ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਅਸਮਾਨੀ ਬਿਜਲੀ ਨੇ ਇੱਕ 9 ਸਾਲਾਂ ਬੱਚੇ ਉੱਪਰ ਆਪਣਾ ਕਹਿਰ ਢਾਹਿਆ ਹੈ। ਲੈਂਕਾਸ਼ਾਇਰ ਦੇ ਬਲੈਕਪੂਲ ਵਿੱਚ ਫੁੱਟਬਾਲ ਦੇ ਮੈਦਾਨ ਵਿੱਚ ਖੇਡਣ ਦੌਰਾਨ ਇੱਕ ਨੌਂ ਸਾਲਾ ਲੜਕੇ ਦੀ ਸ਼ਾਮ ਦੇ ਤਕਰੀਬਨ 5 ਵਜੇ ਅਚਾਨਕ ਆਏ ਤੂਫਾਨ ਕਾਰਨ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੇ ਲੜਕੇ ਨੂੰ ਗੰਭੀਰ ਰੂਪ ਵਿੱਚ ਹਸਪਤਾਲ ਪਹੁੰਚਾਇਆ ਪਰ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ। ਲੈਂਕਾਸ਼ਾਇਰ ਪੁਲਿਸ ਵਿਭਾਗ ਅਨੁਸਾਰ ਇਸ ਹਾਦਸੇ ਬਾਰੇ ਪੁੱਛਗਿੱਛ ਜਾਰੀ ਹੈ, ਪਰ ਇਸ ਘਟਨਾ ਅਸਮਾਨੀ ਬਿਜਲੀ ਨਾਲ ਵਾਪਰੀ ਹੈ। ਸਪੀਰਿਟ ਆਫ ਯੂਥ ਜੂਨੀਅਰ ਫੁੱਟਬਾਲ ਕਲੱਬ ਨੇ ਦੱਸਿਆ ਕਿ ਉਸ ਸਮੇਂ ਨੌਜਵਾਨ ਲੜਕੇ ਦਾ ਇੱਕ ਨਿੱਜੀ ਕੋਚ ਸੈਸ਼ਨ ਸੀ ਅਤੇ ਕਲੱਬ ਦੇ ਸੈਕਟਰੀ ਡੈਨੀਅਲ ਪੈਕ ਨੇ ਕਿਹਾ ਕਿ ਤਿੰਨ ਟੀਮਾਂ ਨੇ ਸ਼ਾਮ ਨੂੰ ਸਿਖਲਾਈ ਦੇਣੀ ਸੀ ਪਰ ਤੂਫਾਨ ਕਾਰਨ ਸੈਸ਼ਨ ਰੱਦ ਕਰ ਦਿੱਤੇ ਗਏ ਸਨ। ਅਧਿਕਾਰੀਆਂ ਨੇ ਇਸਨੂੰ ਇੱਕ ਵਿਨਾਸ਼ਕਾਰੀ ਘਟਨਾ ਦੱਸਦਿਆਂ ਲੜਕੇ ਦੇ ਪਰਿਵਾਰ ਅਤੇ ਦੋਸਤਾਂ ਨਾਲ ਦੁੱਖ ਪ੍ਰਗਟ ਕੀਤਾ ਹੈ। ਇਸ ਹਾਦਸੇ ਦੇ ਬਾਅਦ ਪੁਲਿਸ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਨੇੜੇ ਦੇ ਖੇਤਰ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ ।
ਯੂਕੇ ‘ਚ ਬਲੈਕਪੂਲ ਵਿੱਚ ਫੁੱਟਬਾਲ ਖੇਡਦੇ 9 ਸਾਲਾਂ ਬੱਚੇ ‘ਤੇ ਡਿੱਗੀ ਅਸਮਾਨੀ ਬਿਜਲੀ, ਮੌਤ
This entry was posted in ਅੰਤਰਰਾਸ਼ਟਰੀ.