ਵਾਸ਼ਿੰਗਟਨ – ਅਮਰੀਕਾ ਵਿੱਚ ਇਸ ਸਮੇਂ ਦੇਸ਼ ਦੀ ਆਬਾਦੀ ਦੇ ਇੱਕ ਤਿਹਾਈ ਦੇ ਕਰੀਬ ਲੋਕਾਂ ਨੂੰ ਹੁਣ ਤੱਕ ਕੋਰੋਨਾ ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਜਾ ਚੁੱਕਾ ਹੈ। ਕੋਵਿਡ ਡੇਟਾ ਡਾਇਰੈਕਟਰ ਸਾਈਰਸ ਸ਼ੇਹਪੁਰ ਅਨੁਸਾਰ ਯੂਐਸ ਵਿੱਚ 10 ਕਰੋੜ ਤੋਂ ਵੱਧ ਲੋਕਾਂ ਨੂੰ ਡੋਜ਼ ਦੇਣ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਪਿੱਛਲੇ ਹਫ਼ਤੇ ਤੋਂ ਹਰਰੋਜ਼ 30 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਸ਼ੁਕਰਵਾਰ ਨੂੰ 40 ਲੱਖ ਤੋਂ ਵੀ ਵੱਧ ਅਮਰੀਕਾ ਨਿਵਾਸੀਆਂ ਨੂੰ ਵੈਕਸੀਨ ਲਗਾਈ ਗਈ।
ਰਾਸ਼ਟਰਪਤੀ ਜੋ ਬਾਈਡਨ ਨੇ ਮਈ ਦੇ ਅੰਤ ਤੱਕ ਸਾਰੇ ਦੇਸ਼ਵਾਸੀਆਂ ਨੂੰ ਵੈਕਸੀਨ ਮੁਹਈਆ ਕਰਵਾਏ ਜਾਣ ਦਾ ਟੀਚਾ ਰੱਖਿਆ ਸੀ। ਅਮਰੀਕਾ ਵਿੱਚ ਇਸ ਸਮੇਂ ਮੋਡਰਨਾ, ਫਾਈਜਰ ਅਤੇ ਜਾਨਸਨ ਦੀ ਵੈਕਸੀਨ ਦਿੱਤੀ ਜਾ ਰਹੀ ਹੈ। ਵੈਕਸੀਨ ਦੇਣ ਦੇ ਲਈ ਹਸਪਤਾਲਾਂ ਤੋਂ ਇਲਾਵਾ ਹੋਰ ਪਬਲਿਕ ਸਥਾਨਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਅਮਰੀਕੀ ਖਾਧ ਅਤੇ ਮੈਡੀਕਲ ਵਿਭਾਗ ਨੇ ਮੋਡਰਨਾ ਦੇ ਕੋਵਿਡ-19 ਦੀ ਵੈਕਸੀਨ ਵਿੱਚ ਦੋ ਬਦਲਾਅ ਕੀਤੇ ਜਾਣ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਜਿਸ ਨਾਲ ਹਰ ਇੱਕ ਸ਼ੀਸ਼ੀ ਵਿੱਚੋਂ ਵਾਧੂ ਡੋਜ਼ ਮਿਲ ਸਕਣਗੇ। ਮੋਡਰਨਾ ਦੀਆਂ ਨਵੀਆਂ ਸ਼ੀਸ਼ੀਆਂ ਨੂੰ ਮਨਜੂਰੀ ਮਿਲਣ ਨਾਲ ਹੁਣ ਹਰੇਕ ਸ਼ੀਸ਼ੀ ਵਿੱਚ 10 ਡੋਜ਼ਾਂ ਦੀ ਜਗ੍ਹਾ 15 ਡੋਜ਼ ਆ ਸਕਣਗੇ।