ਫ਼ਤਹਿਗੜ੍ਹ ਸਾਹਿਬ – “ਜੋ ਦਿੱਲੀ ਵਿਖੇ ਸਮੁੱਚੇ ਮੁਲਕ ਦੇ ਕਿਸਾਨਾਂ-ਮਜ਼ਦੂਰਾਂ, ਨੌਜ਼ਵਾਨਾਂ ਦੀ ਸੋਚ ਨੂੰ ਲੈਕੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਇਸ ਸੰਘਰਸ਼ ਵਿਚ ਪੰਜਾਬ ਸੂਬੇ, ਕਿਸਾਨਾਂ ਅਤੇ ਸਿੱਖ ਕੌਮ ਦੀ ਹੋਂਦ, ਵਿਰਸੇ-ਵਿਰਾਸਤ ਨੂੰ ਹਰ ਕੀਮਤ ਤੇ ਕਾਇਮ ਰੱਖਣ ਦੀ ਗੱਲ ਵੀ ਪੂਰੇ ਜੋਰ-ਸੋਰ ਨਾਲ ਉਭਰਕੇ ਸਾਹਮਣੇ ਆਈ ਹੈ । ਅਸੀਂ ਇਸ ਮਕਸਦ ਦੀ ਪ੍ਰਾਪਤੀ ਲਈ ਅਤੇ 26 ਜਨਵਰੀ ਨੂੰ ਦਿੱਲੀ ਵਿਖੇ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਅਤੇ ਨੌਜ਼ਵਾਨਾਂ ਦੀ ਸਮੂਹਿਕ ਰਿਹਾਈ ਅਤੇ ਉਨ੍ਹਾਂ ਉਤੇ ਬਣਾਏ ਗਏ ਝੂਠੇ ਕੇਸਾਂ ਨੂੰ ਖ਼ਤਮ ਕਰਨ ਨੂੰ ਮੁੱਖ ਰੱਖਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ 74ਵੇਂ ਜਨਮ ਦਿਹਾੜੇ ਉਤੇ ਫ਼ਤਹਿਗੜ੍ਹ ਸਾਹਿਬ ਵਿਖੇ ਜਨਤਕ ਤੌਰ ਤੇ ਸਿੱਖ ਕੌਮ ਤੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਸਾਡੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਤੇ ਨੌਜ਼ਵਾਨਾਂ ਨੂੰ ਸੈਂਟਰ ਦੀ ਮੋਦੀ ਹਕੂਮਤ ਨੇ ਰਿਹਾਅ ਨਾ ਕੀਤਾ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 10 ਦਿਨਾਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਦਿੱਲੀ ਪਾਰਲੀਮੈਂਟ ਵਿਖੇ 5 ਮੈਬਰੀ ਜਥਾਂ ਗ੍ਰਿਫ਼ਤਾਰੀ ਦੇਣ ਲਈ ਭੇਜੇਗੀ । ਜੋ ਅਸੀਂ 23 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਅਤੇ ਹੁਕਮ ਲੈਕੇ ਜਥਾ ਭੇਜਿਆ ਸੀ, ਉਸ ਨੂੰ ਦਿੱਲੀ ਵਿਖੇ ਜਦੋਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਪਾਰਲੀਮੈਂਟ ਵੱਲ ਚਾਲੇ ਪਾਉਣ ਲੱਗੇ ਤਾਂ ਥੋੜੀ ਦੂਰੀ ਤੇ ਸ. ਜਸਕਰਨ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਅਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਜਾ ਰਹੇ ਜਥੇ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ । ਲੇਕਿਨ ਉਸੇ ਸ਼ਾਮ ਕਿਸਾਨਾਂ ਤੇ ਪੰਜਾਬੀਆਂ ਦੇ ਵੱਡੇ ਰੋਹ ਨੂੰ ਵੇਖਦੇ ਹੋਏ ਅਤੇ ਸਭ ਬਣ ਰਹੇ ਸਮੀਕਰਨਾਂ ਨੂੰ ਮੁੱਖ ਰੱਖਦੇ ਹੋਏ ਸੈਂਟਰ ਦੀ ਮੋਦੀ ਹਕੂਮਤ ਨੇ ਸਾਡੇ ਗ੍ਰਿਫ਼ਤਾਰ ਕੀਤੇ ਗਏ ਇਸ ਜਥੇ ਨੂੰ ਬਾਇੱਜ਼ਤ ਰਿਹਾਅ ਕਰ ਦਿੱਤਾ । ਜੋ ਬੀਤੇ ਕੱਲ੍ਹ ਮਿਤੀ 25 ਫਰਵਰੀ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚ ਚੁੱਕਾ ਸੀ ਅਤੇ ਅੱਜ ਅਸੀਂ ਇਨ੍ਹਾਂ ਨੂੰ ਸਨਮਾਨਿਤ ਕਰਦੇ ਹੋਏ ਜਿਥੇ ਜੀ-ਆਇਆ ਕਹਿ ਰਹੇ ਹਾਂ, ਉਥੇ ਇਸ ਅਮਲ ਨਾਲ ਸਾਡੇ ਵੱਲੋਂ ਗ੍ਰਿਫ਼ਤਾਰੀਆਂ ਦੇਣ ਦੇ ਮਿਸ਼ਨ ਦੀ ਪ੍ਰਾਪਤੀ ਹੋਈ ਹੈ । ਜਿਸ ਨੂੰ ਅਸੀਂ ਹਰ ਹਫਤੇ ਇਸੇ ਤਰ੍ਹਾਂ ਗ੍ਰਿਫ਼ਤਾਰੀਆਂ ਦੇਣ ਦੇ ਸਿਲਸਿਲੇ ਨੂੰ ਨਿਰੰਤਰ ਜਾਰੀ ਰੱਖਾਂਗੇ । ਅਜਿਹਾ ਉਦਮ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਮੁੱਚੇ ਕਿਸਾਨ ਤੇ ਨੌਜ਼ਵਾਨ ਰਿਹਾਅ ਨਹੀਂ ਹੋ ਜਾਂਦੇ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗ੍ਰਹਿ ਵਿਖੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸਤਿਕਾਰਯੋਗ ਪ੍ਰੈਸ ਨਾਲ ਹੋਈ ਇਕ ਮੁਲਾਕਾਤ ਦੌਰਾਨ ਸ. ਮਾਨ ਨੇ ਦਿੱਲੀ ਤੋਂ ਵਾਪਸ ਆਏ ਜਥੇ ਨੂੰ ਜੀ-ਆਇਆ ਆਖਦਿਆ ਅਤੇ ਅਗਲੇ ਬੀਬੀਆਂ ਦੇ ਜਥੇ ਦਾ ਐਲਾਨ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 24 ਫਰਵਰੀ ਨੂੰ ਗ੍ਰਿਫ਼ਤਾਰੀ ਵਾਲੇ ਜਥੇ ਵਿਚ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਤੋਂ ਇਲਾਵਾ, ਲਖਵੀਰ ਸਿੰਘ ਸੌਟੀ, ਬਲਵੀਰ ਸਿੰਘ ਬੱਛੋਆਣਾ, ਗੁਰਪ੍ਰੀਤ ਸਿੰਘ ਲਾਡਬੰਜਾਰਾ, ਤਰਨਦੀਪ ਸਿੰਘ ਲੱਧਾਹੇੜੀ ਸਨ । ਜਿਨ੍ਹਾਂ ਨੂੰ ਅਸੀਂ ਅੱਜ ਫਿਰ ਤੋਂ ਸਨਮਾਨਿਤ ਕਰਨ ਦੀ ਜਿਥੇ ਖੁਸ਼ੀ ਪ੍ਰਾਪਤ ਕਰ ਰਹੇ ਹਾਂ, ਉਥੇ 02 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਰਦਾਸ ਕਰਕੇ ਚੱਲਣ ਵਾਲੇ ਬੀਬੀਆਂ ਦੇ ਜਥੇ ਜਿਸਦੀ ਅਗਵਾਈ ਬੀਬੀ ਧਨਵੰਤ ਕੌਰ ਪਤਨੀ ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਬੀਬੀ ਭਿੰਦਰਜੀਤ ਕੌਰ (ਕਾਹਨਸਿੰਘਵਾਲਾ ਦੀ 2 ਸਾਲਾ ਪੋਤਰੀ ਜੈਸਵੀ ਕੌਰ), ਬੀਬੀ ਗੁਰਮੀਤ ਕੌਰ ਸੀਹਾਪਾੜੀ, ਬੀਬੀ ਹਰਜੀਤ ਕੌਰ ਮੰਡੀਗੋਬਿੰਦਗੜ੍ਹ, ਬੀਬੀ ਮਨਜੀਤ ਕੌਰ ਗੱਗੜਾ ਸਾਮਿਲ ਹੋਣਗੇ । ਸ. ਮਾਨ ਨੇ ਦ੍ਰਿੜਤਾ ਨਾਲ ਇਹ ਵੀ ਕਿਹਾ ਕਿ ਇਹ ਚੱਲ ਰਿਹਾ ਸੰਘਰਸ਼ ਤਿੰਨ ਕਿਸਾਨ ਮਾਰੂ ਬਣਾਏ ਗਏ ਕਾਨੂੰਨਾਂ ਨੂੰ ਖ਼ਤਮ ਕਰਨ ਤੱਕ ਸਮੁੱਚੀਆਂ ਸਾਮਿਲ ਧਿਰਾਂ ਦੇ ਸਹਿਯੋਗ ਨਾਲ ਨਿਰੰਤਰ ਚੱਲਦਾ ਰਹੇਗਾ । ਇਸਦੇ ਨਾਲ ਹੀ ਜੋ ਸਾਡੀ ਸਲਾਹ ਉਤੇ ਸਾਡੀ ਪਾਰਟੀ ਅਤੇ ਸਿੱਖ ਨੌਜਵਾਨੀ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਕੌਮੀ ‘ਨਿਸ਼ਾਨ ਸਾਹਿਬ’ ਨੂੰ ਜੈਕਾਰਿਆ ਦੀ ਗੂੰਜ ਵਿਚ ਸ਼ਾਨ ਨਾਲ ਝੁਲਾਕੇ ਖ਼ਾਲਸਾ ਪੰਥ ਅਤੇ ਇਨਸਾਨੀਅਤ ਦੀ ਆਵਾਜ਼ ਨੂੰ ਕੌਮਾਂਤਰੀ ਪੱਧਰ ਤੇ ਬੁਲੰਦ ਕੀਤਾ ਹੈ, ਉਸਦਾ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹੀ ਨਹੀਂ, ਬਲਕਿ ਦੇਸ-ਵਿਦੇਸ਼ ਵਿਚ ਵਿਚਰ ਰਹੀ ਸਮੁੱਚੀ ਸਿੱਖ ਕੌਮ ਨੂੰ ਵੱਡਾ ਫਖ਼ਰ ਹੈ ਕਿਉਂਕਿ ਇਹ ਨਿਸ਼ਾਨ ਸਾਹਿਬ ਬੀਤੇ 600 ਸਾਲਾਂ ਤੋਂ ਝੂLਲਦਾ ਆਉਣ ਦੇ ਨਾਲ-ਨਾਲ ਇਨਸਾਨੀਅਤ, ਮਨੁੱਖੀ ਕਦਰਾਂ-ਕੀਮਤਾਂ, ਸੱਚ-ਹੱਕ ਦੀ ਆਵਾਜ਼ ਅਤੇ ਹਰ ਜ਼ਬਰ-ਜੁਲਮ ਵਿਰੁੱਧ ਸੰਘਰਸ਼ ਕਰਨ ਦਾ ਸੰਦੇਸ਼ ਦਿੰਦਾ ਆ ਰਿਹਾ ਹੈ । ਜਿਸ ਉਤੇ ਸਿੱਖ ਕੌਮ ਪਹਿਰਾ ਦਿੰਦੀ ਆ ਰਹੀ ਹੈ । ਇਸ ਨਿਸ਼ਾਨ ਸਾਹਿਬ ਦੇ ਝੂਲਣ ਨਾਲ ਕਿਸੇ ਵੀ ਕੌਮ, ਧਰਮ, ਫਿਰਕੇ, ਮਜ਼੍ਹਬ, ਮੁਲਕ ਨੂੰ ਕਿਸੇ ਤਰ੍ਹਾਂ ਦੀ ਕੋਈ ਰਤੀਭਰ ਵੀ ਠੇਸ ਨਹੀਂ ਪਹੁੰਚਦੀ । ਬਲਕਿ ਇਸਦੇ ਝੂਲਣ ਨਾਲ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀ ਵਿਰੁੱਧ ਸਮੂਹਿਕ ਤੌਰ ਤੇ ਇਕੱਤਰ ਹੋਣ, ਫ਼ਤਹਿ ਪ੍ਰਾਪਤ ਕਰਨ ਅਤੇ ਮਨੁੱਖਤਾ ਪੱਖੀ ਸੰਦੇਸ਼ ਜਾਂਦਾ ਹੈ ।
ਜੋ ਮੁਲਕ ਦੇ ਹੁਕਮਰਾਨ, ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨ ਆਪਣੇ ਖਰੀਦੇ ਹੋਏ ਤੇ ਗੁਲਾਮ ਬਣਾਏ ਹੋਏ ਮੀਡੀਏ ਉਤੇ ਹਿੰਦ ਦੇ ਤਿਰੰਗੇ ਝੰਡੇ ਦਾ ਅਪਮਾਨ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਬਦਨਾਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਤਿਰੰਗੇ ਝੰਡੇ ਦਾ ਉਹ ਵੱਡਾ ਮਾਣ ਤੇ ਦਾਅਵਾ ਕਰਦੇ ਹਨ, ਉਸਦੀ ਹਿਫਾਜਤ ਅੱਜ ਤੱਕ ਪੰਜਾਬੀਆਂ ਅਤੇ ਸਿੱਖ ਕੌਮ ਨੇ ਹੀ ਕੀਤੀ ਹੈ । ਜਦੋਂ ਹੁਣੇ ਹੀ ਕਾਉਮਨਿਸਟ ਚੀਨ ਵੱਲੋਂ ਮੁਲਕ ਦੀਆਂ ਸਰਹੱਦਾਂ ਪਾਰ ਕਰਕੇ ਲਦਾਖ ਵਿਚ ਅੱਗੇ ਵੱਧਿਆ ਗਿਆ ਤਾਂ ਇਸੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਹੁਕਮਰਾਨਾਂ ਕੋਲ ਇਸ ਸਰਹੱਦ ਦੀ ਰੱਖਿਆ ਕਰਨ ਦੇ ਫਰਜ ਸਿੱਖ ਕੌਮ ਤੋਂ ਇਲਾਵਾ ਹੋਰ ਪੂਰੀ ਕਰਨ ਵਾਲੀ ਕੋਈ ਤਾਕਤ ਨਹੀਂ ਸੀ । ਸਿੱਖ ਰੈਜਮੈਟ ਨੂੰ ਹੀ ਇਸ ਕੰਮ ਨੂੰ ਫ਼ਤਹਿ ਕਰਨ ਲਈ ਲਦਾਖ ਵਿਖੇ ਭੇਜਿਆ ਗਿਆ । ਜਦੋਂ ਸਿੱਖ ਰੈਜਮੈਟ ਨੇ ਉਥੇ ਜਾ ਕੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਤਾਂ ਚੀਨੀ ਫ਼ੌਜੀਆਂ ਦੀ ਫਿਰ ਕੋਈ ਜੁਰਅਤ ਨਹੀਂ ਹੋਈ ਕਿ ਉਹ ਇਸ ਨਿਸ਼ਾਨ ਸਾਹਿਬ ਤੋਂ ਅੱਗੇ 1 ਇੰਚ ਵੀ ਵੱਧ ਸਕਣ । ਦੂਸਰਾ ਇਹ ਤਿਰੰਗਾ ਝੰਡਾ ਤਾਂ 1947 ਵਿਚ ਹੋਂਦ ਵਿਚ ਆਇਆ ਹੈ ਅਤੇ ਆਇਆ ਵੀ ਸਿੱਖ ਕੌਮ ਦੀਆਂ ਵੱਡੀਆਂ ਕੁਰਬਾਨੀਆਂ ਦੀ ਬਦੌਲਤ, ਜਿਨ੍ਹਾਂ ਦਾ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਵਿਚ 90% ਯੋਗਦਾਨ ਹੈ । ਫਿਰ ਇਹ ਹੁਕਮਰਾਨ ਤਿਰੰਗੇ ਝੰਡੇ ਦੇ ਅਪਮਾਨ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਅਤੇ ਇਸ ਦੋਸ਼ ਨੂੰ ਸਿੱਖ ਕੌਮ ਉਤੇ ਮੜ੍ਹਕੇ ਕੀ ਸਾਬਤ ਕਰਨਾ ਚਾਹੁੰਦੇ ਹਨ? ਜਦੋਂਕਿ ਨਿਸ਼ਾਨ ਸਾਹਿਬ ਤਾਂ ਅੱਜ ਦੁਨੀਆਂ ਦੇ ਸਭ ਵੱਡੇ ਮੁਲਕਾਂ ਦੀਆਂ ਪਾਰਲੀਮੈਟਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਉਤੇ ਸ਼ਾਨ ਨਾਲ ਝੂਲ ਰਿਹਾ ਹੈ ਅਤੇ ਸਭ ਕੌਮਾਂ ਤੇ ਮੁਲਕ ਇਸ ਨਿਸ਼ਾਨ ਸਾਹਿਬ ਦੇ ਵੱਡੇ ਮਨੁੱਖਤਾ ਪੱਖੀ ਸੋਚ ਤੇ ਉਦਮ ਤੋਂ ਭਰਪੂਰ ਜਾਣਕਾਰੀ ਰੱਖਦੇ ਹਨ ਅਤੇ ਸਤਿਕਾਰ ਕਰਦੇ ਹਨ । ਇਹੀ ਵਜਹ ਹੈ ਕਿ ਅੱਜ ਸਮੁੱਚੇ ਮੁਲਕਾਂ ਵਿਚ ਕਿਸਾਨ-ਅੰਦੋਲਨ ਨੂੰ ਮਿਲ ਰਹੀ ਹਮਾਇਤ ਦੇ ਨਾਲ-ਨਾਲ ਖ਼ਾਲਸਾ ਪੰਥ ਦੇ ਕੌਮੀ ‘ਨਿਸ਼ਾਨ ਸਾਹਿਬ’ ਅਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ਉਦਮਾਂ ਨੂੰ ਵੀ ਸਰਹਾਇਆ ਜਾ ਰਿਹਾ ਹੈ । 19 ਅਪ੍ਰੈਲ ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਅਵਤਾਰ ਪੁਰਬ ਦਾ 400 ਸਾਲਾ ਸਤਾਬਦੀ ਆ ਰਹੀ ਹੈ, ਉਸ ਦਿਨ ਅਸੀਂ ਸਮੁੱਚੀ ਸਿੱਖ ਕੌਮ ਗੁਰਦੁਆਰਾ ਸੀਸਗੰਜ ਦਿੱਲੀ ਵਿਖੇ ਇਕੱਤਰ ਹੋ ਕੇ ਅਰਦਾਸ ਕਰਾਂਗੇ, ਉਪਰੰਤ ਆਪਣੇ ਹੱਥਾਂ ਵਿਚ ਕੇਸਰੀ ਨਿਸ਼ਾਨ ਸਾਹਿਬ ਫੜ੍ਹਕੇ ਲਾਲ ਕਿਲ੍ਹੇ ਉਤੇ ਜਾ ਕੇ ਝੁਲਾਵਾਂਗੇ । ਇਸ ਨਿਸ਼ਾਨ ਸਾਹਿਬ ਜੀ ਦੇ ਮਕਸਦ ਨੂੰ ਦੁਨੀਆਂ ਪੱਧਰ ਤੇ ਪਹੁੰਚਾਉਣ ਲਈ ਮੇਰੀ ਸਿੱਖ ਕੌਮ ਨੂੰ ਇਹ ਅਰਜੋਈ ਹੈ ਕਿ ਉਸ ਦਿਨ ਸਮੁੱਚੀ ਸਿੱਖ ਕੌਮ ਆਪੋ-ਆਪਣੇ ਘਰਾਂ ਉਤੇ ਨਿਸ਼ਾਨ ਸਾਹਿਬ ਝੁਲਾ ਦੇਣ ਜੋ ਸਦਾ ਹੀ ਝੂਲਦੇ ਰਹਿਣ । ਉਨ੍ਹਾਂ ਆਰ.ਐਸ.