ਲੁਧਿਆਣਾ:-ਵਾਤਾਵਰਨ ਸੰਭਾਲ ਅਤੇ ਰਵਾਇਤੀ ਰੁੱਖਾਂ ਦੀ ਪਰਵਰਿਸ਼ ਲਈ ਕਾਇਮ ਸੰਸਥਾ ਨੇਚਰ ਟਰੀ ਫਾਉਂਡੇਸ਼ਨ ਨੇ ਨੌਜੁਆਨ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਅਗਲੇ ਪੰਜ ਸਾਲ ਲਈ ਆਪਣਾ ਬਰਾਂਡ ਅੰਬੈਸਡਰ ਚੁਣਿਆ ਹੈ। ਇਹ ਜਾਣਕਾਰੀ ਦਿੰਦਿਆਂ ਨੇਚਰ ਟਰੀ ਫਾਉਂਡੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਕੈਨੇਡਾ ਵਸਦੇ ਮੀਡੀਆ ਕਰਮੀ ਸ਼੍ਰੀ ਇਕਬਾਲ ਮਾਹਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਮਨਜੀਤ ਮਾਹਲ ਦੀ ਪ੍ਰੇਰਨਾ ਅਤੇ ਉਤਸ਼ਾਹ ਸਦਕਾ ਬੀਤੀ ਸ਼ਾਮ ਲੁਧਿਆਣਾ ਦੇ ਫਾਰਚੂਨ ਕਲਾਸਿਕ ਹੋਟਲ ਵਿੱਚ ਸਤਿੰਦਰ ਸਰਤਾਜ ਦੀ ਇਸ ਨਾਮਜ਼ਦਗੀ ਦਾ ਐਲਾਨ ਕੀਤਾ ਗਿਆ । ਇਸ ਮੌਕੇ ਸਤਿੰਦਰ ਸਰਤਾਜ ਨੂੰ ਸ਼ਿਵ ਕੁਮਾਰ ਬਟਾਲਵੀ ਦੇ ਰੁੱਖਾਂ ਨਾਲ ਸਬੰਧਿਤ ਕਵਿਤਾ ਦਾ ਪੋਸਟਰ ਭੇਂਟ ਕੀਤਾ ਗਿਆ। ਇਸ ਪੋਸਟਰ ਨੂੰ ਉੱਘੇ ਚਿਤਰਕਾਰ ਸੁਖਵੰਤ ਨੇ ਚਿਤਰਿਆ ਹੈ।
ਇਸ ਮੌਕੇ ਬੋਲਦਿਆਂ ਸਤਿੰਦਰ ਸਰਤਾਜ ਨੇ ਆਖਿਆ ਕਿ ਨੇਚਰ ਟਰੀ ਫਾਉਂਡੇਸ਼ਨ ਵੱਲੋਂ ਮਿਲੇ ਇਸ ਮਾਣ ਅਤੇ ਵਿਸ਼ਵਾਸ਼ ਦੀ ਪੂਰਤੀ ਲਈ ਉਹ ਰੁੱਖਾਂ ਦੀ ਸਲਾਮਤੀ ਅਤੇ ਵਾਤਾਵਰਨ ਸੰਭਾਲ ਸੰਬੰਧੀ ਇਕ ਵਿਸ਼ੇਸ਼ ਨਜ਼ਮ ਲਿਖ ਕੇ ਦੇਣਗੇ ਅਤੇ ਉਸ ਦੀ ਰਿਕਾਰਡਿੰਗ ਵੀ ਆਪਣੀ ਆਵਾਜ਼ ਵਿੱਚ ਇਸ ਸੰਸਥਾ ਨੂੰ ਭੇਂਟ ਕਰਨਗੇ ਤਾਂ ਜੋ ਉਹ ਸੁਨੇਹਾ ਪੂਰੇ ਵਿਸ਼ਵ ਵਿੱਚ ਫੈਲ ਸਕੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਫੁੱਲਾਂ ਅਤੇ ਰੁੱਖਾਂ ਨੂੰ ਆਪਣੇ ਗੀਤਾਂ ਵਿੱਚ ਪਰੋਇਆ ਹੈ ਤਾਂ ਜੋ ਨੌਜੁਆਨ ਪੀੜ੍ਹੀ ਨੂੰ ਵਾਤਾਵਰਨ ਚੇਤਨਾ ਦਾ ਹਿੱਸਾ ਬਣਾਇਆ ਜਾ ਸਕੇ।
