ਲਹੌਰ- ਪਾਕਿਸਤਾਨ ਵਿੱਚ ਰਾਜਨੀਤਕ ਸੰਕਟ ਵੱਧਦਾ ਹੀ ਜਾ ਰਿਹਾ ਹੈ। ਸਤਾਧਾਰੀ ਗਠਜੋੜ ਦੀਆਂ ਦੋ ਧਿਰਾਂ ਮੁਤਾਹਿਦਾ ਕੌਮੀ ਮੂਵਮੈਂਟ ਅਤੇ ਉਲੇਮਾ-ਏ ਇਸਲਾਮ ਨੇ ਪਾਕਿਸਤਾਨ ਪੀਪਲਜ਼ ਪਾਰਟੀ ਤੇ ਦਬਾਅ ਬਣਾਉਣ ਲਈ ਆਪਸ ਵਿੱਚ ਤਾਲਮੇਲ ਕਰ ਲਿਆ ਹੈ। ਜਮੀਅਤ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਤੋਂ ਗਿਲਾਨੀ ਨੂੰ ਹਟਾ ਕੇ ਨਵਾਂ ਪ੍ਰਧਾਨਮੰਤਰੀ ਬਣਾਉਣ ਦੀ ਮੰਗ ਕਰ ਰਹੀ ਹੈ।
ਐਮ ਕਿਊ ਐਮ ਦੇ ਮੁੱਖੀ ਅਲਫਾਤ ਹੁਸੈਨ ਅਤੇ ਜੇ ਯੂ ਆਈ ਨੇਤਾ ਮੌਲਾਨਾ ਫਜਲੁਰ ਰਹਿਮਾਨ ਪੀਪੀਪੀ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸਾਂਝੀ ਰਣਨੀਤੀ ਬਣਾਉਣ ਲਈ ਸਹਿਮਤ ਹੋ ਗਏ ਹਨ। ਜਿਕਰਯੋਗ ਹੈ ਕਿ ਜਮੀਅਤ ਉਸ ਸਮੇਂ ਪੀਪੀਪੀ ਸਤਾਧਾਰੀ ਗਠਜੋੜ ਤੋਂ ਪਾਸੇ ਹੋਈ ਜਦੋਂ ਯੂਸਫ਼ ਰਜ਼ਾ ਗਿਲਾਨੀ ਨੇ ਅਨੁਸ਼ਾਸਨ ਭੰਗ ਕਰਨ ਦੇ ਅਰੋਪ ਵਿੱਚ ਉਸ ਦੇ ਇੱਕ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਐਮਕਿਊਐਮ ਨੇ ਹਾਲ ਹੀ ਵਿੱਚ ਇਹ ਕਹਿ ਕੇ ਆਪਣੇ ਦੋ ਮੰਤਰੀਆਂ ਨੂੰ ਸੰਘੀ ਮੰਤਰੀ ਮੰਡਲ ਤੋਂ ਵਾਪਿਸ ਬੁਲਾ ਲਿਆ ਹੈ ਕਿ ਪੀਪੀਪੀ ਉਨ੍ਹਾਂ ਨਾਲ ਉਚਿਤ ਵਿਹਾਰ ਨਹੀਂ ਕਰ ਰਹੀ।