ਚੰਡੀਗੜ੍ਹ – “ਹਿੰਦੂ ਇੰਡੀਆ ਦੇ ਹੁਕਮਰਾਨਾਂ ਵੱਲੋਂ ਜੋ ਆਪਣੇ ਪੱਖ ਵਿਚ ਅਖ਼ਬਾਰਾਂ ਤੇ ਮੀਡੀਏ ਵਿਚ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਪੱਤਰਕਾਰਾਂ ਨੂੰ ਹਰ ਪੱਖੋ ਪ੍ਰਫੁੱਲਿਤ ਕਰਨ ਦੀ ਅਤੇ ਸਰਕਾਰ ਵਿਰੋਧੀ ਖ਼ਬਰਾਂ ਦੇਣ ਵਾਲਿਆ ਨੂੰ ਆਪਣੇ ਢੰਗ ਨਾਲ ਨਿਰ-ਉਤਸਾਹਿਤ ਕਰਨ ਦੀ ਯੋਜਨਾ ਬਣਾਈ ਗਈ ਹੈ, ਅਜਿਹੇ ਅਮਲਾਂ ਨਾਲ ਅੱਛੇ ਸਮਾਜ ਵਾਲੇ ਮੁਲਕ ਨੂੰ ਮਜ਼ਬੂਤ ਨਹੀਂ ਕੀਤਾ ਜਾ ਸਕਦਾ । ਬਲਕਿ ਅਜਿਹੇ ਅਮਲ ਤਾਂ ਉਸ ਮੁਲਕ ਤੇ ਸਮਾਜ ਵਿਚ ਬੁਰਾਈਆ ਨੂੰ ਜਨਮ ਦੇਣ ਦਾ ਕਾਰਨ ਹੀ ਬਣਨਗੇ । ਹਕੂਮਤੀ ਲਾਗੂ ਕੀਤੀ ਜਾਣ ਵਾਲੀ ਯੋਜਨਾ ਨੂੰ ਕੋਈ ਵੀ ਲਿਆਕਤਮੰਦ ਜਾਂ ਮਨੁੱਖਤਾ ਪੱਖੀ ਇਨਸਾਨ ਸਹੀ ਕਰਾਰ ਨਹੀਂ ਦੇ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਬੀਜੇਪੀ-ਆਰ.ਐਸ.ਐਸ. ਨਾਲ ਸੰਬੰਧਤ ਹੁਕਮਰਾਨਾਂ ਵੱਲੋਂ ਆਪਣੀ ਹੀ ਕੱਟੜਵਾਦੀ ਸੋਚ ਨੂੰ ਅੱਗੇ ਵਧਾਉਣ ਹਿੱਤ ਆਪਣੇ ਪੱਖ ਦੇ ਪੱਤਰਕਾਰਾਂ ਨੂੰ ਹਰ ਪੱਖੋ ਪ੍ਰਫੁੱਲਿਤ ਕਰਨ ਅਤੇ ਸਰਕਾਰ ਦੀਆਂ ਖਾਮੀਆ ਨੂੰ ਉਜਾਗਰ ਕਰਨ ਵਾਲੇ ਜਾਂ ਉਸਾਰੂ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਪੱਤਰਕਾਰਾਂ ਨੂੰ ਜੋ ਨਿਰ-ਉਤਸਾਹਿਤ ਕਰਨ ਸੰਬੰਧੀ ਯੋਜਨਾ ਬਣਾਈ ਗਈ ਹੈ, ਅਜਿਹੇ ਅਮਲਾਂ ਨੂੰ ਅੱਛੇ ਸਮਾਜ ਦੇ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਜੇਪੀ-ਆਰ.