ ਹੌਸਲਿਆਂ ਵਿਚ ਕਿਸੇ ਕਿਸਮ ਦੀ ਕਮੀ ਨਹੀਂ ਆਈ। ਦੂਜੇ ਪਾਸੇ ਸਰਕਾਰ ਕਿਸਾਨਾਂ ਅੱਗੇ ਝੁਕਣ ਨੂੰ ਤਿਆਰ ਨਹੀਂ ਲੱਗਦੀ।
ਇਥੇ ਇਹ ਵੀ ਜਿ਼ਕਰਯੋਗ ਹੈ ਕਿ ਇਸ ਟਰੈਕਟਰ ਪਰੇਡ ਦੌਰਾਨ ਅਨੇਕਾਂ ਔਰਤਾਂ ਟਰੈਕਟਰ ਚਲਾਉਂਦੀਆਂ ਨਜ਼ਰ ਆਈਆਂ। ਕਿਸਾਨਾਂ ਨੇ ਕਿਹਾ ਕਿ ਗੱਲਬਾਤ ਦਾ ਕੋਈ ਨਤੀਜਾ ਨਾ ਨਿਕਲਣ ਦੀ ਹਾਲਤ ਵਿੱਚ 26 ਜਨਵਰੀ ਨੂੰ ਕਢੀ ਜਾਣ ਵਾਲੀ ਪਰੇਡ ਦੌਰਾਨ ਔਰਤਾਂ ਟਰੈਕਟਰ ਪਰੇਡ ਦੀ ਅਗਵਾਈ ਕਰਨਗੀਆਂ। ਖ਼ਬਰਾਂ ਅਨੁਸਾਰ ਇਸ ਪਰੇਡ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਟਰੈਕਟਰ ਚਲਾਉਣ ਦੀ ਟ੍ਰੇਨਿੰਗ ਲੈ ਰਹੀਆਂ ਹਨ। ਪੰਜਾਬ, ਹਰਿਆਣਾ ਅਤੇ ਯੂਪੀ ਦੀਆਂ ਕਿਸਾਨ ਯੂਨੀਅਨਾਂ ਵਲੋਂ ਨੂੰ ਅਪੀਲ ਕੀਤੀ ਹੈ ਕਿ ਘਟੋ ਘਟ ਹਰੇਕ ਪਿੰਡ ਚੋਂ 10 ਔਰਤਾਂ ਇਸ ਪਰੇਡ ਵਿਚ ਸ਼ਾਮਲ ਹੋਣ।
ਇਸ ਤੋਂ ਬਾਅਦ ਸਰਕਾਰ ਵਲੋਂ ਦਿੱਲੀ ਨੂੰ ਲੱਗਦੇ ਸਾਰੇ ਬਾਰਡਰਾਂ ‘ਤੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਗਾਜ਼ੀਆਬਾਦ ਦੇ ਏਡੀਐਮ(ਸਿਟੀ) ਨੇ ਦੱਸਿਆ ਕਿ ਕਿਸਾਨਾਂ ਦੇ ਮਾਰਚ ਨੂੰ ਵੇਖਦਿਆਂ ਹੋਰ ਫੋਰਸ ਵਧਾ ਦਿੱਤੀ ਗਈ ਹੈ।