ਇਹਦੇ ਕਿਰਦਾਰ ਦੇ ਵਿਚ ਕੁਝ ਨਹੀਂ ਹੈ।
ਮੇਰੀ ਸਰਕਾਰ ਦੇ ਵਿਚ ਕੁਝ ਨਹੀਂ ਹੈ।
ਨਹੀਂ ਇਨਸਾਫ਼ ਏਥੇ ਤਾਂ ਕਹਾਂਗਾ
ਤੇਰੇ ਦਰਬਾਰ ਦੇ ਵਿਚ ਕੁਝ ਨਹੀਂ ਹੈ।
ਇਹਦੇ ਵਿਚ ਚੁਟਕਲੇ ਹੀ ਰਹਿ ਗਏ ਬਸ
ਵਿਕੇ ਅਖ਼ਬਾਰ ਦੇ ਵਿਚ ਕੁਝ ਨਹੀਂ ਹੈ।
ਤੂੰ ਨਫ਼ਰਤ ਰੇਤ ਪਾ ਕੇ ਜੋ ਬਣਾਈ
ਉਹੋ ਦੀਵਾਰ ਦੇ ਵਿਚ ਕੁਝ ਨਹੀਂ ਹੈ।
ਕਿਸੇ ਨਿਰਦੋਸ਼ ਨੂੰ ਜੇ ਮਾਰਦੀ ਤਾਂ
ਤੇਰੀ ਤਲਵਾਰ ਦੇ ਵਿਚ ਕੁਝ ਨਹੀਂ ਹੈ।
ਜੇ ਵੈਰੀ ਹੀ ਨਾ ਡਰਿਆ ਇਸ ਤੋਂ ਤਾਂ ਫਿਰ
ਤੇਰੀ ਯਲਗਾਰ ਦੇ ਵਿਚ ਕੁਝ ਨਹੀਂ ਹੈ।
ਭਰੋਸਾ ਹੀ ਨਹੀਂ ਇਸ ਤੇ ਕਿਸੇ ਨੂੰ
ਤੇਰੇ ਇਕਰਾਰ ਦੇ ਵਿਚ ਕੁਝ ਨਹੀਂ ਹੈ।
ਨਿਬੇੜਾ ਸਹਿਮਤੀ ਦੇ ਨਾਲ ਹੋਣਾ
ਕਿਸੇ ਤਕਰਾਰ ਦੇ ਵਿਚ ਕੁਝ ਨਹੀਂ ਹੈ।