ਐਸ.ਐਸ. ਦੇ ਕੈਬਨਿਟ ਵਜ਼ੀਰਾਂ ਵੱਲੋਂ ਇਸ ਦਿਸ਼ਾ ਵੱਲ ਉਚੇਚੇ ਤੌਰ ਤੇ ਮੀਟਿੰਗਾਂ ਕਰਕੇ ਅਤੇ ਆਪਣੀ ਸੋਚ ਨੂੰ ਜ਼ਬਰੀ ਲਾਗੂ ਕਰਨ ਦੀ ਮਨਸਾ ਅਧੀਨ ਕਾਰਵਾਈਆ ਹੋ ਰਹੀਆ ਹਨ, ਇਹ ਅਮਲ ਇਥੇ ਸਥਾਈ ਤੌਰ ਤੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਕਰਨ ਲਈ ਕਤਈ ਸਹਾਈ ਨਹੀਂ ਹੋ ਸਕਦੇ । ਬਲਕਿ ਇਥੋਂ ਦੇ ਨਿਵਾਸੀਆ ਵਿਚ ਨਮੋਸੀ ਤੇ ਅਸੰਤੁਸਟਾਂ ਫੈਲਾਉਣ ਦਾ ਹੀ ਕਾਰਨ ਬਣਨਗੇ । ਦੂਸਰਾ ਇਹ ਅਮਲ ਤਾਨਾਸ਼ਾਹੀ ਸੋਚ ਨੂੰ ਵੀ ਮਜ਼ਬੂਤ ਕਰਦੇ ਹਨ । ਜਿਸ ਨਾਲ ਜਮਹੂਰੀਅਤ ਦਾ ਚੌਥਾਂ ਥੰਮ੍ਹ ਮੀਡੀਏ ਦੀ ਗਲਤ ਦਿਸ਼ਾ ਵੱਲ ਦੁਰਵਰਤੋਂ ਕਰਨ ਅਤੇ ਇਥੋਂ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਵਾਲੇ ਹੋਣਗੇ । ਹੁਕਮਰਾਨ ਜਿਨ੍ਹਾਂ ਪੱਤਰਕਾਰਾਂ ਨੂੰ ਨਾਂਹਵਾਚਕ ਸਾਬਤ ਕਰਨਾ ਲੋਚਦੇ ਹਨ, ਅਸਲੀਅਤ ਵਿਚ ਅਜਿਹੇ ਪੱਤਰਕਾਰ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਵਾਲੇ ਹੁੰਦੇ ਹਨ। ਜਿਨ੍ਹਾਂ ਨੂੰ ਹੁਕਮਰਾਨ ਆਪਣੀਆ ਗਲਤ ਨੀਤੀਆ ਰਾਹੀ ਦਬਾਉਣ ਅਤੇ ਆਪਣੇ ਪੱਖ ਵਿਚ ਕੰਮ ਕਰਨ ਲਈ ਮਜ਼ਬੂਰ ਕਰਨ ਦੀ ਗੱਲ ਕਰ ਰਹੇ ਹਨ ।
