ਲੁਧਿਆਣਾ:- ਅੰਕੜੇ ਦਸਦੇ ਹਨ ਕਿ ਭਾਰਤ ਵਿੱਚ ਸਵਾ ਲੱਖ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਦ ਕਿ 4.5 ਲੱਖ ਦੇ ਕਰੀਬ ਲੋਕ ਜਖ਼ਮੀ ਹੋ ਜਾਂਦੇ ਹਨ। ਸੜਕਾਂ ਉਪਰ ਵਾਹਨਾਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਦਾ ਇਸ ਵਿੱਚ ਯੋਗਦਾਨ ਹੈ। ਸੜਕੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੇ ਮੰਤਵ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੱਲੋਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਸਹਿਯੋਗ ਨਾਲ 22ਵਾਂ ਰਾਸ਼ਟਰੀ ਸੜਕ ਅਤੇ ਜੀਵਨ ਸੁਰੱਖਿਆ ਚੇਤਨਾ ਹਫਤਾ ਮਨਾਇਆ ਗਿਆ। ਇਸ ਵਿੱਚ 50 ਤੋਂ ਵੱਧ ਟਰੈਕਟਰ ਡਰਾਈਵਰ ਅਤੇ ਅਪਰੇਟਰਾਂ ਨੇ ਹਿੱਸਾ ਲਿਆ। ਇਸ ਮੌਕੇ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਬੋਲਦਿਆਂ ਕਿਹਾ ਕਿ ਸੜਕੀ ਆਵਾਜਾਈ ਵਿੱਚ ਸਾਵਧਾਨੀ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਸਾਰੀ ਸੜਕ ਨੂੰ ਘੇਰੇ ਹੋਏ ਗੰਨੇ, ਫੱਕ, ਤੂੜੀ ਆਦਿ ਦੇ ਟਰੱਕ ਅਤੇ ਟਰਾਲੀਆਂ ਆਮ ਦੇਖੀਆਂ ਜਾਂਦੀਆਂ ਹਨ। ਇਨ੍ਹਾਂ ਕਾਰਨ ਪਿੱਛੇ ਆ ਰਹੇ ਵਾਹਨਾਂ ਨੂੰ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ ਅਤੇ ਇਹ ਹਾਦਸਿਆਂ ਦਾ ਕਾਰਨ ਬਣਦੇ ਹਨ। ਉਨ੍ਹਾਂ ਪੁਲਿਸ ਕਮਿਸ਼ਨਰੇਟ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ੍ਹਾਂ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਰਲ ਕੇ ਟਰੈਕਟਰ-ਟਰਾਲੀ ਚਾਲਕਾਂ ਨੂੰ ਸੁਰੱਖਿਅਤ ਟ੍ਰੈਫਿਕ ਲਈ ਉਪਰਾਲਿਆਂ ਬਾਰੇ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ। ਡਾ: ਧੀਮਾਨ ਨੇ ਕਿਹਾ ਕਿ ਪੀ ਏ ਯੂ ਨੇ ਪਹਿਲਾਂ ਵੀ ਪੁਲਿਸ ਵਿਭਾਗ ਨਾਲ ਰਲ ਕੇ ਪ੍ਰੋਗਰਾਮ ਕੀਤੇ ਹਨ। ਉਨ੍ਹਾਂ ਹਾਜ਼ਰ ਚਾਲਕਾਂ ਅਤੇ ਅਪਰੇਟਰਾਂ ਨੂੰ ਸਲਾਹ ਦਿੱਤੀ ਕਿ ਉਹ ਮਾਹਿਰਾਂ ਵੱਲੋਂ ਦਰਸਾਈਆਂ ਗੱਲਾਂ ਨੂੰ ਧਿਆਨ ਨਾਲ ਅਮਲ ਵਿੱਚ ਲਿਆ ਕੇ ਸੜਕ ਹਾਦਸਿਆਂ ਨੂੰ ਘਟਾਉਣ ਵਿੱਚ ਆਪਣਾ ਸੁਚੱਜਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਮਨੁੱਖੀ ਜ਼ਿੰਦਗੀ ਨਾਲੋਂ ਕੀਮਤੀ ਕੁਝ ਵੀ ਨਹੀਂ ਹੈ।
ਯੂਨੀਵਰਸਿਟੀ ਦੇ ਖੋਜ ਸੰਯੋਜਕ (ਇੰਜੀਨੀਅਰਿੰਗ) ਡਾ: ਚਰਨਜੀਤ ਸਿੰਘ ਪਨੂੰ ਨੇ ਕਿਹਾ ਕਿ ਖੇਤੀ ਮਸ਼ੀਨਰੀ ਅਤੇ ਟਰੈਕਟਰ ਆਦਿ ਖਰੀਦਣ ਵੇਲੇ ਬੀ ਆਈ ਐਸ ਕੋਡ ਜ਼ਰੂਰ ਵਿਚਾਰੋ ਅਤੇ ਸੁਰੱਖਿਆ ਦੇ ਨਿਯਮਾਂ ਦੀ ਇਨਬਿਨ ਪਾਲਣਾ ਕਰੋ। ਖੇਤੀ ਮਸ਼ੀਨਰੀ ਮਾਹਿਰ ਇੰਜ: ਐਨ ਕੇ ਛੁਨੇਜਾ ਅਤੇ ਡਾ: ਐਸ ਐਸ ਠਾਕਰ ਨੇ ਸਰੋਤਿਆਂ ਨੂੰ ਸਲਾਹ ਦਿੱਤੀ ਕਿ ਉਹ ਜਿੰਮੇਂਵਾਰ ਚਾਲਕਾਂ ਦੀ ਤਰ੍ਹਾਂ ਵਿਚਰਨ। ਉਨ੍ਹਾਂ ਧੀਮੀ ਰਫਤਾਰ ਵਾਲੇ ਵਾਹਨਾਂ ਦੀ ਸਿਫਾਰਸ਼ ਕੀਤੇ ਗਏ ਤਿਕੌਣੇ ਚਿੰਨ੍ਹਾਂ ਬਾਰੇ ਦੱਸਿਆ ਅਤੇ ਸਲਾਹ ਦਿੱਤੀ ਕਿ ਉਹ ਇਸ ਨੂੰ ਆਪਣੇ ਟਰੈਕਟਰ ਅਤੇ ਟਰਾਲੀ ਪਿੱਛੇ ਜ਼ਰੂਰ ਲਗਾਉਣ ਕਿਉਂਕਿ ਇਹ ਚਿੰਨ੍ਹ ਹਾਦਸੇ ਟਾਲਣ ਲਈ ਪਿਛੇ ਆ ਰਹੇ ਚਾਲਕਾਂ ਨੂੰ ਚੁਕੰਨੇ ਕਰਦੇ ਹਨ। ਇਹ ਚਿੰਨ੍ਹ ਸਰੋਤਿਆਂ ਨੂੰ ਮੁਫਤ ਵੰਡੇ ਗਏ।
