ਚੰਡੀਗੜ੍ਹ – ਕੋਵਿਡ-19 ਦੇ ਸੰਕਟ ਦੌਰਾਨ ਰੋਜ਼ਗਾਰ ਪ੍ਰਤੀ ਪੈਦਾ ਹੋਈ ਅਨਿਸ਼ਚਿਤਤਾ ਦੇ ਦੌਰ ’ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਐਮ.ਬੀ.ਏ ਖੇਤਰ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਪ੍ਰੀਕਿਰਿਆ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ’ਵਰਸਿਟੀ ਵੱਲੋਂ ਐਮ.ਬੀ.ਏ ਦੇ ਬੈਚ 2020-21 ਦੇ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ 210 ਨਾਮੀ ਕੰਪਨੀਆਂ ਦੀ ਭਰਤੀ ਪ੍ਰੀਕਿਰਿਆ ਕਰਕੇ ਵੱਡਾ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ। ਬੈਂਕਿੰਗ, ਈ-ਕਮਰਸ, ਆਈ.ਟੀ, ਸਿਹਤ ਸੰਭਾਲ, ਰੀਟੇਲ, ਵਪਾਰਕ ਵਿਸ਼ਲੇਸ਼ਣ ਆਦਿ ਖੇਤਰਾਂ ਦੀਆਂ ਬਹੁਕੌਮੀ ਕੰਪਨੀਆਂ ਵੱਲੋਂ ਐਮ.ਬੀ.ਏ ਦੇ 1078 ਵਿਦਿਆਰਥੀਆਂ ਨੂੰ ਚੰਗੇ ਪੈਕੇਜ਼ਾਂ ’ਤੇ ਨੌਕਰੀ ਲਈ ਚੁਣਿਆ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ’ਵਰਸਿਟੀ ਵੱਲੋਂ ਵਿਦਿਆਰਥੀਆਂ ਨਾਲ ਰੁਜ਼ਗਾਰ ਸਬੰਧੀ ਪ੍ਰਗਟਾਈ ਵਚਨਬੱਧਤਾ ਦੀ ਪੂਰਤੀ ਵਾਸਤੇ ਸਿਰਤੋੜ ਯਤਨ ਕੀਤੇ ਗਏ। ਜਿਸ ਸਦਕਾ ਦੇਸ਼-ਵਿਦੇਸ਼ ਦੀਆਂ ਚੋਟੀ ਦੀਆਂ 210 ਕੰਪਨੀਆਂ ਵੱਲੋਂ ਐਮ.ਬੀ.ਏ ਦੇ ਵਿਦਿਆਰਥੀਆਂ ’ਚ ਰੁਚੀ ਵਿਖਾਈ ਗਈ ਹੈ। ਇਨ੍ਹਾਂ ਦਿੱਗਜ਼ ਕੰਪਨੀਆਂ ’ਚ ਐਮਾਜ਼ੌਨ, ਫ਼ਲਿਪਕਾਰਟ, ਆਈ.ਬੀ.ਐਮ, ਡੀਲੋਇਟ, ਅਰਨੇਸਟ ਐਂਡ ਯੰਗ, ਡੈਨੋਨ ਫੂਡਜ਼, ਕੇ.ਪੀ.ਐਮ.ਜੀ, ਰਿਲਾਇੰਸ ਇੰਡਸਟਰੀਜ਼, ਬੈਂਕ ਆਫ਼ ਅਮਰੀਕਾ, ਵੀਵੋ, ਆਈ.ਸੀ.ਆਈ.ਸੀ.ਆਈ ਬੈਂਕ ਆਦਿ ਉਹ ਉਚਕੋਟੀ ਦੀਆਂ ਕੰਪਨੀਆਂ ਹਨ, ਜਿਨ੍ਹਾਂ ਵੱਲੋਂ ਸੱਭ ਤੋਂ ਵੱਧ ਪਲੇਸਮੈਂਟ ਆਫ਼ਰ ਪ੍ਰਦਾਨ ਕੀਤੇ ਗਏ ਹਨ। ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਦੀਆਂ ਪਲੇਸਮੈਂਟਾਂ ਸਬੰਧੀ ਪੇਸ਼ਕਸ਼ਾਂ ’ਚ 20 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ ਲਿਹਾਜਾ ਪਿਛਲੇ ਸਾਲ ਦੀ ਤੁਲਨਾ ’ਚ ਕੈਂਪਸ ਪਲੇਸਮੈਂਟ ਲਈ ਪਹੁੰਚਣ ਵਾਲੀਆਂ ਕੰਪਨੀਆਂ ਦੀ ਗਿਣਤੀ ’ਚ 15 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ।
