ਚੰਡੀਗੜ੍ਹ – ਕੋਰੋਨਾ ਕਾਲ ਦੌਰਾਨ ਪੈਦਾ ਹੋਏ ਅਨਿਸ਼ਚਿਤਤਾ ਦੇ ਦੌਰ ’ਚ ਵਿਦਿਆਰਥੀ ਭਾਈਚਾਰੇ ਅਤੇ ਲੋਕਾਂ ਦੀ ਮਾਨਸਿਕ ਸਿਹਤ ਦੀ ਤੰਦਰੁਸਤੀ ਯਕੀਨੀ ਬਣਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਸੀਯੂ-ਏਡ ਤਹਿਤ ’ਸੀਯੂ ਕੋਵਿਡ ਕੇਅਰ’ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦਾ ਉਦਘਾਟਨ ਅੱਜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਵੱਲੋਂ ਕੀਤਾ ਗਿਆ। ਕੋਰੋਨਾ ਕਾਲ ’ਚ ਮਹਾਂਮਾਰੀ ਸਬੰਧੀ ਸਾਵਧਾਨੀਆਂ, ਇਲਾਜ ਅਤੇ ਮਾਨਸਿਕ ਰੋਗਾਂ ਤੋਂ ਬਚਣ ਸਬੰਧੀ ਕਾਊਂਸਲਿੰਗ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ’ਸੀਯੂ ਕੋਵਿਡ ਕੇਅਰ’ ਤਹਿਤ ਨਿਵੇਕਲੀ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ। ਕੋਵਿਡ-19 ਸਬੰਧੀ ਸਾਵਧਾਨੀਆਂ, ਮਨੋਵਿਗਿਆਨਿਕ ਕਾਊਂਸਲਿੰਗ, ਮੈਡੀਕਲ ਉਪਾਵਾਂ ਸਬੰਧੀ 1800 203 0019 ਟੋਲ ਫ਼੍ਰੀ ਨੰਬਰ ਜਾਰੀ ਕੀਤਾ ਗਿਆ ਹੈ। ਜਿਸ ਦੇ ਮਾਧਿਅਮ ਰਾਹੀਂ ਸਮੇਂ ਸਮੇਂ ’ਤੇ ਯੋਗ ਸਿਹਤ ਮਾਹਿਰਾਂ ਦੀ ਟੀਮਾਂ ਵੱਲੋਂ ਮੈਡੀਕਲ ਅਤੇ ਜਾਗਰੂਕਤਾ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ’ਚ ਮਨੋਚਕਿਤਸਕ, ਡਾਈਟੀਸ਼ੀਅਨ ਅਤੇ ਮੈਡੀਕਲ ਹੈਲਥ ਦੀਆਂ ਟੀਮਾਂ ਸ਼ਾਮਲ ਹੋਣਗੀਆਂ।
ਹੈਲਪਲਾਈਨ ਦੇ ਸਹਿਯੋਗ ਨਾਲ ਲੋਕਾਂ ਨੂੰ ਸਰਕਾਰੀ ਗਾਈਡਲਾਈਨਜ਼ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਜਦਕਿ ਹੈਲਪਲਾਈਨ ਦੀ ਸਹਾਇਤਾ ਨਾਲ ਮਰੀਜ਼ਾਂ ਦੀ ਦੇਖਭਾਲ ਅਤੇ ਰਿਕਵਰੀ, ਠੋਸ ਸਾਵਧਾਨੀਆਂ ਅਤੇ ਜਾਗਰੂਕਤਾ, ਤੰਦਰੁਸਤ ਰਹਿਣ ਲਈ ਕਸਰਤ, ਯੋਗ ਅਤੇ ਮੈਡੀਟੇਸ਼ਨ, ਟੀਕਾਕਰਨ ਰਜਿਸਟ੍ਰੇਸ਼ਨ ਆਦਿ ਮੁੱਦਿਆਂ ਸਬੰਧੀ ਯੋਗ ਮਾਰਗਦਰਸ਼ਨ ਕੀਤਾ ਜਾਵੇਗਾ। ਕੋਰੋਨਾ ਗ੍ਰਸਤ ਮਰੀਜ਼ਾਂ ਨੂੰ ਸ਼ੁਰੂਆਤੀ ਦੌਰ ’ਚ ਹੀ ਮੁੱਢਲੀ ਸਹਾਇਤਾ ਅਤੇ ਇਲਾਜ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਹੈਲਪਲਾਈਨ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਧ ਧਿਆਨ ਦੇਣ ਲਈ ਉਤਸ਼ਾਹਿਤ ਕਰੇਗੀ ਉਥੇ ਹੀ ਸਿਹਤਵੰਦ ਜੀਵਨ ਲਈ ਉਨ੍ਹਾਂ ਨੂੰ ਸਿਹਤ ਸਬੰਧੀ ਢੁੱਕਵੀਂ ਰਾਇ ਵੀ ਪ੍ਰਦਾਨ ਕਰਵਾਏਗੀ।
