ਨਨਕਾਣਾ ਸਾਹਿਬ – ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੇ ਬਲਿਊ ਸਟਾਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਜ਼ਾਬਰ ਭਾਰਤੀ ਹੁਕਮਰਾਨਾਂ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦਾ ਸਿੱਖ ਰਵਾਇਤਾ ਅਨੁਸਾਰ ਉਸ ਸਮੇਂ ਭਾਰਤੀ ਫ਼ੌਜ ਦੇ ਜਨਰਲ ਵੈਦਿਆ ਨੂੰ ਸੋਧਕੇ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਦੁਨੀਆਂ ਭਰ ਵਿਚ ਕਾਇਮ ਰੱਖਿਆ ਅਤੇ ਸਿੱਖ ਕੌਮ ਨੂੰ ਇਕ ਬਹੁਤ ਹੀ ਸੰਜ਼ੀਦਾ ਸੰਦੇਸ਼ ਦਿੱਤਾ। ਜਿਨ੍ਹਾਂ ਉਤੇ ਸਿੱਖ ਕੌਮ ਨੂੰ ਫਖ਼ਰ ਹੈ ਅਤੇ ਹਮੇਸ਼ਾਂ ਰਹੇਗਾ।ਅਮਰ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੱਥੇਦਾਰ ਬਾਪੂ ਮਹਿੰਗਾ ਸਿੰਘ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਕੁਝ ਮਹੀਨੇ ਪਹਿਲਾਂ ਮਾਤਾ ਜੀ ਵੀ ਚੜ੍ਹਾਈ ਕਰ ਗਏ ਸਨ। ਧੰਨ ਹੈ ਇਨ੍ਹਾਂ ਮਾਪਿਆਂ ਦਾ ਜਗ ਤੇ ਆਉਣਾ। ਉਨ੍ਹਾਂ ਦੇ ਚਲੇ ਜਾਣ ਦਾ ਕੇਵਲ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਪਰਿਵਾਰ ਨੂੰ ਹੀ ਨਹੀਂ, ਬਲਕਿ ਸਮੁੱਚੇ ਖ਼ਾਲਸਾ ਪੰਥ ਨੂੰ ਗਹਿਰਾ ਸਦਮਾ ਪਹੁੰਚਿਆ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ, ਸ੍ਰੀ ਨਨਕਾਣਾ ਸਾਹਿਬ ਵਿਖੇ ਅਰਦਾਸ ਹੈ ਵਾਹਿਗੁਰੂ ਜੀ ਪਰਿਵਾਰ ਅਤੇ ਸਮੁੱਚੇ ਪੰਥ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਨਨਕਾਣਾ ਸਾਹਿਬ ਦੀ ਸਮੂਹ ਸੰਗਤ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ।
ਫਲਦੇ ਫੁੱਲਦੇ ਨੇ ਕੌਮਾਂ ਦੇ ਬਿ੍ਰਛ ਓਹੀ.
ਕੌਮਾਂ ਓਹਨਾਂ ਦੀ ਛਾਵੇਂ ਹੀ ਬਹਿੰਦੀਆਂ ਨੇ।
ਵਿੱਚ ਔੜ ਦੇ ਜੀ ਜੜ੍ਹਾਂ ਜਿੰਨ੍ਹਾਂ ਦੀਆਂ,
ਨਾਲ ਰੱਤ ਦੇ ਗਿਲੀਆਂ ਰਹਿੰਦੀਆਂ ਨੇ।
ਆਓ ! ਸਾਰੀਆਂ ਸੰਗਤਾਂ ਆਪਣੇ ਗੁਰਦੁਆਰਿਆਂ ਅਤੇ ਘਰਾਂ ’ਚ ਬਾਪੂ ਮਹਿੰਗਾ ਸਿੰਘ ਜੀ ਦੇ ਨਮਿਤ ਬੇਨਤੀ
ਚੌਪਈ ਸਾਹਿਬ ਦਾ ਘੱਟੋ-ਘੱਟ ਇਕ ਪਾਠ ਅਤੇ ਅਰਦਾਸ ਜ਼ਰੂਰ ਕਰੀਏ।