ਐਮ.ਬੀ.ਏ ਦੇ ਵਿਦਿਆਰਥੀਆਂ ਨੂੰ ਮਿਲੇ ਉਚ ਤਨਖ਼ਾਹ ਪੈਕੇਜ਼ਾਂ ਦਾ ਜ਼ਿਕਰ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ ਕੌਮੀ ਪੱਧਰ ਦੀਆਂ ਨਾਮੀ ਕੰਪਨੀਆਂ ਵਿਚੋਂ ਇੱਕ ਗੋ ਵਿਨਿੰਗ ਵੱਲੋਂ 18 ਲੱਖ ਸਾਲਾਨਾ ਪੈਕੇਜ਼ ਦੀ ਪੇਸ਼ਕਸ਼ ਕੀਤੀ ਗਈ ਹੈ ਜਦਕਿ ਅੰਤਰਰਾਸ਼ਟਰੀ ਪੱਧਰ ਦੀ ਕੰਪਨੀ ਐਮਾਜ਼ੌਨ ਬਰਲਿਨ ਵੱਲੋਂ 28 ਲੱਖ ਸਾਲਾਨਾ ਪੈਕੇਜ਼ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 2020-21 ਦੌਰਾਨ ਐਮ.ਬੀ.ਏ ਦੇ ਵਿਦਿਆਰਥੀਆਂ ਨੂੰ ਪ੍ਰਾਪਤ ਹੋਏ ਔਸਤਨ ਅਤੇ ਦਰਮਿਆਨੇ ਤਨਖ਼ਾਹ ਪੈਕੇਜ਼ਾਂ ਨੇ ਨਵੇਂ ਸਿਖਰਾਂ ਨੂੰ ਛੂਹਿਆ ਹੈ।ਉਨ੍ਹਾਂ ਦੱਸਿਆ ਕਿ ਪਲੇਸਮੈਂਟ ਪ੍ਰੀਕਿਰਿਆ ਦੌਰਾਨ 30 ਤੋਂ ਵੱਧ ਕੰਪਨੀਆਂ ਨੇ ਬੈਂਕਿੰਗ ਅਤੇ ਫਾਈਨਾਂਸ ਜਦਕਿ 100 ਤੋਂ ਵੱਧ ਕੰਪਨੀਆਂ ਨੇ ਮਾਰਕਟਿੰਗ ਐਂਡ ਬਿਜ਼ਨਸ ਐਨਾਲੀਟਿਕਸ ਵਿਸ਼ੇਸ਼ਤਾ ਅਧੀਨ ਪਲੇਸਮੈਂਟ ਆਫ਼ਰ ਪ੍ਰਦਾਨ ਕੀਤੇ ਹਨ। ਇਸੇ ਤਰ੍ਹਾਂ 30 ਤੋਂ ਵੱਧ ਕੰਪਨੀਆਂ ਨੇ ਐਚ.ਆਰ ਅਤੇ 20 ਤੋਂ ਵੱਧ ਕੰਪਨੀਆਂ ਨੇ ਆਈ.ਟੀ ਵਿਸ਼ੇਸ਼ਤਾ ਵਾਲੇ ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਹੈ।
ਡਾ. ਬਾਵਾ ਨੇ ਦੱਸਿਆ ਕਿ ਕੁੱਝ ਕੰਪਨੀਆਂ ਵੱਲੋਂ ਵੱਡੇ ਪੱਧਰ ’ਤੇ ਪੈਕੇਜ਼ਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ’ਚ ਆਈ.ਟੀ ਕੰਪਨੀ ਐਮਾਜ਼ੌਨ ਬਰਲਿਨ ਵੱਲੋਂ 28 ਲੱਖ ਸਾਲਾਨਾ ਅਤੇ ਮਾਈਂਡਟ੍ਰੀ ਵੱਲੋਂ 14 ਲੱਖ ਸਾਲਾਨਾ ਤਨਖ਼ਾਹ ਪੈਕੇਜਾਂ ’ਤੇ ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ ਹੈ। ਇਸੇ ਤਰ੍ਹਾਂ ਵਿੱਤੀ ਅਤੇ ਸਲਾਹਕਾਰ ਗਲੋਬਲ ਫਰਮ ਡੀਲੋਇਟ ਵੱਲੋਂ ਐਮ.