ਮਦਰਾਸ – ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨਾਲ ਪੂਰੇ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਹੈ। ਮਦਰਾਸ ਹਾਈਕੋਰਟ ਨੇ ਇਸ ਮਹਾਂਮਾਰੀ ਨੂੰ ਫੈਲਾਉਣ ਲਈ ਚੋਣ ਕਮਿਸ਼ਨ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਚੰਗੀ ਫਿਟਕਾਰ ਲਗਾਈ ਹੈ। ਹਾਈਕੋਰਟ ਨੇ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਦੇ ਲਈ ਜੇ ਕਿਸੇ ਇੱਕ ਧਿਰ ਨੂੰ ਜਿੰਮੇਵਾਰ ਠਹਿਰਾਉਣਾ ਹੋਵੇ ਤਾਂ ਸਿਰਫ਼ ਚੋਣ ਆਯੋਗ ਹੀ ਜਿੰਮੇਵਾਰ ਹੈ। ਅਦਾਲਤ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਚੋਣ ਰੈਲੀਆਂ ਤੇ ਰੋਕ ਨਹੀਂ ਲਗਾਈ ਗਈ। ਇਸ ਦੇ ਲਈ ਚੋਣ ਆਯੋਗ ਦੇ ਅਧਿਕਾਰੀਆਂ ਦੇ ਉਪਰ ਹੱਤਿਆ ਦਾ ਮਾਮਲਾ ਚਲਾਇਆ ਜਾਣਾ ਚਾਹੀਦਾ ਹੈ।
ਚੀਫ਼ ਜਸਟਿਸ ਸਨਿਬ ਬੈਨਰਜੀ ਨੇ ਬਹੁਤ ਗੁਸੇ ਵਿੱਚ ਚੋਣ ਕਮਿਸ਼ਨ ਤੋਂ ਪੁੱਛਿਆ, ‘ਜਦੋਂ ਚੋਣ ਰੈਲੀਆਂ ਹੋ ਰਹੀਆਂ ਸਨ, ਤਾਂ ਕੀ ਤੁਸੀਂ ਉਸ ਸਮੇਂ ਕਿਸੇ ਦੂਸਰੇ ਗ੍ਰਹਿ ਤੇ ਸੀ? ਰੈਲੀਆਂ ਦੌਰਾਨ ਟੁੱਟ ਰਹੇ ਪ੍ਰੋਟੋਕਾਲ ਨੂੰ ਆਪ ਨੇ ਨਹੀਂ ਰੋਕਿਆ। ਬਿਨਾਂ ਸੋਸ਼ਲ ਡਿਸਟਿੰਗ ਦੇ ਚੋਣ ਰੈਲੀਆਂ ਹੁੰਦੀਆਂ ਰਹੀਆਂ। ਅੱਜ ਜੋ ਸਥਿਤੀ ਹੈ, ਉਸ ਦੇ ਲਈ ਇਹ ਸੰਸਥਾ ਹੀ ਜਿੰਮੇਵਾਰ ਹੈ। ਕੋਰੋਨਾ ਦੀ ਦੂਸਰੀ ਲਹਿਰ ਦੇ ਲਈ ਆਪ ਹੀ ਜਿੰਮੇਵਾਰ ਹੋ। ਚੋਣ ਆਯੋਗ ਦੇ ਅਧਿਕਾਰੀਆਂ ਤੇ ਹੱਤਿਆ ਦਾ ਕੇਸ ਚੱਲਣਾ ਚਾਹੀਦਾ ਹੈ।’
ਅਦਾਲਤ ਨੇ ਇਹ ਵੀ ਕਿਹਾ ਕਿ 2 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੀ ਤਿਆਰੀ ਸਬੰਧੀ ਜੁੜੀ ਗਾਈਡਲਾਈਨਜ਼ ਅਤੇ ਉਸ ਨਾਲ ਜੁੜੇ ਬਲਿਯੂ ਪ੍ਰਿੰਟ ਤਿਆਰ ਕਰਕੇ ਨਹੀਂ ਦੱਸਿਆ ਗਿਆ ਤਾਂ ਉਸ ਤੇ ਵੀ ਰੋਕ ਲਗਾਈ ਜਾਵੇਗੀ।ਕੋਰਟ ਨੇ ਚੋਣ ਆਯੋਗ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਸਿਹਤ ਸਕੱਤਰ ਦੇ ਨਾਲ ਮਿਲ ਕੇ 2 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਲਈ ਪਲਾਨ ਤਿਆਰ ਕਰੇ। ਅਦਾਲਤ ਨੇ 30 ਅਪਰੈਲ ਤੱਕ ਪਲਾਨ ਤਿਆਰ ਕਰਕੇ ਦੇਣ ਲਈ ਕਿਹਾ ਹੈ।
ਹਾਈਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਜਨਤਾ ਦੀ ਸਿਹਤ ਦਾ ਮੱਸਲਾ ਸੱਭ ਤੋਂ ਅਹਿਮ ਹੈ, ਪਰ ਚਿੰਤਾ ਦੀ ਗੱਲ ਇਹ ਹੈ ਕਿ ਅਦਾਲਤ ਨੂੰ ਇਹ ਯਾਦ ਦਿਵਾਉਣਾ ਪੈ ਰਿਹਾ ਹੈ। ਇਸ ਸਮੇਂ ਸਥਿਤੀ ਅਜਿਹੀ ਹੈ ਕਿ ਜਿਊਂਦਾ ਰਹਿਣ ਦੇ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਫਿਰ ਵੀ ਚੋਣ ਕਮਿਸ਼ਨ ਨੇ ਚੋਣ ਰੈਲੀਆਂ ਤੇ ਰੋਕ ਲਗਾਉਣ ਲਈ ਕੋਈ ਕਦਮ ਨਹੀਂ ਉਠਾਇਆ।