ਐਸ. ਦੇ ਰੋਹਤਕ ਦੇ ਇੰਦਰੇਸ ਸ਼ਰਮਾ ਨਾਮ ਦੇ ਵਿਅਕਤੀ ਵੱਲੋਂ ਕਿਸਾਨ ਅੰਦੋਲਨ ਨੂੰ ਕੁੱਚਲਣ ਅਤੇ ਆਪਣਾ ਵਪਾਰ ਕਰਾਂਚੀ ਅਤੇ ਲਾਹੌਰ ਕਰਨ ਦੀ ਗੱਲ ਉਤੇ ਖਟਾਸ ਕਰਦੇ ਹੋਏ ਕਿਹਾ ਕਿ ਜੋ ਅਖੌਤੀ ਦੇਸ਼ਭਗਤ ਆਪਣੀਆ ਸਰਹੱਦਾਂ ਦੀ ਰਾਖੀ ਨਹੀਂ ਕਰ ਸਕੇ, ਜਿਥੇ ਸਿੱਖ ਕੌਮ ਨੇ ਪਹੁੰਚਕੇ ਲਦਾਖ ਵਿਚ ਚੀਨੀਆਂ ਨੂੰ ਥੰਮਿ੍ਹਆ, ਉਥੇ ਇਨ੍ਹਾਂ ਦੀ ਹਵਾ ਵੀ ਨਾ ਜਾ ਸਕੀ । ਇਹ ਦਗਮਜੇ ਮਾਰਨ ਵਾਲੇ ਲਾਹੌਰ-ਕਰਾਂਚੀ ਦੀਆਂ ਗੱਲਾਂ ਤਾਂ ਬਾਅਦ ਵਿਚ ਇਹ ਪੰਜਾਬ ਵਿਚ ਆ ਕੇ ਵੇਖ ਲੈਣ ਇਨ੍ਹਾਂ ਨੂੰ ਆਪਣੀ ਅਸਲੀਅਤ ਖੁਦ ਸਾਹਮਣੇ ਆ ਜਾਵੇਗੀ । ਅੱਜ ਦੀ ਪ੍ਰੈਸ ਕਾਨਫਰੰਸ ਵਿਚ ਸ. ਮਾਨ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਪ੍ਰਧਾਨ ਕਿਸਾਨ ਯੂਨੀਅਨ, ਪ੍ਰੌ. ਮਹਿੰਦਰਪਾਲ ਸਿੰਘ ਜਰਨਲ ਸਕੱਤਰ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਹਰਭਜਨ ਸਿੰਘ ਕਸ਼ਮੀਰੀ ਮੈਬਰ ਪੀ.ਏ.ਸੀ, ਸਿੰਗਾਰਾ ਸਿੰਘ ਬਡਲਾ, ਗੁਰਜੰਟ ਸਿੰਘ ਕੱਟੂ ਪੀ.ਏ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਬਲਜਿੰਦਰ ਸਿੰਘ ਲਸੋਈ, ਰਣਦੀਪ ਸਿੰਘ ਪੀ.ਏ, ਬੀਬੀ ਕੋਮਲ ਕੰਪਿਊਟਰ ਆਪ੍ਰੇਟਰ, ਕੁਲਵਿੰਦਰ ਸਿੰਘ ਖ਼ਾਲਿਸਤਾਨੀ, ਓਕਾਰ ਸਿੰਘ ਬਰਾੜ, ਪਰਮਜੀਤ ਕੌਰ ਬਰਨਾਲਾ ਸ਼ਹਿਰੀ ਪ੍ਰਧਾਨ, ਸਵਰਨ ਸਿੰਘ ਖੇੜੀ ਮਾਨੀਆ, ਬਾਬਾ ਪ੍ਰੀਤਮ ਸਿੰਘ, ਜਸਪਾਲ ਸਿੰਘ, ਚਰਨ ਸਿੰਘ, ਸਿਵਦੇਵ ਸਿੰਘ, ਬਲਦੇਵ ਸਿੰਘ, ਕਸ਼ਮੀਰ ਸਿੰਘ, ਪਵਨਪ੍ਰੀਤ ਸਿੰਘ ਢੋਲੇਵਾਲ ਹਾਜ਼ਰ ਸਨ । ਸ. ਮਾਨ ਨੇ ਦਿੱਲੀ ਤੋਂ ਆਏ ਪਾਰਟੀ ਅਹੁਦੇਦਾਰਾਂ ਦੇ ਸਵਾਗਤ ਦੇ ਨਾਲ-ਨਾਲ ਫ਼ਤਹਿਗੜ੍ਹ ਸਾਹਿਬ ਦੀ ਸਮੁੱਚੀ ਪ੍ਰੈਸ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ । ਜੋ ਗੋਦੀ ਮੀਡੀਏ ਦੇ ਫਿਰਕੂ ਤੇ ਮਨੁੱਖਤਾ ਵਿਰੋਧੀ ਪ੍ਰਚਾਰ ਦੇ ਬਾਵਜੂਦ ਵੀ ਸਾਡੀ ਸੱਚ-ਹੱਕ ਦੀ ਆਵਾਜ਼ ਨੂੰ ਸਮੇਂ-ਸਮੇਂ ਤੇ ਇੰਡੀਆ, ਪੰਜਾਬ ਅਤੇ ਬਾਹਰਲੇ ਮੁਲਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਦੇ ਆ ਰਹੇ ਹਨ ।