ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਨਵੇਂ ਵਰ੍ਹੇ ਦੇ ਪਹਿਲੇ ਦਿਨ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਡੀਨ ਡਾਇਰੈਕਟਰ ਸਾਹਿਬਾਨ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਨੇ ਸਾਲ 2010 ਦੌਰਾਨ ਖੇਤੀਬਾੜੀ ਖੋਜ, ਸਿੱਖਿਆ ਅਤੇ ਪਸਾਰ ਦੇ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਹ ਸਭ ਕੁਝ ਵਿਗਿਆਨੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਨਾਲ ਨਾਲ ਕਿਸਾਨਾਂ ਦੀ ਮਿਹਨਤ ਸਦਕਾ ਸੰਭਵ ਹੋ ਸਕਿਆ ਹੈ। ਉਨ੍ਹਾਂ ਆਖਿਆ ਕਿ ਟੀਮ ਭਾਵਨਾ ਨਾਲ ਸਾਲ 2011 ਨੂੰ ਵੀ ਅਸੀਂ ਪ੍ਰਾਪਤੀਆਂ ਦਾ ਵਰ੍ਹਾਂ ਬਣਾਉਣਾ ਹੈ। ਡਾ: ਕੰਗ ਨੇ ਆਖਿਆ ਕਿ ਉਚੇਰੀਆਂ ਪ੍ਰਾਪਤੀਆਂ ਲਈ ਉਚੇਰੇ ਆਦਰਸ਼ ਮਿਥਣੇ ਜ਼ਰੂਰੀ ਹਨ ਅਤੇ ਉਚੇਰੇ ਆਦਰਸ਼ ਮਿਥਣ ਲਈ ਉੱਚੀ ਸੁੱਚੀ ਸੋਚ ਦਾ ਪ੍ਰਕਾਸ਼ ਲਾਜ਼ਮੀ ਹੈ। ਡਾ: ਕੰਗ ਨੇ ਇਸ ਮੌਕੇ ਆਪਣੇ ਦੋਸਤ ਵਿਗਿਆਨੀ ਡਾ: ਬਿਕਰਮ ਗਿੱਲ ਵੱਲੋਂ ਭੇਜੀ ਪੰਜਾਬੀ ਨਜ਼ਮ ਪੜ੍ਹ ਕੇ ਸੁਣਾਈ ਜਿਸ ਦਾ ਮੰਤਵ ਹੋਰ ਉਚੇਰੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਿਰਤੋੜ ਯਤਨਾਂ ਦੀ ਹਮਾਇਤ ਸੀ। ਡਾ: ਕੰਗ ਨੇ ਵਿਸ਼ਵ ਪ੍ਰਸਿੱਧ ਚਿੰਤਕਾਂ ਦੇ ਹਵਾਲੇ ਨਾਲ ਉਤਸ਼ਾਹ ਭਰਪੂਰ ਟਿੱਪਣੀਆਂ ਕੀਤੀਆਂ ਜਿਨ੍ਹਾਂ ਦਾ ਮੰਤਵ ਦਰਮਿਆਨੀ ਸਥਿਤੀ ਵਿਚੋਂ ਨਿਕਲ ਕੇ ਸਿਖ਼ਰਲੇ ਡੰਡੇ ਤੇ ਪਹੁੰਚਣ ਦਾ ਵਿਸ਼ਵਾਸ਼ ਹਾਜ਼ਰ ਸੀ।
ਡਾ: ਕੰਗ ਨੇ ਆਖਿਆ ਕਿ ਨਵਾਂ ਸਾਲ ਆਤਮ ਚਿੰਤਨ ਦਾ ਦਿਹਾੜਾ ਬਣਾਉਣਾ ਚਾਹੀਦਾ ਹੈ ਤਾਂ ਜੋ ਭਵਿਖਮੁਖੀ ਯੋਜਨਾਵਾਂ ਸੰਬੰਧੀ ਸਹੀ ਫੈਸਲੇ ਲਏ ਜਾ ਸਕਣ। ਉਨ੍ਹਾਂ ਆਖਿਆ ਕਿ ਵਿਗਿਆਨੀਆਂ ਸਾਹਮਣੇ ਵੱਡੀਆਂ ਵੰਗਾਰਾਂ ਹਨ ਅਤੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਵਾਲੀ ਸੰਸਥਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਗੋਲਡਨ ਜੁਬਲੀ ਵਰ੍ਹਾ ਵੀ 2012 ਵਿੱਚ ਆ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਵਰ੍ਹੇ ਨੂੰ ਸਮਰਪਿਤ ਯੂਨੀਵਰਸਿਟੀ ਦੇ ਪ੍ਰਵੇਸ਼ ਦੁਆਰ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ।
ਉਚੇਰੇ ਆਦਰਸ਼ਾਂ ਦੀ ਪ੍ਰਾਪਤੀ ਲਈ ਨਵਾਂ ਸਾਲ ਸਮਰਪਿਤ ਕਰੋ-ਡਾ: ਕੰਗ
This entry was posted in ਖੇਤੀਬਾੜੀ.