ਇਸ ਮੌਕੇ ਹੈਲਪਲਾਈਨ ਜਾਰੀ ਕਰਨ ਸਬੰਧੀ ਕਰਵਾਏ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਫੋਰਟਿਸ ਹਸਪਤਾਲ ਤੋਂ ਸਿਹਤ ਮਾਹਿਰ ਡਾ. ਸੰਦੀਪ ਚੋਪੜਾ ਨੇ ਕਿਹਾ ਕਿ ਕੋਵਿਡ ਸਮੇਂ ’ਚ ਡਾਕਟਰ ਜਾਂ ਸਿਹਤ ਮਾਹਿਰ ਦੀ ਸਲਾਹ ਤੋਂ ਬਿਨਾਂ ਦਵਾਈਆਂ ਦੀ ਵਰਤੋਂ ਕਰਨਾ ਤੁਹਾਡੇ ਸਰੀਰ ਲਈ ਨੁਕਸਾਨਦੇਹ ਸਿੱਧ ਹੋ ਸਕਦਾ ਹੈ। ਸਾਨੂੰ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਤੋਂ ਬਚਣ ਦੀ ਲੋੜ ਹੈ ਅਤੇ ਸੋਸ਼ਲ ਮੀਡੀਆ ’ਤੇ ਲੋਕਾਂ ਦੁਆਰਾ ਕਈ ਕਿਸਮਾਂ ਦੇ ਮਿੱਥਾਂ ਅਤੇ ਇਲਾਜ ਦੇ ਤਰੀਕਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਅਜਿਹੀ ਸਥਿਤੀ ’ਚ ਕਿਸੇ ਵੀ ਸਵੈ-ਇਲਾਜ ਤੋਂ ਗੁਰੇਜ਼ ਕਰਦਿਆਂ ਦੇਸੀ ਜਾਂ ਹੋਰ ਦਵਾਈ ਦੀ ਵਰਤੋਂ ਸਿਰਫ਼ ਡਾਕਟਰ ਦੀ ਸਲਾਹ ਤੋਂ ਬਾਅਦ ਕੀਤੀ ਜਾਣੀ ਜ਼ਰੂਰੀ ਹੈ। ਡਾ. ਚੋਪੜਾ ਨੇ ਕਿਹਾ ਕਿ ਮਹਾਂਮਾਰੀ ’ਤੇ ਫ਼ਤਿਹ ਹਾਸਲ ਕਰਨ ਲਈ ਚੰਗੀ ਖੁਰਾਕ, ਪੋਸ਼ਣ ਅਤੇ ਜਾਗਰੂਕਤਾ ਸ਼ੱਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ।ਅਸਲ ’ਚ ਵਾਇਰਸ ਦੀ ਚਪੇਟ ’ਚ ਆਉਣ ’ਤੇ ਖੰਘ, ਤੇਜ਼ ਬੁਖਾਰ, ਸਰੀਰ ਦਰਦ, ਸੁੰਘਣ ਸ਼ਕਤੀ ਦਾ ਚਲੇ ਜਾਣਾ ਵਰਗੀਆਂ ਸਮੱਸਿਆਵਾਂ ਸਮੇਤ ਸਰੀਰ ’ਚ ਥਕਾਵਟ ਅਤੇ ਕਮਜ਼ੋਰੀ ਹੋਣ ਲੱਗਦੀ ਹੈ। ਅਜਿਹੀ ਸਥਿਤੀ ’ਚ ਚੰਗੀ ਖੁਰਾਰ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਕੁਦਰਤੀ ਭੋਜਨ, ਨਾਰੀਅਲ ਪਾਣੀ, ਪ੍ਰੋਟੀਨ ਯੁਕਤ ਭੋਜਨ, ਤਾਜ਼ਾ ਜੂਸ ਆਦਿ ਦਾ ਵਧੇਰੇ ਸੇਵਨ ਕਰਨ ਦੀ ਸਿਫ਼ਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਪੀੜਤਾਂ ਨੂੰ ਘਰ ਦਾ ਸੰਤੁਲਿਤ ਭੋਜਨ ਖਾਣਾ ਜ਼ਰੂਰੀ ਹੈ, ਜਿਸ ’ਚ ਕਾਰੋਬਹਾਈਡ੍ਰੇਟ, ਭਰਪੂਰ ਮਾਤਰਾ ਪ੍ਰੋਟੀਨ, ਐਂਟੀ-ਆਕਸੀਡੈਂਟ, ਵਿਟਾਮਿਨ-ਸੀ ਅਤੇ ਡੀ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।ਉਨ੍ਹਾਂ ਲੋਕਾਂ ਨੂੰ ਜੰਕ ਫੂਡ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੈਲਸ਼ੀਅਮ, ਜ਼ਿੰਕ, ਵਿਟਾਮਿਨ-ਡੀ ਅਤੇ ਸੀ ਦੇ ਸੇਵਨ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ, ਜੋ ਕੋਵਿਡ ਸਮੇਂ ’ਚ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਸਹਾਈ ਸਿੱਧ ਹੋਵੇਗਾ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਕੋਵਿਡ-19 ਦੇ ਸ਼ੁਰੂਆਤੀ ਦੌਰ ਤੋਂ ਹੀ ਸੀਯੂ-ਏਡ ਮੁਹਿੰਮ ਅਧੀਨ ਸਮਾਜਿਕ ਪੱਧਰ ’ਤੇ ਹਰ ਤਰ੍ਹਾਂ ਦਾ ਸਹਿਯੋਗ ਮੁਹੱਈਆ ਕਰਵਾ ਰਹੀ ਹੈ।’