ਬੀ.ਏ ਦੇ ਵਿਦਿਆਰਥੀਆਂ ਨੂੰ 8 ਲੱਖ ਸਾਲਾਨਾ ਤਨਖ਼ਾਹ ’ਤੇ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ ਬੈਂਕ ਨੇ ਕੈਂਪਸ ਪਲੇਸਮੈਂਟ 2019-20 ਦੌਰਾਨ ਇੱਕੋ ਦਿਨ ’ਚ 95 ਵਿਦਿਆਰਥੀਆਂ ਨੂੰ ਪੇਸ਼ਕਸ਼ ਪੱਤਰ ਪ੍ਰਦਾਨ ਕਰਕੇ ਵੱਡਾ ਰਿਕਾਰਡ ਸਿਰਜਿਆ ਹੈ। ਉਨ੍ਹਾਂ ਦੱਸਿਆ ਕਿ 5 ਲੱਖ ਜਾਂ ਇਸ ਤੋਂ ਵੱਧ ਪੈਕੇਜ਼ ਦੀ ਪੇਸ਼ਕਸ਼ ਕਰਨ ਵਾਲੀਆਂ ਮਲਟੀ ਨੈਸ਼ਨਲ ਕੰਪਨੀਆਂ ’ਚ 30 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਗਿਣਤੀ ਇਸ ਸਾਲ 50 ਤੱਕ ਪਹੁੰਚ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਆਖਿਆ ਕਿ ’ਵਰਸਿਟੀ ਵੱਲੋਂ ਅਪਣਾਏ ਵਿਸ਼ਵਪੱਧਰੀ ਅਤੇ ਸਮੇਂ ਦੇ ਹਾਣ ਦੇ ਅਕਾਦਮਿਕ ਮਾਡਲ ਸਦਕਾ ਵਿਦਿਆਰਥੀ ਕੈਂਪਸ ਪਲੇਸਮੈਂਟਾਂ ਦੌਰਾਨ ਕੰਪਨੀਆਂ ਅੱਗੇ ਬਿਹਤਰ ਨਜ਼ਰੀਆ ਬਣਾਉਣ ’ਚ ਕਾਮਯਾਬ ਰਹੇ ਹਨ। ਉਦਯੋਗਿਕ ਭਾਈਵਾਲੀ ਅਧੀਨ ਤਿਆਰ ਕੀਤੀਆਂ ਅਕਾਦਮਿਕ ਨੀਤੀਆਂ ਅਤੇ ਟੀਚਿੰਗ-ਲਰਨਿੰਗ ਮਾਡਲਾਂ ਦਾ ਵਿਦਿਆਰਥੀਆਂ ਨੂੰ ਸੰਪੂਰਨ ਸਹਿਯੋਗ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਫਾਈਨਾਂਸ, ਸੇਲਜ਼ ਐਂਡ ਮਾਰਕਟਿੰਗ, ਆਈ.ਟੀ ਅਤੇ ਐਚ.ਆਰ ਦੇ ਸਮਕਾਲੀ ਖੇਤਰ ’ਚ ਐਮ.ਬੀ.ਏ ਦੀ ਪੇਸ਼ਕਸ਼ ਤੋਂ ਇਲਾਵਾ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਵੱਲੋਂ ਆਈ.ਬੀ.ਐਮ, ਐਸ.ਬੀ.ਆਈ. ਟੈਲੀ, ਐਸ.ਐਚ.ਆਰ.ਐਮ ਆਦਿ ਦੀ ਭਾਈਵਾਲੀ ਅਧੀਨ ਉਭਰ ਰਹੇ ਖੇਤਰ ਬਿਜ਼ਨਸ ਐਲਾਲੀਟਿਕਸ, ਬੈਂਕਿੰਗ ਐਂਡ ਫਾਈਨਾਂਸ ਇੰਜੀਨੀਅਰਿੰਗ, ਸਟ੍ਰੈਟਜ਼ਿਕ ਐਚ.ਆਰ, ਇੰਟਰਨੈਸ਼ਨਲ ਬਿਜਨਸ ਅਤੇ ਇੰਟਰਪ੍ਰਨਿਊਰਸ਼ਿਪ ਐਂਡ ਰੀਟੇਲ ਮੈਨੇਜਮੈਂਟ ਆਦਿ ’ਚ ਕੋਰਸਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।