ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਹੋਈਆਂ ਹੋਲੀਰੂਡ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੱਤਾ ਦੀ ਵਾਗਡੋਰ ਇੱਕ ਵਾਰ ਫਿਰ ਨਿਕੋਲਾ ਸਟਰਜਨ ਦੇ ਹੱਥਾਂ ਵਿੱਚ ਆ ਗਈ ਹੈ। ਨਿਕੋਲਾ ਸਟਰਜਨ ਨੂੰ ਮੰਗਲਵਾਰ ਦੇ ਦਿਨ ਐੱਮ ਐੱਸ ਪੀਜ਼ ਦੁਆਰਾ ਇੱਕ ਹੋਰ ਕਾਰਜਕਾਲ ਲਈ ਅਧਿਕਾਰਤ ਤੌਰ ‘ਤੇ ਫਸਟ ਮਨਿਸਟਰ ਵਜੋਂ ਚੁਣਿਆ ਗਿਆ ਹੈ। ਸਟਰਜਨ ਨੇ ਹੋਲੀਰੂਡ ਵਿਖੇ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਇਹ ਅਹੁਦਾ ਆਪਣੇ ਨਾਮ ਕੀਤਾ ਹੈ। ਇੱਕ ਹੋਰ ਕਾਰਜਕਾਲ ਲਈ ਸਕਾਟਲੈਂਡ ਦੀ ਰਾਜਨੀਤੀ ਵਿੱਚ ਇਸ ਅਹੁਦੇ ‘ਤੇ ਕਾਬਜ ਹੁੰਦਿਆਂ ਸਟਰਜਨ ਨੇ ਕਿਹਾ ਕਿ ਉਸਦੀ ਪਹਿਲ ਮਹਾਂਮਾਰੀ ਦੇ ਸਮੇਂ ਸਕਾਟਲੈਂਡ ਦੀ ਅਗਵਾਈ ਕਰਨ ਦੇ ਨਾਲ ਆਰਥਿਕਤਾ, ਸਿਹਤ ਸੇਵਾ ਅਤੇ ਸਮਾਜ ਦਾ ਮੁੜ ਨਿਰਮਾਣ ਕਰਨਾ ਹੈ। ਸਟਰਜਨ ਅਨੁਸਾਰ ਪਹਿਲੀ ਮੰਤਰੀ ਬਣਨਾ ਇੱਕ ਅਧਿਕਾਰ ਦੇ ਨਾਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਅਤੇ ਫਰਜ਼ ਹੈ ਅਤੇ ਉਹ ਇਸਨੂੰ ਨਿਭਾਉਣ ਲਈ ਤਿਆਰ ਹੈ। ਸਟਰਜਨ ਦੀ ਪਾਰਟੀ ਨੇ 6 ਮਈ ਨੂੰ ਹੋਈਆਂ ਚੋਣਾਂ ਵਿੱਚ 129 ਵਿੱਚੋਂ 64 ਸੀਟਾਂ ਜਿੱਤੀਆਂ ਸਨ। ਸਟਰਜਨ ਦੀ ਨਾਮਜ਼ਦਗੀ ਹੁਣ ਬੁੱਧਵਾਰ ਨੂੰ ਕੋਰਟ ਆਫ਼ ਸੈਸ਼ਨ ਵਿਖੇ ਸਹੁੰ ਚੁੱਕਣ ਤੋਂ ਪਹਿਲਾਂ, ਮਹਾਰਾਣੀ ਕੋਲ ਪ੍ਰਵਾਨਗੀ ਲਈ ਅੱਗੇ ਜਾਵੇਗੀ।