ਵਰਸਿਟੀ ਵੱਲੋਂ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ 2000 ਬੈਡਾਂ ਦੀ ਆਈਸੋਲੇਸ਼ਨ ਸਹੂਲਤ ਅਤੇ 200 ਬੈਂਡਾਂ ਦਾ ਕੋਵਿਡ ਕੇਅਰ ਸੈਂਟਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆਂ ਗਿਆ ਸੀ। ਇਸ ਦੇ ਨਾਲ ਹੀ 1 ਲੱਖ ਤੋਂ ਵੱਧ ਲੋੜਵੰਦਾਂ ਨੂੰ ਖਾਣਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨੇੜਲੇ ਪਿੰਡਾਂ ’ਚ ਮੁਫ਼ਤ ਮਾਸਕਾਂ ਅਤੇ ਸੈਨੀਟਾਈਜ਼ਰਾਂ ਦੀ ਵੰਡ ਵੀ ਕੀਤੀ ਗਈ ਸੀ।ਹੁਣ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵੀ ਚੰਡੀਗੜ੍ਹ ਯੂਨੀਵਰਸਿਟੀ ਨੇ ਲੋਕਾਂ ਦੇ ਸਹਿਯੋਗ ਲਈ ਹੱਥ ਅੱਗੇ ਕੀਤਾ ਹੈ। ਜਿਸ ਦੇ ਅੰਤਰਗਤ 100 ਬੈਡਾਂ ਦਾ ਕੋਵਿਡ ਕੇਅਰ ਸੈਂਟਰ ਮੁੜ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਗਿਆ ਹੈ ਅਤੇ ਐਂਬੂਲੈਂਸ ਸੇਵਾਵਾਂ ਦੇ ਨਾਲ-ਨਾਲ ਨੇੜਲੇ ਪਿੰਡਾਂ ’ਚ ਲੋਕਾਂ ਨੂੰ ਕੋਰੋਨਾ ਵਿਰੁੱਧ ਜਾਗਰੂਕ ਕਰਨ ਲਈ ਵੱਖ-ਵੱਖ ਮੁਹਿੰਮਾਂ ਵੀ ਵਿੱਢੀਆਂ ਗਈਆਂ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਦੇਸ਼ ਭਰ ’ਚ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਲੜਨ ਲਈ ਜੰਗ ਜਾਰੀ ਹੈ, ਅਜਿਹੇ ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਲੋਕਾਂ ਨੂੰ ਵਾਇਰਸ ਨਾਲ ਨਜਿੱਠਣ ’ਚ ਸਹਾਇਤਾ ਕਰਨ ਦੇ ਉਦੇਸ਼ ਨਾਲ ਇੱਕ ਹੋਰ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਚੰਡੀਗੜ੍ਹ ਯੂਨੀਵਰਸਿਟੀ ਸਮਾਜਿਕ ਜ਼ੁੰਮੇਵਾਰੀ ਤਹਿਤ ਮਹਾਂਮਾਰੀ ਨਾਲ ਲੜਨ ’ਚ ਸਹਾਇਤਾ ਲਈ ਸੱਭ ਤੋਂ ਅੱਗੀ ਰਹੀ ਹੈ।ਉਨ੍ਹਾਂ ਕਿਹਾ ਕਿ ਸੀਯੂ ਕੋਵਿਡ ਕੇਅਰ ਹੈਲਪਲਾਈਨ ਮਹਾਂਮਾਰੀ ਨੂੰ ਹਰਾਉਣ ਲਈ ਲਾਹੇਵੰਦ ਪਹਿਲਕਦਮੀ ਸਿੱਧ ਹੋਵੇਗੀ।ਉਨ੍ਹਾਂ ਕਿਹਾ ਕਿ ਜਦੋਂ ਤੱਕ ਦੇਸ਼ ਭਰ ’ਚ ਕੋਰੋਨਾ ਮਹਾਂਮਾਰੀ ’ਤੇ ਫ਼ਤਹਿ ਹਾਸਲ ਨਹੀਂ ਕੀਤੀ ਜਾਂਦੀ ’ਵਰਸਿਟੀ ਵੱਲੋਂ ਅਜਿਹੇ ਉਪਰਾਲੇ ਜਾਰੀ ਰਹਿਣਗੇ, ਜਿਸ ਲਈ ਵਿਸ਼ੇਸ਼ ਬਜ਼ਟ ਰਾਖਵਾਂ ਰੱਖਿਆ ਗਿਆ ਹੈ।