ਲੁਧਿਆਣਾ, (ਆਰ.ਐਸ.ਖਾਲਸਾ) – ਗੁਰਦਾਸ ਮਾਨ ਬੁਨਿਆਦੀ ਤੌਰ ਤੇ ਇੱਕ ਅਧਿਆਤਮਕ ਰੁਚੀ ਵਾਲਾ ਗਾਇਕ ਹੈ । ਜਿਸਦੇ ਅੰਦਰੋਂ ਬੁੱਲੇਸ਼ਾਹ ਦੀ ਮਸਤੀ, ਸ਼ਾਇਰੀ ਵਿੱਚੋਂ ਸ਼ਾਹ ਹੂਸੈਨ ਵਾਲਾ ਬਿਰਹਾ ਅਤੇ ਬਾਬੇ ਫਰੀਦ ਵਾਲੀ ਮਿਠਾਸ ਸਮੁੱਚੇ ਪੰਜਾਬੀ ਸਰੋਤਿਆਂ ਨੂੰ ਝਲਕਦੀ ਹੋਈ ਨਜ਼ਰ ਆਉਂਦੀ ਹੈ । ਇਸ ਲਈ ਸਾਡੀ ਸਾਰਿਆਂ ਦੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸੁਰਾਂ ਦੇ ਸੌਦਾਗਰ ਵੱਜੋਂ ਜਾਣੇ ਜਾਂਦੇ ਗੁਰਦਾਸ ਮਾਨ ਇਸੇ ਤਰ੍ਹਾਂ ਆਪਣੇ ਮਿੱਠੀ ਆਵਾਜ਼ ਦੇ ਰਾਹੀਂ ਪੰਜਾਬੀ ਗਾਇਕੀ ਦੀ ਸੇਵਾ ਕਰਦੇ ਰਹਿਣ । ਇਨ੍ਹਾਂ ਵਿਚਾਰਾਂ ਦੀ ਸਾਂਝ ਬੀਤੀ ਰਾਤ ਨਾਗਪਾਲ ਰੀਜੈਂਸੀ ਹੋਟਲ ਲੁਧਿਆਣਾ ਵਿਖੇ ਪੰਜਾਬੀ ਗਾਇਕੀ ਦੇ ਸ਼ਾਹਸਵਾਰ ਗੁਰਦਾਸ ਮਾਨ ਦੇ ਜਨਮ ਦਿਨ ਮੌਕੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੇ ਮੁਦੱਈ ਪੰਜਾਬੀ ਮੈਗਜ਼ੀਨ ਅਦਬੀ ਸਾਂਝ ਵੱਲੋਂ ਉਚੇਚੇ ਤੌਰ ਤੇ ਗੁਰਦਾਸ ਮਾਨ ਉਪਰ ਕੱਢੇ ਗਏ ਵਿਸ਼ੇਸ਼ ਅੰਕ ਨੂੰ ਰਿਲੀਜ਼ ਕਰਦਿਆਂ ਹੋਇਆਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਸ. ਗੁਰਭਜਨ ਸਿੰਘ ਗਿੱਲ ਨੇ ਕੀਤਾ । ਇਸ ਮੌਕੇ ਤੇ ਉਨ੍ਹਾਂ ਨੇ ਅਦਬੀ ਸਾਂਝ ਦੀ ਸਮੁੱਚੀ ਟੀਮ ਦੇ ਮੈਂਬਰਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆ ਹੋਇਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਨੂੰ ਪੇਂਡੂ ਖੇਡ ਅਖਾੜਿਆਂ ਤੋਂ ਅੰਤਰ-ਰਾਸ਼ਟਰੀ ਮੰਚ ਤੱਕ ਪਹੁੰਚਾਉਣ ਵਾਲੇ ਗੁਰਦਾਸ ਮਾਨ ਦੇ ਜਨਮ ਦਿਨ ਮੌਕੇ ਜੋ ਉਨ੍ਹਾਂ ਨੇ ਆਪਣੇ ਮੈਗਜ਼ੀਨ ਅੰਦਰ ਜੋ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਹੈ । ਜਿੱਥੇ ਉਹ ਆਪਣੇ ਆਪ ਵਿੱਚ ਇੱਕ ਵਿਲੱਖਣ ਕਾਰਜ ਹੈ, ਉਥੇ ਨਾਲ ਹੀ ਸਮੁੱਚੇ ਪੰਜਾਬੀ ਸਰੋਤਿਆਂ ਦੀ ਇੱਕ ਨਿੱਘੀ ਅਸੀਸ ਵੀ ਹੈ । ਸ. ਗਿੱਲ ਨੇ ਕਿਹਾ ਅਸੀਂ ਪ੍ਰਾਮਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪੰਜਾਬੀ ਗਾਇਕੀ ਦੇ ਧਰੂ ਤਾਰੇ ਵੱਜੋਂ ਚਮਕ ਰਹੇ ਗੁਰਦਾਸ ਮਾਨ ਆਉਣ ਵਾਲੇ ਸਮੇਂ ਪੰਜਾਬੀ ਗਾਇਕੀ ਨੂੰ ਹੋਰ ਬੁਲੰਦ ਉਚਾਈਆਂ ਤੇ ਲਿਜਾਉਣ ਵਿੱਚ ਸਫਲ ਹੋਵੇ । ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਅਦਬੀ ਸਾਂਝ ਦੇ ਆਨਰੇਰੀ ਸੰਪਾਦਕ ਅਵਤਾਰ ਬੱਬੀ ਰਾਏਸਰ, ਸਹਿ ਸੰਪਾਦਕ ਜਸਵੰਤ ਦਰਦਪ੍ਰੀਤ, ਉਘੇ ਰੰਗਕਰਮੀ ਨਿਰਮਲ ਜੋੜਾ, ਡਾ. ਐਸ.ਪੀ. ਸਿੰਘ, ਸ. ਜਗਦੇਵ ਸਿੰਘ ਜੱਸੋਵਾਲ, ਪੰਜਾਬੀ ਨਾਟ ਅਕਾਦਮੀ ਦੇ ਚੇਅਰਮੈਨ ਸ. ਸੰਤੋਖ ਸਿੰਘ ਸੁਖਾਣਾ, ਇਕਬਾਲ ਮਾਹਲ, ਸ.ਪ੍ਰੀਤਮ ਸਿੰਘ ਭਰੋਵਾਲ, ਪ੍ਰਿੰ: ਇਕਬਾਲ ਸਿੰਘ, ਪ੍ਰੋ: ਸੋਮਪਾਲ ਹੀਰਾ, ਰਜਿੰਦਰ ਸਿੰਘ ਰਾਜਾ, ਕਮਲਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਬੰਟੀ ਸਮੇਤ ਕਈ ਉਘੀਆਂ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਪੰਜਾਬੀ ਮੈਗਜ਼ੀਨ ਅਦਬੀ ਸਾਂਝ ਵੱਲੋਂ ਗੁਰਦਾਸ ਮਾਨ ਦੇ ਜਨਮ ਦਿਨ ਮੌਕੇ ਵਿਸ਼ੇਸ਼ ਅੰਕ ਰਿਲੀਜ਼
This entry was posted in ਸਰਗਰਮੀਆਂ.