ਨਵੀਂ ਦਿੱਲੀ – ਭਾਰਤ-ਪਾਕਿਸਤਾਨ ਦਰਮਿਆਨ ਲੰਬੇ ਅਰਸੇ ਬਾਅਦ ਆਪਸੀ ਸਬੰਧ ਸੁਧਾਰਨ ਦੇ ਲਈ ਗੱਲਬਾਤ ਸ਼ੁਰੂ ਹੋ ਗਈ ਹੈ। ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪਰੇਸ਼ੇਨਜ਼ (ਡੀਜੀਐਮਓ) ਦੀ ਇੱਕ ਮੀਟਿੰਗ ਹੋਈ ਹੈ। ਇਸ ਬੈਠਕ ਦੌਰਾਨ ਇਸ ਗੱਲ ਤੇ ਸਹਿਮੱਤੀ ਹੋਈ ਹੈ ਕਿ ਪੁਰਾਣੇ ਸਮਿਆਂ ਵਿੱਚ ਹੋਏ ਸਮਝੌਤਿਆਂ ਤੇ ਅਮਲ ਕੀਤਾ ਜਾਵੇਗਾ।
ਦੋਵਾਂ ਦੇਸ਼ਾਂ ਵਿੱਚਕਾਰ ਹਾਟਲਾਈਨ ਤੇ ਗੱਲਬਾਤ ਦੌਰਾਨ ਕਸ਼ਮੀਰ ਮੁੱਦੇ ਸਮੇਤ, ਯੁੱਧ ਵਿਰਾਮ ਅਤੇ ਸੀਜਫਾਇਰ ਉਲੰਘਣ ਆਦਿ ਮਾਮਲਿਆਂ ਤੇ ਚਰਚਾ ਕੀਤੀ ਗਈ। ਲਾਈਨ ਆਫ਼ ਕੰਟਰੋਲ (ਐਲਓਸੀ) ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਨੇ ਸਾਝੀ ਸਟੇਟਮੈਂਟ ਜਾਰੀ ਕੀਤੀ। ਆਪਸੀ ਸਬੰਧ ਸੁਧਾਰਨ ਦੇ ਲਈ ਇਨ੍ਹਾਂ ਤਿੰਨ ਮੁੱਦਿਆਂ ਤੇ ਫੋਕਸ ਕੀਤਾ ਗਿਆ।
1. ਇੱਕ ਹਾਟਲਾਈਨ ਕਾਨਟੈਕਟ ਮੈਕੇਨਿਜ਼ਮ ਤਿਆਰ ਕੀਤਾ ਜਾਵੇਗਾ, ਜਿਸਦੀ ਮੱਦਦ ਨਾਲ ਦੋਵਾਂ ਦੇਸ਼ਾਂ ਵਿੱਚਕਾਰ ਸਮੇਂ-ਸਮੇਂ ਤੇ ਗੱਲਬਾਤ ਕੀਤੀ ਜਾ ਸਕੇ।
2. ਸੀਜ਼ਫਾਇਰ ਉਲੰਘਣ, ਫਾਇਰਿੰਗ, ਘੁਸਪੈਠ ਸਮੇਤ ਹੋਰ ਮਸਲਿਆਂ ਨੂੰ ਗੱਲਬਾਤ ਦੁਆਰਾ ਸੁਲਝਾਇਆ ਜਾਵੇਗਾ।
3. ਫਲੈਗ ਮੀਟਿੰਗ ਫਿਰ ਤੋਂ ਸ਼ੁਰੂ ਹੋਵੇਗੀ। ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਪੈਦਾ ਹੋਈਆਂ ਗਲਤਫਹਿਮੀਆਂ ਨੂੰ ਦੂਰ ਕੀਤਾ ਜਾਵੇਗਾ।
ਭਾਰਤੀ ਸੈਨਾ ਦਾ ਕਹਿਣਾ ਹੈ ਕਿ ਐਲਓਸੀ ਤੇ ਘੁਸਪੈਠ ਰੋਕਣ ਦੇ ਲਈ ਅਪਰੇਸ਼ਨਸ ਜਾਰੀ ਰਹਿਣਗੇ। ਅੱਤਵਾਦ ਦੇ ਖਿਲਾਫ਼ ਪਹਿਲਾਂ ਦੀ ਤਰ੍ਹਾਂ ਹੀ ਕਾਰਵਾਈ ਹੁੰਦੀ ਰਹੇਗੀ।