ਵਧੀਕ ਪੁਲਿਸ ਕਮਿਸ਼ਨਰ (ਟ੍ਰੈਫਿਕ) ਸ: ਵਜ਼ੀਰ ਸਿੰਘ ਦਾ ਸੰਦੇਸ਼ ਸੀ ਕਿ ਸੜਕੀ ਹਾਦਸਿਆਂ ਨੂੰ ਘੱਟ ਕਰਨ, ਟ੍ਰੈਫਿਕ ਦਾ ਵਹਾਅ ਨਿਰਵਿਘਨ ਰੱਖਣ ਲਈ, ਟ੍ਰੈਫਿਕ ਸੂਝਬੂਝ ਵਾਸਤੇ ਅਜਿਹੀਆਂ ਗੋਸ਼ਟੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਇੰਸਪੈਕਟਰ (ਟ੍ਰੈਫਿਕ ਪੁਲਿਸ) ਸ: ਬੁ¦ਦ ਸਿੰਘ ਨੇ ਦੱਸਿਆ ਕਿ ਧੁੰਦ ਸਮੇਂ ਜਾਂ ਰਾਤ ਦੇ ਸਮੇਂ ਚਾਲਕਾਂ ਨੂੰ ਕਾਫੀ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਚਮਕਦਾਰ ਟ੍ਰੈਫਿਕ ਚਿੰਨ੍ਹਾਂ ਨੂੰ ਗੱਡੀਆਂ ਪਿੱਛੇ ਲਾਉਣ ਨਾਲ ਇਹ ਮੁਸ਼ਕਲ ਘੱਟਦੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਰਾਤ ਸਮੇਂ ਵਾਹਨਾਂ ਦੀ ਲਾਈਟ ਜਗਦੀ ਹਾਲਤ ਵਿੱਚ ਅਤੇ ਸਪੀਡ ਕਾਬੂ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਅਤੇ ਕਾਮਿਆਂ ਨੂੰ ਟ੍ਰੈਫਿਕ ਸਿਗਨਲਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਸੜਕ ਤੇ ਚੜਨ ਲੱ੍ਯਗਿਆਂ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਉਨ੍ਹਾਂ ਕੋਲ ਲਾਇਸੈਂਸ, ਬੀਮੇ ਦੇ ਕਾਗਜ਼ ਅਤੇ ਵਾਹਨ ਦੇ ਕਾਗਜ਼ ਸਹੀ ਹਨ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿੱਤੀ ਕਿ ਬੱਚਿਆਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਪ੍ਰੇਰਿਆ ਜਾਵੇ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਵੱਲੋਂ ਵੱਡੇ ਵਾਹਨ ਚਲਾਉਣਾ ਅਪਰਾਧ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਖਾਤਰ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਸੜਕੀ ਕੈਮਰੇ ਅਤੇ ਸੈਂਸਰ ਲਾਏ ਜਾ ਰਹੇ ਹਨ। ਸ: ਬੁ¦ਦ ਸਿੰਘ ਨੇ ਪੀ ਏ ਯੂ ਦਾ ਇਹ ਗੋਸ਼ਟੀ ਆਯੋਜਿਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਇਸ ਤੋਂ ਚੰਗੇ ਨਤੀਜੇ ਨਿਕਲਣਗੇ। ਇਸ ਮੌਕੇ ਟ੍ਰੈਫਿਕ ਨਿਯਮਾਂ ਬਾਰੇ ਛਾਪੇ ਗਏ ਟ੍ਰੈਕਟ ਅਤੇ ਸਾਹਿਤ ਵੀ ਸਰੋਤਿਆਂ ਵਿੱਚ ਵੰਡਿਆ ਗਿਆ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਏ ਡੀ ਸੀ ਪੀ ਸ: ਸੱਜਣ ਸਿੰਘ ਚੀਮਾ, ਬਾਬੂ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਕਰਮਚਾਰੀ ਮੌਜੂਦ ਸਨ।