ਇਹ ਹੋਰ ਵੀ ਅਫ਼ਸੋਸਨਾਕ ਵਰਤਾਰਾ ਹੋਇਆ ਹੈ ਕਿ 26 ਜੂਨ 2020 ਨੂੰ ਸ੍ਰੀ ਰਿਜਜੂ ਖੇਡ ਵਜ਼ੀਰ ਅਤੇ ਨੌਜ਼ਵਾਨੀ ਮਾਮਲੇ ਦੇ ਘਰ ਹੋਈ ਇਸ ਵਿਸ਼ੇ ਤੇ ਮੀਟਿੰਗ ਵਿਚ ਪੱਤਰਕਾਰਾਂ ਅਤੇ ਵਜ਼ੀਰਾਂ ਨੇ ਇਹ ਪ੍ਰਵਾਨ ਕੀਤਾ ਕਿ 75% ਮੀਡੀਆ ਕਰਮੀ ਮੋਦੀ ਦੀ ਲੀਡਰਸ਼ਿਪ, ਉਨ੍ਹਾਂ ਦੀ ਅਤੇ ਬੀਜੇਪੀ ਪਾਰਟੀ ਦੀ ਸੋਚ ਦੇ ਪੈਰੋਕਾਰ ਹਨ ਅਤੇ ਅਜਿਹੇ ਸੰਪਾਦਕਾਂ ਜਾਂ ਸੂਝਵਾਨ ਪੱਤਰਕਾਰਾਂ ਦਾ ਸਰਕਾਰ ਨੂੰ ਇਕ ਗਰੁੱਪ ਬਣਾਉਣਾ ਚਾਹੀਦਾ ਹੈ ਜੋ ਸਰਕਾਰ ਅਤੇ ਪਾਰਟੀ ਦੀਆਂ ਨੀਤੀਆਂ ਪ੍ਰਚਾਰਨ ਦੀ ਜ਼ਿੰਮੇਵਾਰੀ ਨਿਭਾਉਣ । ਉਨ੍ਹਾਂ ਕਿਹਾ ਕਿ ਇਹ ਕੰਮ ਤਾਂ ਪਹਿਲੋ ਹੀ ਗੋਦੀ ਮੀਡੀਆਂ ਗੈਰ-ਜ਼ਿੰਮੇਵਰਾਨਾਂ ਨਾਲ ਹੁਕਮਰਾਨਾਂ ਦੇ ਪੱਖ ਵਿਚ ਭੁਗਤਦਾ ਆ ਰਿਹਾ ਹੈ ਅਤੇ ਸੱਚ ਤੋਂ ਇਥੋਂ ਦੇ ਨਿਵਾਸੀਆ ਨੂੰ ਜਾਣੂ ਕਰਵਾਉਣ ਤੋਂ ਪਿੱਠ ਮੋੜ ਚੁੱਕਾ ਹੈ । ਬਹੁਗਿਣਤੀ ਮੀਡੀਏ ਵੱਲੋਂ ਅਜਿਹੇ ਅਮਲ ਇੰਡੀਆ ਦੇ ਨਿਜਾਮੀ ਪ੍ਰਬੰਧ ਵਿਚ ਉਤਪੰਨ ਹੋ ਚੁੱਕੀਆ ਖਾਮੀਆ ਨੂੰ ਖ਼ਤਮ ਕਰਵਾਉਣ ਦੀ ਬਜਾਇ ਵਾਧਾ ਹੀ ਕਰ ਰਹੇ ਹਨ । ਜਿਸ ਨਾਲ ਕਦੀ ਵੀ ਇਕ ਅੱਛੇ ਭਰਪੂਰ ਗੁਣਾਂ ਵਾਲੇ ਸਮਾਜ ਦੀ ਸਿਰਜਣਾ ਦੀ ਆਸ ਨਹੀਂ ਕੀਤੀ ਜਾ ਸਕਦੀ । ਜਦੋਂਕਿ ਅੱਛੇ ਸਮਾਜ ਦੀ ਸਿਰਜਣਾ ਲਈ ਨਿਰਪੱਖ ਉਹ ਪੱਤਰਕਾਰੀ ਦੀ ਸਖਤ ਲੋੜ ਹੁੰਦੀ ਹੈ ਜੋ ਦ੍ਰਿੜਤਾ ਨਾਲ ਹੁਕਮਰਾਨ ਨੂੰ ਵੀ ਉਸਦੇ ਗਲਤ ਕਾਰਵਾਈਆ ਤੋਂ ਸੁਚੇਤ ਕਰਦੀ ਰਹੇ ਅਤੇ ਕਿਸੇ ਮੁਲਕ ਦੇ ਨਿਵਾਸੀਆ ਨੂੰ ਵੀ ਆਪਣੇ ਫਰਜਾਂ ਪ੍ਰਤੀ ਸੁਚੇਤ ਕਰਦੀ ਹੋਈ ਜਾਗਰੂਕ ਕਰਦੀ ਰਹੇ ।