ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਦਲ ਦੇ ਸੀਨੀਅਰ ਮੁਖੀ ਸ. ਬਲਵਿੰਦਰ ਮੋਹਨ ਸਿੰਘ ਸੰਧੂ ਨੇ ਆਪਣੇ ਸੈਂਕੜੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅਲਵਿਦਾ ਆਖ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਗੁਰੂ ਗੋਬਿੰਦ ਸਿੰਘ ਭਵਨ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਸ. ਬਲਵਿੰਦਰ ਮੋਹਨ ਸਿੰਘ ਸੰਧੂ ਨੇ ਆਪਣੇ ਸਾਥੀਆਂ ਸਹਿਤ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਅਤੇ ਉਨ੍ਹਾਂ ਦੀਆਂ ਪੰਥਕ ਹਿਤ ਵਿਚ ਅਪਨਾਈਆਂ ਗਈਆਂ ਹੋਈਆਂ ਨੀਤੀਆਂ ਪ੍ਰਤੀ ਵਿਸ਼ਵਾਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ, ਦਿੱਲੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ. ਸੰਧੂ ਨੇ ਇਸ ਮੌਕੇ ਤੇ ਕਿਹਾ ਕਿ ਉਨ੍ਹਾਂ ਬਾਦਲ ਅਕਾਲੀ ਦਲ ਦੇ ਟਿਕਟ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੰਨ ਵਾਰ ਚੋਣ ਲੜੀ, ਇਸ ਦੌਰਾਨ ਉਨ੍ਹਾਂ ਵੇਖਿਆ ਕਿ ਬਾਦਲ ਅਕਾਲੀ ਦਲ ਵਿਚ ਨਾ ਤਾਂ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਕੋਈ ਪੁੱਛ-ਗਿੱਛ ਅਤੇ ਨਾ ਹੀ ਵਰਕਰਾਂ ਦੀ ਸੁਣਵਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਬੀਤੇ ਦੋ-ਤਿੰਨ ਵਰ੍ਹਿਆਂ ਤੋਂ ਬਾਦਲ ਅਕਾਲੀ ਦਲ ਵਿਚ ਘੁਟਣ ਮਹਿਸੂਸ ਕਰ ਰਹੇ ਸਨ ਅਤੇ ਉਸ ਦੇ ਆਗੂਆਂ ਵਲੋਂ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਅਤੇ ਪੰਥ ਦੇ ਹਿਤਾਂ ਨੂੰ ਢਾਹ ਲਾਉਣ ਦੀਆਂ ਅਪਨਾਈਆਂ ਗਈਆਂ ਹੋਈਆਂ ਨੀਤੀਆਂ ਤੋਂ ਬਹੁਤ ਹੀ ਦੁਖੀ ਸਨ। ਉਨ੍ਹਾਂ ਕਿਹਾ ਕਿ ਸ. ਪਰਮਜੀਤ ਸਿੰਘ ਸਰਨਾ ਵਲੋਂ ਗੁਰਧਾਮਾਂ ਦੀ ਦਿੱਖ ਸੰਵਾਰਨ ਅਤੇ ਸੰਗਤਾਂ ਦੇ ਲਈ ਸਹੂਲਤਾਂ ਵਧਾਉਣ ਦੇ ਕੀਤੇ ਜਾ ਰਹੇ ਜਤਨਾਂ ਅਤੇ ਸਿੱਖਾਂ ਦੇ ਹਿਤਾਂ ਅਧਿਕਾਰਾਂ ਲਈ ਕੀਤੀ ਜਾ ਰਹੀ ਦ੍ਰਿੜਤਾ ਪੂਰਨ ਪੈਰਵੀ ਤੋਂ ਉਹ ਬਹੁਤ ਪ੍ਰਭਾਵਤ ਹਨ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ, ਸੀਨੀਅਰ ਮੀਤ ਪ੍ਰਧਾਨ ਜ. ਗੁਰਚਰਨ ਸਿੰਘ ਗਤਕਾ ਮਾਸਟਰ, ਸ. ਗੁਰਮੀਤ ਸਿੰਘ ਮੀਤਾ, ਸ. ਗੁਰਸ਼ਰਨ ਸਿੰਘ ਸੰਧੂ, ਸ. ਹਰਮੀਤ ਸਿੰਘ ਕਾਲਕਾਜੀ ਆਦਿ ਮੁੱਖੀਆਂ ਨੇ ਸ. ਬਲਵਿੰਦਰ ਮੋਹਨ ਸਿੰਘ ਸੰਧੂ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਵਿਚ ਸ਼ਾਮਲ ਹੋਣ ਦਾ ਸੁਆਗਤ ਕਰਦਿਆਂ ਸਿਰੋਪਾਉ ਦੀ ਬਖਸ਼ਸ਼ ਕਰ ਉਨ੍ਹਾਂ ਨੂੰ ਸਨਮਾਨਤ ਕੀਤਾ।
ਸ. ਬਲਵਿੰਦਰ ਮੋਹਨ ਸਿੰਘ ਸੰਧੂ ਆਪਣੇ ਸੈਂਕੜੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ
This entry was posted in ਭਾਰਤ.