ਕਰਨਾਲ – ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਦੀ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਕਿਸਾਨਾਂ ਦੇ ਰੋਹ ਅੱਗੇ ਦਮ ਤੋੜ ਗਈ। ਪੁਲਿਸ ਵੱਲੋਂ ਕੀਤੇ ਗਏ ਸਾਰੇ ਕੜੇ ਇੰਤਜਾਮ ਧਰੇ ਧਰਾਏ ਰਹਿ ਗਏ। ਹਜ਼ਾਰਾਂ ਦੀ ਸੰਖਿਆ ਵਿੱਚ ਕਿਸਾਨ ਸੁਰੱਖਿਆ ਦਸਤਿਆਂ ਦੇ ਸਾਰੇ ਬੈਰੀਕੇਡ ਤੋੜਦੇ ਹੋਏ, ਪਾਣੀ ਦੀਆਂ ਬੁਛਾੜਾਂ ਝਲਦੇ ਹੋਏ ਅਤੇ ਅੱਥਰੂ ਗੈਸ ਦੇ ਗੋਲਿਆਂ ਦੇ ਧੂੰਏ ਦਾ ਸਾਹਮਣਾ ਕਰਦੇ ਹੋਏ ਆਖਿਰ ਪੰਡਾਲ ਤੱਕ ਪਹੁੰਚ ਹੀ ਗਏ। ਮੁੱਖਮੰਤਰੀ ਖੱਟਰ ਨੇ ਕਿਸਾਨਾਂ ਦੇ ਵਿਰੋਧ ਨੂੰ ਵੇਖਦੇ ਹੋਏ ਆਪਣਾ ਹੈਲੀਕਾਪਟਰ ਵਾਪਿਸ ਭਜਾਇਆ।
ਮੁੱਖਮੰਤਰੀ ਖੱਟਰ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਕਾਲੇ ਕਾਨੂੰਨਾਂ ਦੇ ਫਾਇਦੇ ਦੱਸਣ ਦੇ ਲਈ ਹਰਿਆਣਾ ਦੇ ਇੱਕ ਪਿੰਡ ਕੈਮਲਾ ਵਿੱਚ ਮਹਾਂਪੰਚਾਇਤ ਕਰਨੀ ਸੀ। ਕਿਸਾਨਾਂ ਨੂੰ ਉਸ ਸਥਾਨ ਤੇ ਪਹੁੰਣ ਤੋਂ ਰੋਕਣ ਲਈ ਅਤੇ ਇਸ ਪ੍ਰੋਗਰਾਮ ਨੂੰ ਸਫ਼ਲ ਕਰਵਾਉਣ ਲਈ ਰਾਜ ਸਰਕਾਰ ਨੇ ਭਾਰੀ ਫੋਰਸ ਲਗਾ ਕੇ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਸਨ। ਪ੍ਰਦਰਸ਼ਨਕਾਰੀ ਕਿਸਾਨ ਸਾਰੇ ਨਾਕੇ ਤੋੜ ਕੇ ਖੇਤਾਂ ਵਿੱਚੋਂ ਦੀ ਹੁੰਦੇ ਹੋਏ ਉਸ ਪੰਡਾਲ ਵਿੱਚ ਪਹੁੰਚ ਗਏ, ਜਿੱਥੇ ਬੀਜੇਪੀ ਨੇ ਪ੍ਰੋਗਰਾਮ ਕਰਨਾ ਸੀ। ਪੁਲਿਸ ਦੇ ਸਾਰੇ ਸੁਰੱਖਿਆ ਪ੍ਰਬੰਧ ਢਹਿਢੇਰੀ ਹੋ ਗਏ। ਸਾਰਾ ਪੰਡਾਲ ਤਹਿਸ-ਨਹਿਸ ਹੋ ਗਿਆ।
ਪ੍ਰਬੰਧਕਾਂ ਵੱਲੋਂ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਇਹ ਪ੍ਰੋਗਰਾਮ ਰੱਦ ਕਰਨਾ ਪਿਆ। ਕਿਸਾਨ ਵੀ ਪਿੱਛਲੇ ਕੁਝ ਦਿਨਾਂ ਤੋਂ ਇਸ ਮਹਾਂਪੰਚਾਇਤ ਦਾ ਵਿਰੋਧ ਕਰਨ ਦੀ ਚਿਤਾਵਨੀ ਲਗਾਤਾਰ ਦਿੰਦੇ ਆ ਰਹੇ ਸਨ। ਪੁਲਿਸ ਨੇ ਬੇਸ਼ਕ 7 ਜਗ੍ਹਾ ਤੇ ਨਾਕੇ ਲਗਾ ਕੇ ਉਸ ਖੇਤਰ ਨੂੰ ਘੇਰ ਰੱਖਿਆ ਸੀ ਪਰ ਕਿਸਾਨਾਂ ਦੇ ਹੌਂਸਲੇ ਅੱਗੇ ਪ੍ਰਸ਼ਾਸਨ ਨੂੰ ਗੋਡੇ ਟੇਕਣੇ ਪਏ।