ਇਸ ਮੌਕੇ ਬੋਲਦਿਆਂ ਕੈਨੇਡਾ ਵਸਦੇ ਉੱਘੇ ਮੀਡੀਆ ਕਰਮੀ ਸ੍ਰੀ ਇਕਬਾਲ ਮਾਹਲ ਨੇ ਆਖਿਆ ਕਿ ਹਰ ਕਲਾਕਾਰ ਨੂੰ ਸਮਾਜ ਲਈ ਸਾਰਥਿਕ ਕਾਰਜਾਂ ਦਾ ਮੋਢੀ ਬਣਨਾ ਚਾਹੀਦਾ ਹੈ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਜਿਵੇਂ ਹਰਭਜਨ ਮਾਨ ਨੇ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਦੀ ਸਲਾਮਤੀ ਲਈ ਵਡਮੁੱਲਾ ਹਿੱਸਾ ਪਾਇਆ ਹੈ ਅਤੇ ਸਾਡੀ ਸੰਸਥਾ ਦਾ ਸੁਨੇਹਾ ਪੂਰੇ ਵਿਸ਼ਵ ਵਿੱਚ ਪਹੁੰਚਿਆ ਹੈ ਉਵੇਂ ਹੀ ਸਤਿੰਦਰ ਸਰਤਾਜ ਰਾਹੀਂ ਵੀ ਇਹ ਸੁਨੇਹਾ ਪੂਰੇ ਸਮਾਜ ਲਈ ਸਾਰਥਿਕ ਬਣੇਗਾ। ਲੋਕ ਭਲਾਈ ਪਾਰਟੀ ਦੇ ਪ੍ਰਧਾਨ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਇਸ ਮੌਕੇ ਹਰਭਜਨ ਮਾਨ ਅਤੇ ਸਤਿੰਦਰ ਸਰਤਾਜ ਨੂੰ ਮੁਬਾਰਕਬਾਦ ਦਿੱਤੀ ਜਿਨ੍ਹਾਂ ਨੇ ਦੋ ਪ੍ਰਮੁਖ ਵਿਸ਼ਿਆਂ ਲਈ ਆਪਣੀ ਕਲਾ ਨੂੰ ਵਰਤਣ ਦਾ ਪ੍ਰਣ ਕੀਤਾ ਹੈ ਅਤੇ ਦੋ ਪ੍ਰਮੁਖ ਸੰਸਥਾਵਾਂ ਨੇ ਇਨ੍ਹਾਂ ਦੋਹਾਂ ਕਲਾਕਾਰਾਂ ਤੇ ਵਿਸ਼ਵਾਸ਼ ਦੇ ਨਾਲ ਨਾਲ ਵੱਡੀ ਜਿੰਮੇਂਵਾਰੀ ਵੀ ਪਾਈ ਹੈ। ਇਸ ਮੌਕੇ ਉੱਘੇ ਗਾਇਕ ਕਮਲਜੀਤ ਨੀਲੋਂ, ਪਵਨਦੀਪ ਖੰਨਾ, ਡਾ: ਹੀਰਾ ਸਿੰਘ ਤੋਂ ਇਲਾਵਾ ਕਈ ਹੋਰ ਪ੍ਰਮੁਖ ਵਿਅਕਤੀ ਵੀ ਹਾਜ਼ਰ ਸਨ।