ਫ਼ਤਹਿਗੜ੍ਹ ਸਾਹਿਬ – “ਸਾਨੂੰ ਆਪਣੇ ਅਤਿ ਪਾਰਟੀ ਦੇ ਖੂਫੀਆ ਵਿੰਗ ਦੇ ਭਰੋਸੇਯੋਗ ਵਸੀਲਿਆ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਬਾਦਲ ਦਲੀਏ ਆਪਣੇ ਨੌਹ-ਮਾਸ ਦੇ ਟੁੱਟੇ ਰਿਸਤੇ ਬੀਜੇਪੀ ਵਾਲਿਆ ਨਾਲ, ਆਪਣੇ-ਆਪ ਨੂੰ ਸਿਆਸੀ ਤੌਰ ਤੇ ਜੀਵਤ ਰੱਖਣ ਹਿੱਤ ਜਿਥੇ ਸਾਂਝ ਨੂੰ ਫਿਰ ਕਾਇਮ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ, ਉਥੇ ਇਸ ਮਕਸਦ ਦੀ ਪ੍ਰਾਪਤੀ ਲਈ ਬਾਦਲ ਦਲੀਏ ਅਤੇ ਬੀਜੇਪੀ ਨੇ ਜਿਵੇਂ ਮਰਹੂਮ ਇੰਦਰਾ ਗਾਂਧੀ ਨਾਲ ਸਾਜ਼ਿਸ ਰਚਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ ਸੀ ਅਤੇ ਉਸ ਵਿਚੋਂ ਇਨ੍ਹਾਂ ਸਭਨਾਂ ਨੇ ਆਪੋ-ਆਪਣੀ ਸਿਆਸਤ ਕੱਢੀ ਸੀ, ਹੁਣ ਉਸੇ ਤਰ੍ਹਾਂ ਫਿਰ ਬੀਜੇਪੀ ਨਾਲ ਗੰਢਤੁੱਪ ਕਰਕੇ ਕੋਈ ਹੋਰ ਨਵਾਂ ਮਨੁੱਖਤਾ ਮਾਰੂ ਗੁਲ ਖਿਲਾਉਣ ਦੀ ਤਾਕ ਵਿਚ ਹਨ । ਜਿਸ ਤੋਂ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਮੁਲਕ ਦੇ ਕਿਸਾਨ ਅਤੇ ਮਜਦੂਰ ਵਰਗ ਨੂੰ ਸੁਚੇਤ ਰਹਿਣਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਦਲੀਆ-ਬੀਜੇਪੀ ਦੀ ਅੰਦਰੋ-ਅੰਦਰੀ ਪੱਕ ਰਹੀ ਸਿਆਸੀ ਖਿਚੜੀ ਦੀ ਬਦੌਲਤ ਬਲਿਊ ਸਟਾਰ ਦੀ ਤਰ੍ਹਾਂ ਸਾਜ਼ਿਸ ਅਧੀਨ ਕੋਈ ਵੱਡਾ ਮਨੁੱਖਤਾ ਮਾਰੂ ਅਪੱਦਰ ਕਰਵਾਉਣ ਦੀ ਇਨ੍ਹਾਂ ਦੀ ਸੋਚ ਤੋਂ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਕਿਸਾਨ-ਮਜਦੂਰ ਵਰਗ ਨੂੰ ਸੁਚੇਤ ਕਰਦੇ ਹੋਏ ਅਤੇ ਇਨ੍ਹਾਂ ਕੌਮ ਦੀ ਨਜ਼ਰ ਵਿਚ ਖਤਮ ਹੋ ਚੁੱਕੇ ਬਾਦਲ ਦਲੀਆ ਅਤੇ ਭਾਜਪਾਈਆ ਨੂੰ ਮਰਹੂਮ ਇੰਦਰਾ ਗਾਂਧੀ ਦੀ ਤਰ੍ਹਾਂ ਕੋਈ ਮਨੁੱਖਤਾ ਵਿਰੋਧੀ ਗੰਧੀ ਖੇਡ-ਖੇਡਣ ਦੇ ਮਾਰੂ ਨਤੀਜਿਆ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਬਾਦਲ ਦਲੀਆ ਨੇ ਜਿਵੇਂ ਸਿਰਸੇ ਵਾਲੇ ਸਾਧ ਨੂੰ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਦੀ ਦੁਰਵਰਤੋਂ ਕਰਕੇ ਮੁਆਫ਼ ਕਰਵਾਉਦੇ ਹੋਏ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਕੀਤੀ ਸੀ, ਜਿਵੇਂ ਇਨ੍ਹਾਂ ਨੇ ਸਿਆਸੀ ਸਵਾਰਥਾਂ ਦੇ ਗੁਲਾਮ ਬਣਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੀ ਗੁੰਮਸੁਦਗੀ ਕਰਵਾਈ ਹੈ, ਅਗਲੀ ਸਿਆਸੀ ਖੇਡ ਦੇ ਮਕਸਦਾਂ ਦੀ ਪੂਰਤੀ ਲਈ ਹੁਣ ਕਿਸਾਨ ਮੋਰਚੇ ਨੂੰ ਲੈਕੇ ਇਹ ਤੱਤਪਰ ਹੋਏ ਬੈਠੇ ਹਨ । ਉਨ੍ਹਾਂ ਕਿਹਾ ਕਿ ਮੇਰਾ ਪੁਲਿਸ ਵਿਚ ਰਹਿੰਦੇ ਹੋਏ ਤੁਜਰਬਾ ਹੈ ਕਿ ਜੋ ਚੋਰ ਸੰਨ੍ਹ ਲਗਾਕੇ ਚੋਰੀ ਕਰਨ ਦਾ ਆਦੀ ਹੁੰਦਾ ਹੈ, ਉਹ ਕੋਈ ਹੋਰ ਦੂਸਰਾ ਢੰਗ-ਤਰੀਕਾ ਨਹੀਂ ਅਪਣਾਉਦਾ । ਬਲਕਿ ਹਰ ਵਾਰੀ ਉਹ ਸੰਨ੍ਹ ਲਗਾਕੇ ਹੀ ਚੋਰੀ ਕਰਦਾ ਹੈ ਅਤੇ ਜੋ ਜੇਬ ਕਤਰਾ ਹੈ, ਉਹ ਉਥੇ ਤੱਕ ਹੀ ਸੀਮਤ ਹੁੰਦਾ ਹੈ ਉਹ ਸੰਨ੍ਹ ਨਹੀਂ ਲਗਾਉਦਾ ਅਤੇ ਜੋ ਚੋਰ ਸਿੱਧੇ ਦਾਖਲ ਹੁੰਦੇ ਹਨ, ਉਹ ਚੋਰੀ ਦੇ ਨਾਲ-ਨਾਲ ਉਥੇ ਬੈਠਕੇ ਖਾਂਦੇ-ਪੀਦੇ ਵੀ ਹਨ ਅਤੇ ਹਗਦੇ ਵੀ ਹਨ । ਜਿਸ ਤੋਂ ਪੁਲਿਸ ਨੂੰ ਚੋਰੀ ਕਰਨ ਵਾਲੇ ਦੇ ਢੰਗ-ਤਰੀਕਿਆ ਤੋਂ ਪਹਿਚਾਣ ਹੋ ਜਾਂਦੀ ਹੈ । ਹੁਣ ਇਹ ਸਮਾਜ ਅਤੇ ਕੌਮ ਦੇ ਚੋਰ ਉਹ ਪਹਿਲੇ ਬਲਿਊ ਸਟਾਰ ਵਾਲਾ ਢੰਗ-ਤਰੀਕਾ ਹੀ ਅਪਣਾਉਣ ਦੀ ਤਿਆਰੀ ਵਿਚ ਹਨ । ਇਸੇ ਲਈ ਇਨ੍ਹਾਂ ਨੇ ਬੀਜੇਪੀ ਰਾਹੀ ਐਸ.ਜੀ.ਪੀ.ਸੀ. ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਦੁਰਵਰਤੋਂ ਕਰਨ ਲਈ ਅਤੇ ਕਿਸਾਨ ਮੋਰਚੇ ਦੀ ਸਮਾਪਤੀ ਕਰਵਾਉਣ ਲਈ ਗੱਲ ਚਲਾਈ ਸੀ । ਇਹ ਤਾਂ ਉਨ੍ਹਾਂ ਦੀ ਖੁਸਕਿਸਮਤੀ ਹੈ ਜਾਂ ਉਨ੍ਹਾਂ ਦੀ ਦੂਰਅੰਦੇਸ਼ੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਇਨ੍ਹਾਂ ਦੀ ਸਾਜ਼ਿਸ ਵਿਚ ਨਹੀਂ ਆਏ । ਲੇਕਿਨ ਹੁਣ ਇਹ ਉਸੇ ਪੁਰਾਤਨ ਢੰਗ ਦੀ ਵਰਤੋਂ ਕਰਕੇ ਕਿਸੇ ਹੋਰ ਸਾਜ਼ਿਸ ਤੇ ਅਮਲ ਕਰਨਗੇ । ਕਿਉਂਕਿ ਹੁਣ ਸਿੱਖ ਕੌਮ, ਪੰਜਾਬੀ ਅਤੇ ਸਮੁੱਚਾ ਕਿਸਾਨ-ਮਜਦੂਰ ਵਰਗ ਇਨ੍ਹਾਂ ਵੱਲੋਂ ਵਰਤੇ ਜਾਣ ਵਾਲੇ ਢੰਗ-ਤਰੀਕਿਆ ਤੋਂ ਭਰਪੂਰ ਵਾਕਫੀਅਤ ਰੱਖਦਾ ਹੈ, ਇਸ ਲਈ ਅਜਿਹੀ ਮਨੁੱਖਤਾ ਮਾਰੂ ਸਾਜ਼ਿਸ ਵਿਚ ਸਾਇਦ ਇਹ ਕਾਮਯਾਬ ਨਾ ਹੋ ਸਕਣ ਪਰ ਫਿਰ ਵੀ ਸਮੁੱਚੇ ਮੁਲਕ ਨਿਵਾਸੀਆ, ਪੰਜਾਬੀਆ, ਸਿੱਖ ਕੌਮ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਹੁਕਮਰਾਨਾਂ ਨੂੰ ਆਪਣੇ ਢੰਗ ਨਾਲ ਖ਼ਬਰਦਾਰ ਕਰਦੇ ਰਹਿਣ ਦੀ ਜ਼ਿੰਮੇਵਾਰੀਆ ਵੀ ਨਿਭਾਉਣੀਆ ਪੈਣਗੀਆ ।