ਪਟਿਆਲਾ – ਪੰਜਾਬ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਬੀਬੀ ਮਨੀਸ਼ਾ ਗੁਲਾਟੀ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਸ਼ੁਰੂ ਤੋਂ ਹੀ ਬਹੁਤ ਹੀ ਦਲੇਰਾਨਾ, ਬਿਨਾ ਕਿਸੇ ਪੱਖਪਾਤ, ਬਿਨਾ ਕਿਸੇ ਰਾਜਨੀਤਿਕ ਦਬਾਅ ਮੁਕਤ ਕੇਵਲ ਤੇ ਕੇਵਲ ਮਹਿਲਾਵਾਂ ਦੀ ਭਲਾਈ ਅਤੇ ਸੁਰੱਖਿਆ ਲਈ ਹੀ ਕੰਮ ਕੀਤੇ ਹਨ। ਜਿਸ ਦੀ ਅਸੀਂ ਨਿੱਘੇ ਸ਼ਬਦਾਂ ਵਿੱਚ ਸ਼ਲਾਘਾ ਕਰਦੇ ਹਾਂ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਅਜਿਹੀ ਹੋਣਹਾਰ ਬੀਬੀ ਪੰਜਾਬ ਵਿੱਚ ਔਰਤਾਂ ਦੇ ਹੱਕਾਂ ਲਈ ਹੋਰ ਜ਼ਿਆਦਾ ਸਰਗਰਮ ਹੋਵੇ। ਕਿਉਂਕਿ ਹੁਣ ਜੋ ਮਾਮਲਾ ਮੀਡੀਆ ਵਿੱਚ ਆਇਆ ਹੈ, ਉਹ ਬਹੁਤ ਹੀ ਗੰਭੀਰ ਹੈ ਕਿ ‘2018 ਮੀ-ਟੂ’ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਮਹਿਲਾ ਕਮੀਸ਼ਨ ਨੂੰ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ, ਕਿਉਂਕਿ ਉਹ ਇੱਕ ਮੌਜੂਦਾ ਮੰਤਰੀ ਨਾਲ ਸੰਬੰਧਿਤ ਮਾਮਲਾ ਹੈ। ਇਸ ਵਿਸ਼ੇ ’ਤੇ ਬੀਬੀ ਮਨੀਸ਼ਾ ਗੁਲਾਟੀ ਨੇ ਆਪਣਾ ਚੰਡੀ ਦਾ ਰੂਪ ਧਾਰ ਕੇ ਅਤੇ ਆਪਣੀ ਕਾਂਗਰਸ ਪਾਰਟੀ ਦੀ ਵੀ ਪਰਵਾਹ ਨਾ ਕਰਦੇ ਹੋਏ, ਕੇਵਲ ਤੇ ਕੇਵਲ ਔਰਤ ਜਾਤੀ ਲਈ ਦੀ ਭਲਾਈ ਲਈ ਨਿਰਣਾ ਲਿਆ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇੱਕ ਹਫਤੇ ਵਿੱਚ ਜਵਾਬ ਨਾਲ ਦਿੱਤਾ, ਤਾਂ ਉਹ ਮਟਕਾ ਚੌਂਕ, ਚੰਡੀਗੜ੍ਹ ਵਿਖੇ ਔਰਤਾਂ ਦੇ ਹੱਕਾਂ ਲਈ ਧਰਨਾ ਦੇਣਗੇ। ਇਸ ਵਿਸ਼ੇ ’ਤੇ ਅੱਜ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ਭਲਾਈ ਟਰੱਸਟ (ਰਜਿ:) ਦੇ ਚੇਅਰਮੈਨ ਡਾ. ਭਾਈ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਉੱਚ ਅਹੁੱਦੇਦਾਰਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ ਅਤੇ ਨਿਰਣਾ ਲਿਆ ਗਿਆ ਕਿ ਪੰਜਾਬ ਮਹਿਲਾ ਕਮੀਸ਼ਨ ਬੀਬੀ ਮਨੀਸ਼ਾ ਗੁਲਾਟੀ ਦੇ ਔਰਤਾਂ ਦੇ ਇੰਨਸਾਫ ਲੈਣ ਲਈ ਧਰਨੇ ਜਾਂ ਹੋਰ ਕਿਸੇ ਹੱਕੀ ਅਦਾਲਤੀ ਮਾਮਲੇ ਵਿੱਚ ਵੀ ਟਰੱਸਟ ਦੀ ਪੂਰੀ ਟੀਮ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੋਵੇਗੀ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਕਰੇਗੀ।
ਪੰਜਾਬ ਦੀ ਮੁੱਖ ਸਕੱਤਰ ਬੀਬੀ ਵਿੰਨੀ ਮਹਾਜਨ ਜੋ ਖੁਦ ਇੱਕ ਉੱਚ ਅਹੁੱਦੇ ’ਤੇ ਬਤੌਰ ਮਹਿਲਾ ਕਾਰਜਸ਼ੀਲ ਹਨ, ਨੂੰ ਵੀ ਸਤਿਕਾਰ ਅਤੇ ਨਿਮਰਤਾ ਸਹਿਤ ਬੇਨਤੀ ਹੈ ਕਿ ਅਜਿਹੇ ਸੰਵੇਦਨਸ਼ੀਲ ਅਤੇ ਮਹਿਲਾ ਪੱਖੀ ਵਿਸ਼ਿਆਂ ’ਤੇ ਖੁੱਲ੍ਹ ਕੇ ਸਮਰਥਨ ਅਤੇ ਸਾਥ ਦੇਣ, ਤਾਂਕਿ ਭਵਿੱਖ ਵਿੱਚ ਪੰਜਾਬ ਦੀ ਔਰਤਾਂ ਪ੍ਰਤੀ ਗੈਰ-ਸੰਵੇਦਨਸ਼ੀਲਤਾ ਵਾਲੀ ਛਵੀ ਦਾ ਸੁਧਾਰ ਹੋ ਸਕੇ।