ਲੁਧਿਆਣਾ, (ਆਰ.ਐਸ.ਖਾਲਸਾ) – ਬੇਸ਼ਕ ਅਸੀਂ ਆਪਣੇ ਵਤਨ ਪੰਜਾਬ ਦੀ ਧਰਤੀ ਤੋਂ ਬਹੁਤ ਦੂਰ ਵਿਦੇਸ਼ਾਂ ਵਿੱਚ ਵੱਸ ਰਹੇ ਹਾਂ, ਪਰ ਉਥੇ ਰਹਿਣ ਦੇ ਬਾਵਜੂਦ ਸਾਡਾ ਮੋਹ ਹਮੇਸ਼ਾ ਆਪਣੇ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਮਾਂ ਬੋਲੀ ਪੰਜਾਬੀ ਦੇ ਨਾਲ ਜੁੜਿਆ ਹੋਇਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੀ ਸ਼ਾਮ ਲੁਧਿਆਣਾ ਵਿਖੇ ਪੰਜਾਬ ਨਾਟ ਅਕਾਦਮੀ ਤੇ ਯੂਥ ਸੱਭਿਆਚਾਰਕ ਲੋਕ ਹਤੈਸ਼ੀ ਮੰਚ (ਰਜਿ.) ਪੰਜਾਬ ਦੇ ਵੱਲੋਂ ਪੰਜਾਬੀ ਥੀਏਟਰ ਦੀ ਸ਼ਤਾਬਦੀ ਵਰ੍ਹੇਗੰਢ ਦੇ ਸੰਬੰਧ ਵਿੱਚ ਆਯੋਜਿਤ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੇ ਅੰਦਰ ਇੱਕਤਰ ਹੋਈਆਂ ਮਹਿਮਾਨ ਸਖਸ਼ੀਅਤਾਂ ਦੇ ਨਾਲ ਰੁ-ਬ-ਰੂ ਹੁੰਦੇ ਹੋਏ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ ਵੱਜੋਂ ਜਾਣੇ ਜਾਂਦੇ ਇਕਬਾਲ ਮਾਹਲ ਨੇ ਕੀਤਾ । ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਤਿੰਨ ਦਹਾਕੇ ਤੋਂ ਵਿਦੇਸ਼ ’ਚ ਰਹਿਣ ਦੇ ਬਾਵਜੂਦ ਸਾਡੀ ਰੂਹ ਪੰਜਾਬ ਵਿੱਚ ਵੱਸਦੀ ਹੈ । ਇਸ ਲਈ ਅਸੀਂ ਕੈਨੇਡਾ ਵਿੱਚ ਰਹਿੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਨ ਦੇ ਯਤਨ ਕਰ ਰਹੇ ਹਾਂ ਤਾਂ ਕਿ ਸਾਡੀ ਨੌਜਵਾਨ ਪੀੜੀ ਤੇ ਬੱਚੇ ਆਪਣੇ ਸੱਭਿਆਚਾਰ ਵਿਰਸੇ ਤੇ ਬੋਲੀ ਨਾਲ ਜੋੜੇ ਰਹਿਣ । ਉਨ੍ਹਾਂ ਨੇ ਦਾਅਵਾ ਕਰਦਿਆਂ ਹੋਇਆਂ ਕਿਹਾ ਕਿ ਨਾਰਥ ਅਮਰੀਕਾ ਦੇ ਨਾਲੋਂ ਕੈਨੇਡਾ ਵਿਖੇ ਪੰਜਾਬੀ ਭਾਸ਼ਾ ਦਾ ਭਵਿੱਖ ਬਹੁਤ ਉਜਵੱਲ ਹੈ । ਇਸ ਦੌਰਾਨ ਆਪਣੇ ਜੀਵਨ ਦੇ ਨਿੱਜੀ ਤਜ਼ਰਬਿਆਂ ਦੀ ਸਾਂਝ ਕਰਦਿਆਂ ਇਕਬਾਲ ਮਾਹਲ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਮੂਲ ਉਦੇਸ਼ ਦੇ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਉਹ ਇੱਕ ਸਫਲ ਇਨਸਾਨ ਬਣ ਸਕਦਾ ਹੈ । ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਨਾਂ ਹੇਠ ਚਲ ਰਹੇ ਪੰਜਾਬੀ ਟੀ.ਵੀ. ਚੈਨਲਾਂ, ਰੇਡੀਓ ਸਟੇਸ਼ਨਾਂ ਦੇ ਬ੍ਰੋਡਕਾਸਟਰਾਂ ਵੱਲੋਂ ਸ਼ੁੱਧ ਪੰਜਾਬੀ ਦਾ ਉਚਾਰਨ ਘੱਟ ਕਰਨ ਤੇ ਕਮਰਸ਼ੀਅਲ ਰੂਪ ਵਿੱਚ ਜ਼ਿਆਦਾ ਵਿਚਰਨ ਸੰਬੰਧੀ ਮੁੱਦੇ ਤੇ ਗੱਲ ਕਰਦਿਆਂ ਹੋਇਆਂ ਉਨ੍ਹਾਂ ਨੇ ਸਪਸ਼ੱਟ ਰੂਪ ਵਿੱਚ ਕਿਹਾ ਕਿ ਜਿੰਨੀ ਦੇਰ ਤੱਕ ਉਕਤ ਬ੍ਰੋਡਕਾਸਟਰ ਸਮਾਜਕ ਸਰੋਕਾਰਾਂ ਤੇ ਮਾਂ ਬੋਲੀ ਦੇ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਨਹੀਂ ਹੁੰਦੇ ਉਨੀ ਦੇਰ ਤੱਕ ਉਹ ਸਫਲ ਬ੍ਰੋਡਕਾਸਟਰ ਨਹੀਂ ਬਣ ਸਕਦੇ । ਇਸ ਮੌਕੇ ਸ੍ਰੀ ਮਾਹਲ ਨੇ ਕਿਹਾ ਕਿ ਉਹੀ ਕਲਾ ਸੁੱਚੀ ਕਲਾ ਹੁੰਦੀ ਹੈ ਜੋ ਲੋਕਾਂ ਦੀ ਗੱਲ ਕਰੇ ਅਤੇ ਲੋਕ ਮਸਲਿਆਂ ਦੇ ਹੱਲ ਦੱਸੇ । ਇਸ ਤੋਂ ਪਹਿਲਾਂ ਪੰਜਾਬੀ ਨਾਟਕ ਅਕਾਦਮੀ ਵੱਲੋਂ ਉਘੇ ਮੀਡੀਆ ਕਰਮੀ ਤੇ ਪੰਜਾਬੀਅਤ ਦੇ ਪਹਿਰੇਦਾਰ ਸ੍ਰੀ ਇਕਬਾਲ ਮਾਹਲ ਨੂੰ ਮਹਿਮਾਨਾਂ ਦੇ ਨਾਲ ਰੁ-ਬ-ਰੂ ਕਰਵਾਉਣ ਦੇ ਲਈ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ. ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਗੀਤ ਸੰਗੀਤ ਤੇ ਪੰਜਾਬੀ ਕਲਾਕਾਰਾਂ ਨੂੰ ਮਾਣ ਸਨਮਾਨ ਦੇ ਕੇ ਪੰਜਾਬੀ ਸੱਭਿਆਚਾਰ, ਵਿਰਸੇ ਤੇ ਪੰਜਾਬੀ ਮਾਂ ਬੋਲੀ ਰੱਖਵਾਲੀ ਕਰਨ ਵਾਲੇ ਸ੍ਰੀ ਇਕਬਾਲ ਮਾਹਲ ਦੀ ਪਹਿਚਾਣ ਕੇਵਲ ਕੈਨੇਡਾ ਤੱਕ ਹੀ ਸੀਮਿਤ ਨਹੀਂ ਬਲਕਿ ਸਮੁੱਚੇ ਸੰਸਾਰ ਵਿੱਚ ਹੀ ਬਣੀ ਹੋਈ ਹੈ । ਖਾਸ ਕਰਕੇ ਉਨ੍ਹਾਂ ਦੇ ਵੱਲੋਂ ਲਿਖੀ ਗਈ ਕਿਤਾਬ ੂਸੁਰਾਂ ਦੇ ਸੌਦਾਗਰੂ ਨੂੰ ਹਰ ਪੰਜਾਬੀ ਨੇ ਆਪਣਾ ਪਿਆਰ ਬਖਸ਼ੀਆ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਸਾਰਿਆਂ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸ੍ਰੀ ਮਾਹਲ ਜਿੱਥੇ ਆਪਣੇ ਟੀ.ਵੀ. ਚੈਨਲ ਦੇ ਰਾਹੀਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰ ਰਹੇ ਹਨ ਉਥੇ ਕੈਨੇਡਾ ਦੀ ਧਰਤੀ ਉਪਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਕਰਨ ਲਈ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ । ਇਸ ਮੌਕੇ ਤੇ ਪੰਜਾਬੀ ਨਾਟ ਅਕਾਦਮੀ ਦੇ ਚੇਅਰਮੈਨ ਸ. ਸੰਤੋਖ ਸਿੰਘ ਸੁਖਾਣਾ ਨੇ ਮਹਿਮਾਨ ਸਖਸ਼ੀਅਤਾ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਅਕਾਦਮੀ ਵੱਲੋਂ ਸੰਸਾਰ ਭਰ ਵਿੱਚ ਵੱਸਦੇ ਹੋਏ ਪੰਜਾਬੀਆਂ ਨੂੰ ਇੱਕ ਸਾਂਝੇ ਪਲੇਟ ਫਾਰਮ ਤੇ ਇੱਕਠਾ ਕਰਨ ਅਤੇ ਉਨ੍ਹਾਂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੋੜਨ ਦੇ ਉਪਰਾਲੇ ਵੱਜੋਂ 24 ਤੋਂ 28 ਫਰਵਰੀ ਨੂੰ ਲੁਧਿਆਣਾ ਵਿਖੇ ਇੱਕ ਵਿਸ਼ਵ ਪੰਜਾਬੀ ਰੰਗ ਮੰਚ ਕਾਨਫਰੰਸ ਕਰਵਾਈ ਜਾ ਰਹੀ ਹੈ । ਜਿਸ ਵਿੱਚ ਸੰਸਾਰ ਭਰ ਤੋਂ ਮਾਂ ਬੋਲੀ ਪੰਜਾਬੀ ਤੇ ਰੰਗਮੰਚ ਨੂੰ ਪਿਆਰ ਕਰਨ ਵਾਲੀਆਂ ਸਖਸ਼ੀਅਤਾਂ ਹੁੰਮਹੂਮਾ ਕੇ ਪੁੱਜ ਰਹੀਆਂ ਹਨ । ਇਸ ਦੌਰਾਨ ਉਨ੍ਹਾਂ ਨੇ ਕੈਨੇਡਾ ਤੋਂ ਪੁੱਜੇ ਸ੍ਰੀ ਇਕਬਾਲ ਮਾਹਲ ਤੇ ਪੰਜਾਬੀ ਆਰਟ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਲੇਲਣ ਦਾ ਜ਼ੋਰਦਾ ਸ਼ਬਦਾਂ ਵਿੱਚ ਧੰਨਵਾਦ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਵਤਨ ਤੋਂ ਦੂਰ ਹੋਣ ਦੇ ਬਾਵਜੂਦ ਵੀ ਉਕਤ ਸਖਸ਼ੀਅਤਾਂ ਜਿਸ ਢੰਗ ਦੇ ਨਾਲ ਪੰਜਾਬੀ ਰੰਗ ਮੰਚ ਨੂੰ ਪ੍ਰਫੁੱਲਤ ਕਰ ਰਹੀਆਂ ਹਨ, ਉਹ ਆਪਣੇ ਆਪ ਵਿੱਚ ਇੱਕ ਇਨਕਲਾਬੀ ਕਾਰਜ ਹੈ । ਸਮਾਗਮ ਦੌਰਾਨ ਪੰਜਾਬੀ ਨਾਟ ਅਕਾਦਮੀ ਦੇ ਚੇਅਰਮੈਨ ਸ. ਸੰਤੋਖ ਸਿੰਘ ਸੁਖਾਣਾ, ਉਘੇ ਰੰਗਕਰਮੀ ਨਿਰਮਲ ਜੋੜਾ, ਡਾ. ਐਸ.ਪੀ. ਸਿੰਘ, ਪ੍ਰਿੰ: ਇਕਬਾਲ ਸਿੰਘ, ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ, ਬਾਬਾ ਫਰੀਦ ਫਾਊਂਡੇਸ਼ਨ ਦੇ ਚੇਅਰਮੈਨ ਸ. ਪ੍ਰੀਤਮ ਸਿੰਘ ਭਰੋਵਾਲ, ਗੁਰਭਜਨ ਸਿੰਘ ਗਿੱਲ, ਅਡੀਸ਼ਨਲ ਕਮਿਸ਼ਨਰ ਕੁਲਦੀਪ ਸਿੰਘ ਕੰਵਲਜੀਤ ਸਿੰਘ ਢਿੱਲੋਂ ਦੇ ਵੱਲੋਂ ਸਾਂਝੇ ਰੂਪ ਵਿੱਚ ਸ਼੍ਰੀ ਇਕਬਾਲ ਮਾਹਲ, ਬਲਜਿੰਦਰ ਲੇਲਣ, ਸ਼੍ਰੀਮਤੀ ਮਨਜੀਤ ਮਾਹਲ ਅਤੇ ਨਤਾਸ਼ਾ ਮਾਹਲ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ । ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਉਘੇ ਪੰਜਾਬੀ ਗੀਤਕਾਰ ਦੇਵ ਥਰੀਕੇਵਾਲਾ, ਡਾ. ਚੰਦਰ ਭਨੋਟ, ਡੀ.ਐਸ.ਪੀ. ਪ੍ਰਿਥਵੀਪਾਲ ਸਿੰਘ, ਮੈਡਮ ਨਿਰਮਲ ਰਿਸ਼ੀ, ਕਮਲਜੀਤ ਨੀਲੋ, ਰਵਿੰਦਰ ਰੰਗੂਵਾਲ, ਜਸਮੇਲ ਸਿੰਘ ਢੱਟ, ਉਘੇ ਗਾਇਕ ਮੁਹੰਮਦ ਸਦੀਕ, ਕੇ. ਦੀਪ, ਡਾ. ਰਣਜੀਤ ਸਿੰਘ, ਡਾ. ਗੁਰਇਕਬਾਲ ਸਿੰਘ ਸਮੇਤ ਲੁਧਿਆਣੇ ਦੀਆਂ ਕਈ ਪ੍ਰਸਿੱਧ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਪੰਜਾਬੀ ਨਾਟ ਅਕਾਦਮੀ ਵੱਲੋਂ ਪੰਜਾਬੀਅਤ ਦੇ ਮੁਦੱਈ ਇਕਬਾਲ ਮਾਹਲ ਨੂੰ ਕੀਤਾ ਗਿਆ ਸਨਮਾਨਿਤ
This entry was posted in ਸਰਗਰਮੀਆਂ.