ਹਰ ਇਨਸਾਨ ਵਿਚ ਗੁਣ ਔਗੁਣ ਹੁੰਦੇ ਹਨ ਪ੍ਰੰਤੂ ਇਨ੍ਹਾਂ ਦੀ ਮਿਕਦਾਰ ਦਾ ਅੰਤਰ ਜ਼ਰੂਰ ਹੁੰਦਾ ਹੈ। ਉਮਰ ਅਤੇ ਸਮੇਂ ਅਨੁਸਾਰ ਇਨ੍ਹਾਂ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਕਿਸੇ ਵਿਚ ਗੁਣ ਜ਼ਿਆਦਾ ਅਤੇ ਕਿਸੇ ਵਿਚ ਔਗੁਣ ਜ਼ਿਆਦਾ ਹੁੰਦੇ ਹਨ। ਇਕ ਤਰਫਾ ਕੋਈ ਇਨਸਾਨ ਨਹੀਂ ਹੁੰਦਾ। ਮੇਰਾ ਲੋਕ ਸੰਪਰਕ ਵਿਭਾਗ ਦੀ ਨੌਕਰੀ ਦੌਰਾਨ ਬਹੁਤ ਸਾਰੇ ਸਿਅਸੀ ਨੇਤਾਵਾਂ ਨਾਲ ਵਾਹ ਪੈਂਦਾ ਰਿਹਾ ਹੈ। ਮੈਨੂੰ ਕੁਝ ਪ੍ਰਮੁੱਖ ਸਿਆਸਤਦਾਨਾ ਬਾਰੇ ਬਹੁਤ ਜਾਣਕਾਰੀ ਹੈ। ਉਨ੍ਹਾਂ ਦੀਆਂ ਆਦਤਾਂ, ਵਿਵਹਾਰ ਅਤੇ ਕਾਰਜਕੁਸ਼ਲਤਾ ਬਾਰੇ ਗਾਹੇ ਵਗਾਹੇ ਲਿਖਦਾ ਰਹਾਂਗਾ। ਸਭ ਤੋਂ ਪਹਿਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਜਵਾਨੀ ਦੇ ਸਮੇਂ ਦੇ ਸੁਭਾਅ ਦੀਆਂ ਦੋ ਗੱਲਾਂ ਦਸਾਂਗਾ, ਜਿਹੜੀਆਂ ਆਮ ਤੌਰ ਤੇ ਸਿਆਸਤਦਾਨਾ ਵਿਚ ਨਹੀਂ ਹੁੰਦੀਆਂ। ਜੇ ਇਉਂ ਕਹਿ ਲਈਏ ਕਿ ਉਨ੍ਹਾਂ ਤੋਂ ਬਿਨਾ ਸਿਆਸਤਦਾਨਾ ਦੀ ਸਿਆਸਤ ਨਹੀਂ ਚਲਦੀ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਪਾਰਦਰਸ਼ੀ ਵਿਅਕਤੀ ਹਨ। ਉਹ ਕੋਈ ਵੀ ਗੱਲ ਲੁਕੋ ਕੇ ਆਪਣੇ ਦਿਲ ਵਿਚ ਨਹੀਂ ਰੱਖ ਸਕਦੇ। ਇਸਦੇ ਉਲਟ ਪਰਕਾਸ਼ ਸਿੰਘ ਬਾਦਲ ਤੋਂ ਤੁਸੀਂ ਕੋਈ ਗੱਲ ਕਢਵਾ ਨਹੀਂ ਸਕਦੇ। ਮੈਂ ਚੰਡੀਗੜ੍ਹ ਵਿਖੇ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਸੀ। ਮੇਰੀ ਪਟਿਆਲਾ ਵਿਖੇ ਜਿਲ੍ਹਾ ਸਹਾਇਕ ਲੋਕ ਸੰਪਰਕ ਅਧਿਕਾਰੀ ਦੀ ਨਿਯੁਕਤੀ ਅਪ੍ਰੈਲ 1979 ਵਿਚ ਹੋਈ ਸੀ। ਮੈਂ ਚੰਡੀਗੜ੍ਹ ਤੋਂ ਬਾਹਰ ਆਉਣਾ ਨਹੀਂ ਚਾਹੁੰਦਾ ਸੀ ਪ੍ਰੰਤੂ ਕਿਸੇ ਅਧਿਕਾਰੀ ਨੇ ਇਮਾਨਦਾਰੀ ਦੀ ਸਜ਼ਾ ਦੇਣ ਲਈ ਮੈਨੂੰ ਪਟਿਆਲੇ ਆਉਣ ਲਈ ਮਜ਼ਬੂਰ ਕੀਤਾ ਸੀ। ਕਿਉਂ ਭੇਜਿਆ ਗਿਆ ਸੀ, ਇਸਦੀ ਜਾਣਕਾਰੀ ਕਿਸੇ ਢੁਕਵੇਂ ਸਮੇਂ ਦਿੱਤੀ ਜਾਵੇਗੀ? ਮੈਂ ਜਿਹੜੀਆਂ ਗੱਲਾਂ ਤੁਹਾਨੂੰ ਦੱਸਣ ਲੱਗਿਆ ਹਾਂ ਸ਼ਾਇਦ ਕੁਝ ਲੋਕ ਇਨ੍ਹਾਂ ਨੂੰ ਪੜ੍ਹਕੇ ਮੇਰੇ ਬਾਰੇ ਕਿੰਤੂ ਪ੍ਰੰਤੂ ਵੀ ਕਰਨ ਪ੍ਰੰਤੂ ਜੋ ਮੈਂ ਲਿਖਾਂਗਾਂ ਬਿਲਕੁਲ ਨਿਰਪੱਖ ਅਤੇ ਸੱਚੀਆਂ ਗੱਲਾਂ ਹੋਣਗੀਆਂ। ਹਰ ਪੜ੍ਹਨ ਵਾਲਾ ਇਨਸਾਨ ਫੈਸਲਾ ਆਪਣੀ ਸੋਚ ਅਨੁਸਾਰ ਕਰਦਾ ਹੈ। ਇਹ ਤਾਂ ਪਹਿਲੀ ਕਿਸ਼ਤ ਹੈ , ਜਦੋਂ ਹੋਰ ਕਿਸ਼ਤਾਂ ਲਿਖਾਂਗਾ ਤਾਂ ਤੁਹਾਡੇ ਭੁਲੇਖੇ ਦੂਰ ਹੋ ਜਾਣਗੇ। ਇਨ੍ਹਾਂ ਵਿਚ ਰਤਾ ਮਾਸਾ ਵੀ ਝੂਠ ਨਹੀਂ ਹੋਵੇਗਾ। ਜਦੋਂ ਮੈਂ ਚੰਡੀਗੜ੍ਹ ਤੋਂ ਪਟਿਆਲਾ ਆਪਣੀ ਨਵੀਂ ਡਿਊਟੀ ਜਾਇਨ ਕਰਨ ਲਈ ਆਉਣ ਲੱਗਾ ਤਾਂ ਸਰਦਾਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ, ਉਦੋਂ ਉਹ ਪਾਇਲ ਹਲਕੇ ਤੋਂ ਵਿਧਾਨਕਾਰ ਹੁੰਦੇ ਸਨ, ਮੇਰਾ ਪਿੰਡ ਉਨ੍ਹਾਂ ਦੇ ਪਿੰਡ ਦੇ ਨਜ਼ਦੀਕ ਕੱਦੋਂ ਹੈ। ਮੈਨੂੰ ਕਹਿਣ ਲੱਗੇ ਕਿ ਪਟਿਆਲੇ ਸਾਡੇ ਧੜੇ ਦੇ ਦੋ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬਾ ਅਮਰਜੀਤ ਕੌਰ ਰਹਿੰਦੇ ਹਨ। ਸ਼ਾਹੀ ਪਰਿਵਾਰ ਹਨ ਆਪਣਾ ਸਾਧਾਰਨ ਜੀਵਨ ਉਨ੍ਹਾਂ ਨਾਲ ਬਹੁਤਾ ਮੇਲ ਤਾਂ ਨਹੀਂ ਖਾਂਦਾ ਪ੍ਰੰਤੂ ਉਨ੍ਹਾਂ ਨਾਲ ਤਾਲ ਮੇਲ ਰੱਖਣਾ ਵੀ ਜ਼ਰੂਰੀ ਹੈ। ਮੈਂ ਵੀ ਉਨ੍ਹਾਂ ਨੂੰ ਤੁਹਾਡੇ ਬਾਰੇ ਦਸ ਦੇਵਾਂਗਾ। ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੇ ਦੋ ਬੜੇ ਜ਼ਬਰਦਸਤ ਧੜੇ, ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਹੁੰਦੇ ਸਨ। ਮੈਂ ਚੰਡੀਗੜ੍ਹ ਜਾਣ ਤੋਂ ਪਹਿਲਾਂ ਵੀ 1967 ਤੋਂ 1974 ਤੱਕ ਪਟਿਆਲੇ ਪੜ੍ਹਦਾ ਅਤੇ ਫਿਰ ਪੜ੍ਹਾਉਂਦਾ ਰਿਹਾ ਸੀ। ਪਟਿਆਲਾ ਮੇਰੇ ਲਈ ਨਵਾਂ ਨਹੀਂ ਸੀ। ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਨਜ਼ਦੀਕ ਫਾਰਮ ਹਾਊਸ ਵਿਚ ਸੰਤ ਹਜ਼ਾਰਾ ਸਿੰਘ ਦੇ ਸਪੁੱਤਰ ਮੇਰੇ ਛੋਟੇ ਭਰਾ ਵਰਗੇ ਦੋਸਤ ਮਰਹੂਮ ਅਮਰੀਕ ਸਿੰਘ ਛੀਨਾ ਰਹਿੰਦੇ ਸਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਸਨ। ਮੈਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਤਾਲਮੇਲ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਹੋਈ।
ਕੈਪਟਨ ਸਾਹਿਬ ਸਿਆਸਤ ਵਿਚ ਸਰਗਰਮ ਤਾਂ ਸਨ ਪ੍ਰੰਤੂ ਅਜੇ ਹੋਰ ਕੋਈ ਵੱਡਾ ਅਹੁਦਾ ਨਹੀਂ ਸੀ ਪ੍ਰੰਤੂ ਦਰਬਾਰਾ ਸਿੰਘ ਮੁੱਖ ਮੰਤਰੀ ਲਈ ਵੰਗਾਰ ਸਨ ਕਿਉਂਕਿ ਰਾਜੀਵ ਗਾਂਧੀ ਦੇ ਨੇੜੇ ਹੋਣ ਕਰਕੇ ਕਾਂਗਰਸ ਵਿਚ ਉਨ੍ਹਾਂ ਦੀ ਤੂਤੀ ਬੋਲਦੀ ਸੀ। ਉਹ ਉਦੋਂ 37 ਕੁ ਸਾਲ ਦੇ ਸਨ। ਫਿਰ ਉਹ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਚੰਡੀਗੜ੍ਹ ਤੋਂ ਪੰਜਾਬ ਸਰਕਾਰ ਦੇ ਸੁਨੇਹੇ ਆਦਿ ਦੇਣ ਲਈ ਵੀ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੈਨੂੰ ਹੀ ਭੇਜਦੇ ਸਨ ਕਿਉਂਕਿ ਉਨ੍ਹਾਂ ਨੂੰ ਮੇਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਦਾ ਪਤਾ ਸੀ। ਉਨ੍ਹਾਂ ਦਿਨਾਂ ਵਿਚ ਪਟਿਆਲਾ ਹਾਲਾਤ ਵੀ ਬਹੁਤੇ ਚੰਗੇ ਨਹੀਂ ਸਨ। ਕਰਫਿਊ ਲੱਗਿਆ ਹੀ ਰਹਿੰਦਾ ਸੀ। ਜਿਲ੍ਹਾ ਪ੍ਰਬੰਧ ਵਲੋਂ ਵੀ ਸ਼ਾਂਤੀ ਲਈ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਨ। ਮੀਟਿੰਗਾਂ ਵਿਚ ਅਕਸਰ ਮੈਂ ਹੀ ਜਾਂਦਾ ਸੀ, ਜਿਸ ਕਰਕੇ ਮੇਰੇ ਸੰਬੰਧ ਪਤਵੰਤੇ ਸ਼ਹਿਰੀਆਂ ਜਿਨ੍ਹਾਂ ਵਿਚ ਲੈਫ਼ ਜਨਰਲ ਗੁਰਬਚਨ ਸਿੰਘ ਬੁੱਚ, ਬਿ੍ਰਗੇਡੀਅਰ ਸੁਖਦੇਵ ਸਿੰਘ, ਰਾਮ ਲਾਲ ਕਦ ਅਤੇ ਡਾ ਹਰਭਜਨ ਸਿੰਘ ਦਿਓਲ ਸ਼ਾਮਲ ਹਨ, ਉਨ੍ਹਾਂ ਨਾਲ ਮੇਰੇ ਚੰਗੇ ਸੰਬੰਧ ਬਣ ਗਏ ਸਨ। ਜਨਰਲ ਗੁਰਬਚਨ ਸਿੰਘ ਬੁਚ ਅਤੇ ਡਾ ਹਰਭਜਨ ਸਿੰਘ ਦਿਓਲ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਸਿੱਖ ਫੋਰਮ ਦੇ ਮੈਂਬਰ ਵੀ ਸਨ। ਨਿਊ ਮੋਤੀ ਬਾਗ ਪੈਲਸ ਵਿਚ ਵੀ ਮੈਨੂੰ ਮਿਲਦੇ ਰਹਿੰਦੇ ਸਨ। ਮੈਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਆਯੋਜਤ ਕੀਤੀਆਂ ਜਾਂਦੀਆਂ ਦਾਅਵਤਾਂ ਵਿਚ ਵੀ ਬੁਲਾਇਆ ਜਾਂਦਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਦਾਅਵਤ ਵਿਚ ਸ਼ਾਮਲ ਹੋਣਾ ਪਟਿਆਲਵੀ ਫਖ਼ਰ ਮਹਿਸੂਸ ਕਰਦੇ ਸਨ। ਮੇਰਾ ਇਥੇ ਦਸਣ ਦਾ ਭਾਵ ਇਹ ਹੈ ਕਿ ਮੇਰਾ ਕੈਪਟਨ ਅਮਰਿੰਦਰ ਸਿੰਘ ਨਾਲ ਵਾਹਵਾ ਤਾਲਮੇਲ ਅਮਰੀਕ ਸਿੰਘ ਛੀਨਾ ਅਤੇ ਸਰਦਾਰ ਬੇਅੰਤ ਸਿੰਘ ਕਰਕੇ ਬਣ ਗਿਆ ਸੀ। ਹੁਣ ਮੈਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਉਸ ਸਮੇਂ ਦੇ ਸੁਭਾਅ ਦੀਆਂ ਦੋ ਉਦਾਹਰਨਾਂ ਦੇ ਕੇ ਦੱਸਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਮੇਰਾ ਉਨ੍ਹਾਂ ਨਾਲ ਆਉਣ ਜਾਣ ਆਮ ਹੋ ਗਿਆ ਤਾਂ ਜਿਹੜੇ ਅਮਰੀਕ ਸਿੰਘ ਛੀਨਾ ਦੇ ਵਿਰੋਧੀ ਸਨ ਉਨ੍ਹਾਂ ਨੂੰ ਮੇਰੇ ਨਾਲ ਰੰਜ਼ਸ਼ ਹੋ ਗਈ। ਉਹ ਮੈਨੂੰ ਪੈਰਾ ਟਰੂਪਰ ਹੀ ਸਮਝਦੇ ਸਨ। ਉਨ੍ਹਾਂ ਵਿਚ ਇਕ ਅਜਿਹਾ ਵਿਅਕਤੀ ਵੀ ਸ਼ਾਮਲ ਸੀ, ਜਿਸਨੂੰ ਮੈਂ ਹੀ ਕੈਪਟਨ ਸਾਹਿਬ ਕੋਲ ਲੈ ਕੇ ਗਿਆ ਸੀ। ਉਨ੍ਹਾਂ ਦੀ ਰੰਜ਼ਸ਼ ਕਰਕੇ ਮੈਂ ਕੈਪਟਨ ਸਾਹਿਬ ਕੋਲ ਜਾਣਾ ਬੰਦ ਕਰ ਦਿੱਤਾ ਸੀ ਪ੍ਰੰਤੂ ਸਰਕਾਰੀ ਨੌਕਰੀ ਕਰਕੇ ੳਨ੍ਹਾਂ ਨੂੰ ਮਿਲਦਾ ਰਹਿੰਦਾ ਸੀ। ਇਕ ਵਾਰ ਜਦੋਂ ਮੈਂ ਉਨ੍ਹਾਂ ਨਾਲ ਦੁਪਹਿਰ ਦੇ ਖਾਣੇ ਤੇ ਬੈਠਾ ਸੀ ਤਾਂ ਉਨ੍ਹਾਂ ਮੈਨੂੰ ਕਿਸੇ ਵਿਅਕਤੀ ਦਾ ਨਾਮ ਲੈ ਕੇ ਕਿਹਾ ਕਿ ਉਹ ਕਹਿੰਦਾ ਸੀ ਕਿ ਉਜਾਗਰ ਸਿੰਘ ਨੂੰ ਸਰਦਾਰ ਬੇਅੰਤ ਸਿੰਘ ਨੇ ਨਿਊ ਮੋਤੀ ਬਾਗ ਪੈਲਸ ਵਿਚ ਅਮਰੀਕ ਸਿੰਘ ਛੀਨਾ ਰਾਹੀਂ ਤੁਹਾਡੀਆਂ ਸਿਆਸੀ ਸਰਗਰਮੀਆਂ ਦੀ ਸੂਚਨਾ ਲੈਣ ਲਈ ਪਲਾਂਟ ਕੀਤਾ ਹੋਇਆ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਉਨ੍ਹਾਂ ਨੇ ਮੇਰੀ ਸ਼ਿਕਾਇਤ ਲਾਉਣ ਵਾਲੇ ਦਾ ਨਾਮ ਵੀ ਚਾਰ ਪੰਜ ਵਿਅਕਤੀਆਂ ਦੇ ਸਾਹਮਣੇ ਹੀ ਲੈ ਦਿੱਤਾ। ਚਲੋ ਖ਼ੈਰ ਇਸ ਗੱਲ ਦਾ ਉਨ੍ਹਾਂ ਤੇ ਕੋਈ ਅਸਰ ਨਾ ਹੋਇਆ। ਵੈਸੇ ਆਮ ਤੌਰ ਤੇ ਰਾਜੇ ਮਹਾਰਾਜੇ ਕੰਨਾਂ ਦੇ ਕੱਚੇ ਹੁੰਦੇ ਹਨ। ਉਨ੍ਹ੍ਰਾਂ ਦੇ ਇਸ ਸੁਭਾਅ ਬਾਰੇ ਵੀ ਦੂਜੀ ਕਿਸ਼ਤ ਵਿਚ ਲਿਖਾਂਗਾ। ਦੂਜੀ ਉਦਾਹਰਨ ਦੇ ਰਿਹਾ ਹਾਂ।
ਰਾਜੇ ਮਹਾਰਾਜਿਆਂ ਦੇ ਆਪਣੇ ਕਾਰੋਬਾਰ ਨੂੰ ਵੇਖਣ ਲਈ ਮੈਨੇਜਰ ਰੱਖੇ ਹੁੰਦੇ ਹਨ। ਉਹ ਆਪ ਬਹੁਤੀ ਦਖ਼ਲਅੰਦਾਜ਼ੀ ਨਹੀਂ ਕਰਦੇ ਹੁੰਦੇ। ਕੈਪਟਨ ਅਮਰਿੰਦਰ ਸਿੰਘ ਦਾ ਖੇਤੀਬਾੜੀ ਫਾਰਮ ਪਟਿਆਲਾ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਤੇ ਬਹਾਦਗੜ੍ਹ ਵਿਖੇ ਬੀੜ ਬਹਾਦਰਗੜ੍ਹ ਵਿਚ ਸੀ। ਅਜੇ ਵੀ ਉਨ੍ਹਾਂ ਦੀ ਉਥੇ ਜ਼ਮੀਨ ਹੈ। ਕੈਪਟਨ ਸਾਹਿਬ ਆਪਣੇ ਫਾਰਮ ਦੀ ਜ਼ਮੀਨ ਵੇਚ ਰਹੇ ਸਨ। ਜ਼ਮੀਨ ਦੇ ਸੌਦੇ ਉਨ੍ਹਾਂ ਦਾ ਮੈਨੇਜਰ ਕੋਈ ਅਗਰਵਾਲ ਨਾਮ ਦਾ ਵਿਅਕਤੀ ਕਰਦਾ ਸੀ। ਮੇਰੇ ਕੋਲ ਮੇਰੇ ਸਵਰਗਵਾਸੀ ਦੋਸਤ ਆਈ ਏ ਐਸ ਅਧਿਕਾਰੀ ਹਰਜੀਤਇੰਦਰ ਸਿੰਘ ਗਰੇਵਾਲ ਦੇ ਪਿਤਾ ਸਰਦਾਰ ਬਿਕਰਮਜੀਤ ਸਿੰਘ ਗਰੇਵਾਲ ਮੁੱਖ ਇੰਜਿਨੀਅਰ ਲੋਕ ਨਿਰਮਾਣ ਵਿਭਾਗ ਆਏ। ਉਨ੍ਹਾਂ ਨੂੰ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਮੈਨੇਜਰ ਲੋਕਾਂ ਤੋਂ ਆਪ ਪੈਸੇ ਲੈ ਕੇ ਸਸਤੇ ਭਾਅ ਭੰਗ ਦੇ ਭਾਣੇ ਕੌਡੀਆਂ ਦੇ ਭਾਅ ਜ਼ਮੀਨ ਵੇਚ ਰਿਹਾ ਹੈ। ਉਹ ਮੈਨੂੰ ਕਹਿਣ ਲੱਗੇ ਜਿਸ ਦਰ ਨਾਲ ਕੈਪਟਨ ਸਾਹਿਬ ਦਾ ਮੈਨੇਜਰ ਜ਼ਮੀਨ ਵੇਚ ਰਿਹਾ ਹੈ, ਮੈਂ ਉਸ ਤੋਂ ਦੁਗਣੇ ਭਾਅ ਤੇ ਖ਼ਰੀਦ ਲਵਾਂਗਾ। ਤੁਸੀਂ ਮੈਨੂੰ ਕੈਪਟਨ ਸਾਹਿਬ ਤੋਂ ਜ਼ਮੀਨ ਦਿਵਾ ਦਿਓ। ਮੈਂ ਅਮਰੀਕ ਸਿੰਘ ਛੀਨਾ ਨੂੰ ਮੇਰਾ ਅਤੇ ਬਿਕਰਮਜੀਤ ਸਿੰਘ ਗਰੇਵਾਲ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਦਾ ਵਕਤ ਨਿਸਚਤ ਕਰਵਾ ਦੇਣ ਲਈ ਕਿਹਾ। ਇਥੇ ਮੈਂ ਦਸ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੈਲੇਸ ਦੀ ਪਰੰਪਰਾ ਹੈ ਕਿ ਉਹ ਸਮਾਂ ਨਿਸਚਤ ਕੀਤੇ ਬਿਨਾ ਕਿਸੇ ਨੂੰ ਮਿਲਦੇ ਨਹੀਂ ਪ੍ਰੰਤੂ ਜੇ ਸਮਾਂ ਦੇ ਦੇਣ ਫਿਰ ਪਹਿਲਾਂ ਚਾਹ ਪਾਣੀ ਪੀਣ ਤੋਂ ਬਿਨਾ ਜਾਣ ਨਹੀਂ ਦਿੰਦੇ। ਪੂਰੀ ਮਹਿਮਾਨ ਨਿਵਾਜ਼ੀ ਕਰਦੇ ਹਨ। ਜਦੋਂ ਅਸੀਂ ਕੈਪਟਨ ਸਾਹਿਬ ਨੂੰ ਮਿਲਣ ਗਏ ਤਾਂ ਬਿਕਰਮਜੀਤ ਸਿੰਘ ਗਰੇਵਾਲ ਦਾ ਮੈਂ ਤੁਆਰਫ ਕਰਵਾਇਆ ਤਾਂ ਗਰੇਵਾਲ ਸਾਹਿਬ ਨੇ ਸਾਰੀ ਗਲਬਾਤ ਦੱਸੀ। ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਮੈਨੇਜਰ ਤੋਂ ਪੁਛ ਲੈਂਦਾ ਹਾਂ। ਉਹ ਸਾਨੂੰ ਆਪਣੇ ਨਾਲ ਲੈ ਕੇ ਅਗਰਵਾਲ ਦੇ ਕਮਰੇ ਵਿਚ ਚਲੇ ਗਏ। ਆਮ ਤੌਰ ਤੇ ਰਾਜੇ ਮਹਾਰਾਜੇ ਕਿਸੇ ਕਰਮਚਾਰੀ ਕੋਲ ਨਹੀਂ ਜਾਂਦੇ ਸਗੋਂ ਕਰਮਚਾਰੀ ਨੂੰ ਤਲਬ ਕੀਤਾ ਜਾਂਦਾ ਹੈ। ਅਗਰਵਾਲ ਤਾਂ ਘਬਰਾ ਗਿਆ ਕਿ ਕੈਪਟਨ ਸਾਹਿਬ ਉਸਦੇ ਕਮਰੇ ਵਿਚ ਕਿਵੇਂ ਆ ਗਏ। ਕੈਪਟਨ ਸਾਹਿਬ ਨੇ ਉਸਨੂੰ ਪੁਛਿਆ ਕਿ ਆਪਾਂ ਬੀੜ ਬਹਾਦਰਗੜ੍ਹ ਵਿਖੇ ਜ਼ਮੀਨ ਦਾ ਸੌਦਾ ਕੀਤਾ ਹੈ। ਅਗਰਵਾਲ ਨੇ ਕਿਹਾ ‘‘ਜੀ ਹਜ਼ੂਰ ਮੈਂ ਸੌਦਾ ਕਰ ਲਿਆ ਹੈ ਪ੍ਰੰਤੂ ਅਜੇ ਰਜਿਸਟਰੀ ਕਰਵਾਉਣੀ ਹੈ’’।
ਕੈਪਟਨ ਸਾਹਿਬ ਗਰੇਵਾਲ ਸਾਹਿਬ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਸਾਡੇ ਨੁਮਾਇੰਦੇ ਨੇ ਮੇਰੀ ਤਰਫੋਂ ਵਾਅਦਾ ਕਰ ਲਿਆ ਹੈ, ਹੁਣ ਮੈਂ ਵਾਅਦਾਖਿਲਾਫੀ ਨਹੀਂ ਕਰ ਸਕਦਾ। ਗਰੇਵਾਲ ਸਾਹਿਬ ਨੇ ਬਥੇਰਾ ਜ਼ੋਰ ਲਾਇਆ ਕਿ ਇਤਨੀ ਸਸਤੀ ਜ਼ਮੀਨ ਵੇਚ ਰਹੇ ਹੋ, ਇਹ ਲੋਕ ਤੁਹਾਨੂੰ ਵੇਚ ਕੇ ਖਾ ਰਹੇ ਹਨ। ਕੈਪਟਨ ਸਾਹਿਬ ਟਸ ਤੋਂ ਮਸ ਨਹੀਂ ਹੋਏ, ਸਾਨੂੰ ਲੈ ਕੇ ਡਰਾਇੰਗ ਰੂਮ ਵਿਚ ਆ ਗਏ ਤੇ ਕਾਫੀ ਮੰਗਵਾ ਲਈ। ਗਰੇਵਾਲ ਸਾਹਿਬ ਵਾਰ ਵਾਰ ਉਹੀ ਗਲ ਕਰੀ ਜਾਣ। ਕੈਪਟਨ ਸਾਹਿਬ ਕਹਿੰਦੇ ਗਰੇਵਾਲ ਸਾਹਿਬ ਜੇ ਮੈਂ ਆਪਣੇ ਮੁਲਾਜ਼ਮ ਦੇ ਕੀਤੇ ਵਾਅਦੇ ਨੂੰ ਤੋੜ ਦਿਆਂ, ਫਿਰ ਲੋਕ ਸਾਡੇ ਤੇ ਯਕੀਨ ਕਿਵੇਂ ਕਰਨਗੇ। ਹੁਣ ਲੋਕਾਂ ਕੋਲੋਂ ਸੁਣਨ ਨੂੰ ਮਿਲ ਰਿਹਾ ਹੈ ਕਿ ਕੈਪਟਨ ਸਾਹਿਬ ਪਹਿਲਾਂ ਵਰਗੇ ਨਹੀਂ ਰਹੇ ਹਨ। ਹੁਣ ਮੇਰਾ ਉਨ੍ਹਾਂ ਨਾਲ ਬਹੁਤਾ ਵਾਹ ਨਹੀਂ ਪੈਂਦਾ ਸਿਰਫ ਇਕ ਵਾਰ ਮਿਲਿਆ ਹਾਂ ਮਿਲਦੇ ਤਾਂ ਬਹੁਤ ਹੀ ਸਲੀਕੇ ਨਾਲ ਹਨ। ਮਹਿਮਾਨਨਿਵਾਜ਼ੀ ਵੀ ਪਹਿਲੇ ਵਰਗੀ ਹੀ ਹੈ। ਪ੍ਰੰਤੂ ਲੋਕ ਕਹਿੰਦੇ ਹਨ ਜੇਕਰ ਉਹ ਕੋਟਰੀ ਤੋਂ ਖਹਿੜਾ ਛੁਡਵਾ ਲੈਣ ਤਾਂ ਉਨ੍ਹਾਂ ਵਰਗਾ ਪਾਰਦਰਸ਼ੀ ਸਿਆਸਤਦਾਨ ਕੋਈ ਹੋ ਹੀ ਨਹੀਂ ਸਕਦਾ।