ਨਿਊਯਾਰਕ – ਵਰਲਡ ਹੈਲਥ ਆਰਗੇਨਾਇਜੇਸ਼ਨ (WHO) ਦਾ ਕਹਿਣਾ ਹੈ ਕਿ ਇਸ ਸਾਲ ਵੀ ਦੁਨੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਰਾਹਤ ਨਹੀਂ ਮਿਲੇਗੀ। ਡਬਲਿਯੂ ਐਚ ਓ ਦੇ ਐਮਰਜੈਂਸੀ ਡਾਇਰੈਕਟਰ ਮਾਈਕਲ ਰੇਆਨ ਨੇ ਵਿਸ਼ਵ ਨੂੰ ਅਲਰਟ ਕਰਦੇ ਹੋਏ ਕਿਹਾ, ‘ਇਹ ਸੋਚਣਾ ਗੱਲਤ ਹੋਵੇਗਾ ਕਿ ਇਸ ਸਾਲ ਦੁਨੀਆਂ ਨੂੰ ਕੋਰੋਨਾ ਦੀ ਲੜਾਈ ਵਿੱਚ ਸਫ਼ਲਤਾ ਮਿਲ ਜਾਵੇਗੀ,ਪਰ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਅਤੇ ਮੌਤਾਂ ਦੀ ਸੰਖਿਆ ਨੂੰ ਘੱਟ ਕਰ ਕੇ ਇਸ ਤਰਾਸਦੀ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਡਬਲਿਯੂ ਐਚ ਓ ਚੀਫ਼ ਟਰੇਡੋਸ ਗੇਬਰੇਸਿਏਸ ਨੇ ਕਿਹਾ ਹੈ ਕਿ ਪਿੱਛਲੇ ਹਫ਼ਤੇ ਯੌਰਪ, ਅਮਰੀਕਾ ਅਤੇ ਦੱਖਣ-ਪੂਰਬ ਏਸ਼ੀਆ ਦੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਅਜਿਹਾ ਪਿੱਛਲੇ 7 ਹਫ਼ਤਿਆਂ ਵਿੱਚ ਪਹਿਲੀ ਵਾਰ ਵੇਖਿਆ ਗਿਆ ਹੈ। ਉਨ੍ਹਾਂ ਅਨੁਸਾਰ ਇਹ ਬਹੁਤ ਹੀ ਚਿੰਤਾਜਨਕ ਹੈ। ਇਸ ਦਾ ਅਸਲ ਕਾਰਣ ਕੁਝ ਦੇਸ਼ਾਂ ਵਿੱਚ ਲੋਕਾਂ ਨੂੰ ਸਖਤੀਆਂ ਵਿੱਚ ਢਿੱਲ ਦੇਣਾ ਹੈ। ਇਸ ਨਾਲ ਲੋਕ ਲਾਪ੍ਰਵਾਹ ਹੋ ਗਏ ਅਤੇ ਵਾਇਰਸ ਵੱਧ ਫੈਲਣ ਲਗ ਗਿਆ। ਦੁਨੀਆਂਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ 11.49 ਕਰੋੜ ਤੋਂ ਵੀ ਵੱਧ ਹੋ ਗਿਆ। 9 ਕਰੋੜ 6 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 25 ਲੱਖ 49 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।
ਵਿਸ਼ਵਭਰ ਵਿੱਚ ਕੋਰੋਨਾ ਵਾਇਰਸ ਦੇ ਖਿਲਾਫ਼ ਵੈਕਸੀਨ ਸ਼ੁਰੂ ਹੋ ਗਈ ਹੈ। ਅਫਰੀਕੀ ਦੇਸ਼ਾਂ ਵਿੱਚ ਵੀ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ। ਡਬਲਿਯੂ ਐਚ ਓ ਨੇ ਦੱਸਿਆ ਕਿ ਪੱਛਮੀ ਅਫ਼ਰੀਕੀ ਦੇਸ਼ ਘਾਨਾ ਅਤੇ ਕੋਟ-ਡਿਵਾਏ ਵਿੱਚ ਵੀ ਵੈਕਸੀਨ ਦੇਣ ਦੀ ਸ਼ੁਰੂਆਤ ਹੋ ਗਈ ਹੈ।